ਭਾਰਤ ਤੋਂ ਬਜ਼ੁਰਗ ਔਰਤਾਂ ਦੇ ਆਈ.ਵੀ.ਐਫ ਰਾਹੀਂ ਮਾਂ ਬਣਨ ਦੀਆਂ ਅਕਸਰ ਆਉਣ ਵਾਲਿਆਂ ਖ਼ਬਰਾਂ 'ਤੇ ਸਖਤ ਪ੍ਰਤੀਕਰਮ ਦੇਂਦੇ ਹੋਏ ਆਸਟ੍ਰੇਲੀਆ ਦੀ ਫਰਟਿਲਿਟੀ ਸੋਸਾਇਟੀ ਨੇ ਭਾਰਤ ਵਿਚ ਬਾਂਝਪਨ ਦੇ ਇਲਾਜ ਦੇ ਗ਼ੈਰ ਮਿਆਰੀ ਅਤੇ ਅਨੈਤਿਕ ਹੋਣ ਬਾਰੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।
ਦੋ ਮਹੀਨੇ ਪਹਿਲੇ, ਸਿਤੰਬਰ ਵਿੱਚ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ਵਿੱਚ ਇੱਕ 74-ਸਾਲਾ ਔਰਤ ਆਈ ਵੀ ਐਫ ਦੇ ਜ਼ਰੀਏ ਜੁੜਵਾਂ ਲੜਕੀਆਂ ਦੀ ਮਾਂ ਬਣੀ, ਜਿਸ ਨਾਲ ਉਹ ਮਾਂ ਬਣਨ ਵਾਲੀ ਵਿਸ਼ਵ ਦੀ ਸਭ ਤੋਂ ਵਧੇਰੀ ਉਮਰ ਦੀ ਔਰਤ ਬਣ ਗਈ। ਪੰਜਾਬ ਦੀ ਇੱਕ 72-ਸਾਲਾ ਔਰਤ ਦਲਜਿੰਦਰ ਕੌਰ ਨੇ 2016 ਵਿੱਚ ਆਈ ਵੀ ਐਫ ਦੇ ਜ਼ਰੀਏ ਆਪਣੇ ਪਹਿਲੇ ਬੱਚੇ ਨੂੰ ਜਨਮ ਦਿੱਤਾ ਸੀ।
ਭਾਰਤ ਦੀ ਫਰਟਿਲਿਟੀ ਸੋਸਾਇਟੀ ਦੇ ਮੁਖੀ ਨੇ ਵੀ ਇਸ ਤੱਥ ਉੱਤੇ ਫਿਕਰ ਜ਼ਾਹਿਰ ਕਰਦੇ ਹੋਏ ਕਿਹਾ ਕਿ ਆਈ.ਵੀ.ਐਫ ਕਲੀਨਿਕ ਇਸ ਬਾਰੇ ਕਾਨੂੰਨ ਨਾ ਹੋਣ ਕਰਕੇ ਸਿਰਫ 'ਦਿਸ਼ਾ ਨਿਰਦੇਸ਼ਾਂ' ਦੇ ਮੁਤਾਬਿਕ ਆਪਣੀ ਮਰਜ਼ੀ ਨਾਲ ਬਾਂਝਪਨ ਦਾ ਇਲਾਜ ਕਰ ਰਹੇ ਨੇ।
ਫਰਟਿਲਿਟੀ ਸੋਸਾਇਟੀ ਆਫ ਆਸਟ੍ਰੇਲੀਆ (ਐਫ.ਐਸ.ਏ) ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚ ਪ੍ਰਜਨਨ ਦੇ ਇਲਾਜ ਦੇ ਖੇਤਰ ਵਿਚ ਪੇਸ਼ੇਵਰਾਂ ਦੀ ਨੁਮਾਇੰਦਗੀ ਕਰਨ ਵਾਲਾ ਚੋਟੀ ਦਾ ਅਦਾਰਾ ਹੈ।
