ਚੇਤਾ ਸਿੰਘ
‘ਚੇਤਾ ਸਿੰਘ’ ਇਕ ‘ਥਰਿਲਰ’ ਫ਼ਿਲਮ ਹੈ ਜੋ ਕਿ ਪਹਿਲੀ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਆਸ਼ੀਸ਼ ਕੁਮਾਰ ਹਨ ਅਤੇ ਲੇਖਕ ਰਾਣਾ ਜੇਠੂਵਾਲ ਹਨ। ਫ਼ਿਲਮ ਦਾ ਸੰਗੀਤ ‘ਮਿਊਜ਼ਿਕ ਐਮਪਾਇਰ’ ਵਲੋਂ ਬਣਾਇਆ ਗਿਆ ਹੈ
ਐਸਬੀਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਜਪਜੀ ਨੇ ਕਿਹਾ ਕਿ ਉਹਨਾਂ ਨੇ ਇਸ ਤਰ੍ਹਾਂ ਦੀ ਫ਼ਿਲਮ ਪਹਿਲਾਂ ਨਹੀਂ ਕੀਤੀ ਅਤੇ ਦਾਅਵਾ ਕੀਤਾ ਹੈ ਕਿ ਇਹ ਫ਼ਿਲਮ ਦਾ ਸਸਪੈਂਸ ਤੁਹਾਨੂੰ ਬੰਨ੍ਹ ਕੇ ਰੱਖੇਗਾ।
ਜਪਜੀ ਇਸ ਫ਼ਿਲਮ ਵਿੱਚ ਪੁਲਿਸ ਅਫ਼ਸਰ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ ਅਤੇ ਉਹਨਾਂ ਨਾਲ ਮੁੱਖ ਕਿਰਦਾਰ ਵਿੱਚ ਪਰਿੰਸ ਕੰਵਲਜੀਤ ਅਤੇ ਹੋਰ ਅਦਾਕਾਰਾਂ ਵਿਚ ਮਾਹਾਂਵੀਰ ਭੁੱਲਰ ਅਤੇ ਮਿੰਟੂ ਕਾਪਾ ਵੀ ਹਨ।
ਚੇਤਾ ਸਿੰਘ ਫ਼ਿਲਮ ਨੂੰ ਬਣਾਉਣ ਵਾਲੀ ਟੀਮ ਨੇ ਫ਼ਿਲਮ ਵਿੱਚ ਰਿਸ਼ਤਿਆਂ ਦੀ ਕਦਰ ਅਤੇ ਹੋਰਨਾਂ ਮੁੱਦਿਆਂ ਬਾਰੇ ਗੱਲ ਕਰਦੇ ਹੋਏ ਕੁੱਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਜਪਜੀ ਉਮੀਦ ਕਰਦੇ ਹਨ ਕਿ ਇਹ ਫਿਲਮ ਦਰਸ਼ਕਾਂ ਨੂੰ ਜਰੂਰ ਪਸੰਦ ਆਏਗੀ।
ਜਪਜੀ ਨੇ ਹੁਣ ਤੱਕ ਤਕਰੀਬਨ 20 ਫ਼ਿਲਮਾਂ ਵਿਚ ਕੰਮ ਕੀਤਾ ਹੈ ਅਤੇ ਕੇਈ ਹੋਰ ਗਾਣਿਆਂ ਵਿੱਚ ਵੀ ਆਪਣੀ ਅਦਾਕਾਰੀ ਦੇ ਗੁਣ ਪੇਸ਼ ਕੀਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਫ਼ਿਲਮ ਚੁਣਨ ਤੋਂ ਪਹਿਲਾਂ ਉਹ ਬਹੁਤ ਸਾਰੇ ਪੱਖਾਂ ਵਲ ਗੌਰ ਕਰਦੇ ਹਨ, ਖਾਸ ਕਰਕੇ ਬਣਾਈ ਜਾਣ ਵਾਲੀ ਫ਼ਿਲਮ ਵਿੱਚ ਕਿਸ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਫ਼ਿਲਮਾਈਆਂ ਜਾ ਰਹੀਆਂ ਹਨ, ਅਤੇ ਕੀ ਉਹ ਜਪਜੀ ਦੀ ਵਿਚਾਰ ਧਾਰਾ ਨਾਲ ਸਹਿਮਤ ਹਨ।
ਜਪਜੀ ਨੇ ਕਿਹਾ ਕਿ “ਮੈਂ ਹਮੇਸ਼ਾ ਕਵਾਲਟੀ ਲਈ ਕੰਮ ਕੀਤਾ ਹੈ ਨਾਂ ਕਿ ਕਵਾਂਟਿਟੀ ਲਈ, ਮੈਂ ਇਨੀਆਂ ਫ਼ਿਲਮਾਂ ਕੀਤੀਆਂ ਨਹੀਂ ਜਿੰਨੀਆਂ ਨੂੰ ਮਨ੍ਹਾਂ ਕਰ ਦਿੱਤਾ,"ਉਨ੍ਹਾਂ ਕਿਹਾ।
ਉਹਨਾਂ ਦਾ ਕਹਿਣਾ ਹੈ ਕਿ ਜੇ ਕਿਸੇ ਫ਼ਿਲਮ ਨੂੰ ਬਨਾਉਣ ਸਮੇਂ ਪਾਰਦਰਸ਼ਤਾ ਨਾ ਵਰਤੀ