ਅਕਤੂਬਰ ਤੱਕ ਇਸ ਅਦਾਰੇ ਦੇ ਪ੍ਰਧਾਨ ਰਹੇ ਡਾ. ਮਾਇਕਲ ਚੈਪਮੈਨ ਨੇ ਐਸ ਬੀ ਐਸ ਪੰਜਾਬੀ ਨਾਲ ਗੱਲ ਬਾਤ ਕਰਦੇ ਹੋਏ ਦੱਸਿਆ ਕਿ ਐਫ.ਐਸ.ਏ ਨੇ ਭਾਰਤ ਦੀ ਆਈ.ਵੀ.ਐਫ. ਪ੍ਰਣਾਲੀ ਦੀ ਇੰਨੇ ਸਖਤ ਲਫ਼ਜ਼ਾਂ ਵਿਚ ਨਿਖੇਦੀ ਕਿਓਂ ਕੀਤੀ।
ਸਿਤਮਬਰ ਦੇ ਮਹੀਨੇ ਵਿਚ ਐਫ ਐਸ ਏ ਨੇ ਇਕ ਮੀਡਿਆ ਬਿਆਨ ਵਿਚ ਭਾਰਤ ਵਿਚ ਪ੍ਰਚਲਿਤ ਇਸ ਅਮਲ ਨੂੰ "ਲਾਪਰਵਾਹ ਮੈਡੀਕਲ ਅਤੇ ਸਮਾਜਿਕ ਅਭਿਆਸ" ਕਿਹਾ, ਕਿਉਂਕਿ ਮਾਹਵਾਰੀ ਖਤਮ ਹੋਣ ਤੋਂ ਬਾਅਦ ਦੀ ਉਮਰ ਦੀਆਂ ਔਰਤਾਂ ਦਾ ਬੱਚੇ ਪੈਦਾ ਕਰਨ ਲਈ ਇਲਾਜ ਕੀਤਾ ਜਾ ਰਿਹਾ ਹੈ।
ਐਸ ਬੀਐਸ ਪੰਜਾਬੀ ਨਾਲ ਗੱਲ ਕਰਦਿਆਂ ਡਾ ਚੈਪਮੈਨ ਨੇ ਕਿਹਾ ਕਿ “ਆਸਟ੍ਰੇਲੀਆ ਦੇ ਡਾਕਟਰਾਂ ਵਿੱਚ ਆਮ ਰਾਏ ਇਹ ਹੈ ਕਿ ਇੱਕ 74-ਸਾਲਾ ਔਰਤ ਦਾ ਬੱਚੇ ਪੈਦਾ ਕਰਨ ਲਈ ਇਲਾਜ, ਅਨੈਤਿਕ ਹੈ। ਬੱਚਿਆਂ ਦੇ ਮਾਮਲੇ ਵਿਚ ਇਕ ਔਰਤ ਕੀ ਚਾਹੁੰਦੀ ਹੈ ਅਤੇ ਨੇੜਲੇ ਭਵਿੱਖ ਵਿਚ ਬਜ਼ੁਰਗ ਮਾਂ ਦੀ ਮੌਤ ਉਪਰੰਤ, ਉਨ੍ਹਾਂ ਬੱਚਿਆਂ ਵੱਲੋਂ ਝੱਲੇ ਜਾਣ ਵਾਲੇ ਜੋਖਮਾਂ ਵਿਚ ਸੰਤੁਲਨ ਹੋਣਾ ਚਾਹੀਦਾ ਹੈ।
ਆਂਧਰਾ ਪ੍ਰਦੇਸ਼ ਤੋਂ ਸਭ ਤੋਂ ਤਾਜ਼ਾ ਆਈ ਵੀ ਐਫ ਜਨਮ ਬਾਰੇ ਆਈ ਖਬਰ ਉੱਤੇ ਟਿੱਪਣੀ ਕਰਦਿਆਂ, ਡਾ ਚੈਪਮੈਨ ਦਾ ਕਹਿਣਾ ਹੈ ਕਿ ਅਜਿਹਾ ਕੁਝ ਵੀ ਆਸਟ੍ਰੇਲੀਆ ਵਿਚ ਪ੍ਰਚਲਿਤ ਨਿਯਮਾਂ ਅਤੇ ਸਾਲਾਨਾ ਜਾਂਚਾਂ ਦੇ ਕਾਰਣ ਨਹੀਂ ਹੋ ਸਕਦਾ।
ਡਾ ਚੈੱਪਮੈਨ ਨੇ ਬੇਔਲਾਦ ਹੋਣ ਦੇ ਸਮਾਜਿਕ ਕਲੰਕ ਉੱਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਅਕਸਰ ਬਜ਼ੁਰਗ ਔਰਤਾਂ ਆਈ ਵੀ ਐਫ ਦੀ ਚੋਣ ਇਸ ਵਜ੍ਹਾ ਤੋਂ ਕਰਦਿਆਂ ਨੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਭਾਰਤ ਇਕਲੌਤਾ ਦੇਸ਼ ਅਜਿਹਾ ਨਹੀਂ ਹੈ ਜਿੱਥੇ ਅਜਿਹੇ ਸਮਾਜਿਕ ਦਬਾਅ ਮਹਿਸੂਸ ਕੀਤੇ ਜਾਂਦੇ ਹਨ।
ਐਸ ਬੀ ਐਸ ਪੰਜਾਬੀ ਨੇ ਐਫ ਐਸ ਏ ਵੱਲੋਂ ਜਾਰੀ ਕੀਤੇ ਬਿਆਨ ‘ਤੇ ਟਿੱਪਣੀ ਲਈ ਨਵੀਂ ਦਿੱਲੀ ਸਥਿਤ ਇੰਡੀਅਨ ਫਰਟਿਲਿਟੀ ਸੁਸਾਇਟੀ ਨਾਲ ਵੀ ਸੰਪਰਕ ਕੀਤਾ, ਜੋਕਿ ਭਾਰਤ ਵਿਚ ਬਾਂਝਪਨ ਨਾਲ ਸੰਬੰਧਿਤ ਪੇਸ਼ੇਵਰ ਮਾਹਿਰਾਂ ਦੀ ਨੁਮਾਇੰਦਗੀ ਕਰਨ ਵਾਲੀ ਇੱਕ ਪ੍ਰਮੁੱਖ ਸੰਸਥਾ ਹੈ।
ਇੰਡੀਅਨ ਫਰਟੀਲਿਟੀ ਸੁਸਾਇਟੀ ਦੀ ਪ੍ਰਧਾਨ ਡਾ ਐਮ ਗੌਰੀ ਦੇਵੀ ਵੀ ਜਰੀਏਟ੍ਰਿਕ ਯਾਨੀ ਵੱਡੀ ਉਮਰ ਦੀਆਂ ਔਰਤਾਂ ਦੀ ਗਰਭ ਅਵਸਥਾ ਦੇ ਹੱਕ ਵਿੱਚ ਨਹੀਂ ਸੀ, ਪਰ ਉਹ ਮੰਨਦੇ ਨੇ ਕਿ ਭਾਰਤ ਵਿੱਚ ਜਣਨ-ਸ਼ਕਤੀ ਲਈ ਕੋਈ ਕਾਨੂੰਨ ਨਾ ਹੋਣ ਕਾਰਨ, ਡਾਕਟਰਾਂ ਉੱਤੇ ਅਕਸਰ ਮਰੀਜ਼ਾਂ ਵੱਲੋਂ ਇਲਾਜ ਕਰਨ ਲਈ ਦਬਾਅ ਪਾਇਆ ਜਾਂਦਾ ਹੈ।
ਉਹ ਭਾਰਤ ਵਿਚ ਜਣਨ-ਸ਼ਕਤੀ ਦੇ ਇਕ ਵੱਡੇ ਸਮੂਹ ਦੇ ਮੁਖੀ ਵਜੋਂ ਆਪਣੀ ਰਾਏ ਦੇਂਦੇ ਹੋਏ ਕਹਿੰਦੇ ਨੇ ਕਿ ਬਜ਼ੁਰਗ ਔਰਤਾਂ ਨੂੰ ਆਈ.ਵੀ.ਐਫ ਰਾਹੀਂ ਮਾਂ ਬਣਨ ਵਾਸਤੇ ਇਲਾਜ ਕਰਵਾਉਣ ਵੇਲੇ ਸਪਸ਼ਟ ਤਰੀਕੇ ਨਾਲ ਪਤਾ ਹੋਣਾ ਚਾਹੀਦਾ ਹੈ ਕਿ ਉਹ ਉਮਰ ਦੇ ਇਸ ਪੜਾਅ ਵਿਚ ਕਿਸ ਚੁਣੌਤੀ ਦਾ ਰੁੱਖ ਕਰ ਰਹੀਆਂ ਨੇ। ਨਾਲ ਹੀ, ਆਈ.ਵੀ.ਐਫ ਕਰਨ ਵਾਲੇ ਡਾਕਟਰਾਂ ਨੂੰ ਵੀ ਮੈਡੀਕਲ ਪੇਸ਼ੇ ਦੀ ਨੈਤਿਕਤਾ ਨੂੰ ਮੁਖ ਰੱਖਦੇ ਹੋਏ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਲਾਜ ਦੇ ਦੌਰਾਨ ਨਾ ਤੇ ਹੋਣ ਵਾਲੇ ਬੱਚੇ ਨੂੰ ਕੋਈ ਨੁਕਸਾਨ ਪਹੁੰਚੇ ਤੇ ਨਾ ਹੀ ਉਸਦੇ ਮਾਪਿਆਂ ਨੂੰ।
ਭਾਰਤ ਵਿਚ ਜਣਨ-ਸ਼ਕਤੀ ਕਲੀਨਿਕਾਂ ਦੀ ਨੈਤਿਕਤਾ ਅਤੇ ਮਿਆਰਾਂ ਦੀ ਨਿਖੇਦੀ ਕਰਦੇ ਹੋਏ, ਡਾ. ਚੈਪਮੈਨ ਕਹਿੰਦੇ ਨੇ ਕਿ ਕੁਝ ਮੈਡੀਕਲ ਪ੍ਰੈਕਟੀਸ਼ਨਰ ਜਿਨ੍ਹਾਂ ਨੇ ਸਿਰਫ 10-20 ਆਈ ਵੀ ਐਫ ਸਾਇਕਲਜ਼ ਹੀ ਕੀਤੀਆਂ ਹੁੰਦੀਆਂ ਨੇ, ਆਪਣੇ ਆਪ ਨੂੰ "ਬਾਂਝਪਨ ਦੇ ਇਲਾਜ ਦੀ ਮਾਹਰ" ਮੰਨਦੇ ਹਨ।
ਭਾਰਤ ਵਿਚ ਆਈ ਵੀ ਐਫ ਇਲਾਜ ਦੀ ਅਸਾਨ ਉਪਲਬਧਤਾ ਅਤੇ ਸਸਤੇ ਹੋਣ ਕਰਕੇ ਚਾਹਵਾਨ ਮਾਪੇ ਓਥੋਂ ਦਾ ਰੁੱਖ ਕਰਦੇ ਨੇ। ਡਾ. ਚੈਪਮੈਨ ਇਸ ਬਾਰੇ ਵੀ ਚੇਤਾਵਨੀ ਦੇਂਦੇ ਨੇ।
ਉਨ੍ਹਾਂ ਨੇ ਆਸਟ੍ਰੇਲੀਆ ਵਿਚ ਰਹਿਣ ਵਾਲੇ ਉਨ੍ਹਾਂ ਲੋਕਾਂ ਨੂੰ ਵੀ ਭਰੋਸਾ ਦਿੱਤਾ ਜਿਹੜੇ ਆਈ ਵੀ ਐਫ ਦੇ ਇਲਾਜ ਲਈ ਭਾਰਤ ਦੀ ਯਾਤਰਾ ਕਰਦੇ ਹਨ, ਕਿ ਆਸਟ੍ਰੇਲੀਆ ਵਾਪਿਸ ਆਉਣ ਤੋਂ ਬਾਅਦ ਉਨ੍ਹਾਂ ਦੀ ਦੇਖਭਾਲ ਵੀ ਉਸੇ ਤਰ੍ਹਾਂ ਕੀਤੀ ਜਾਏਗੀ ਜਿਵੇਂ ਆਸਟਰੇਲੀਆ ਵਿੱਚ ਕਿਸੇ ਵੀ ਹੋਰ ਗਰਭਵਤੀ ਔਰਤ ਦੀ ਕੀਤੀ ਜਾਂਦੀ ਹੈ।
ਇਸ ਫ਼ੀਚਰ ਨੂੰ ਪੰਜਾਬੀ ਵਿਚ ਸੁਣਨ ਲਈ ਉਪਰ ਦਿੱਤੇ ਲਿੰਕ ਤੇ ਕਲਿੱਕ ਕਰੋ।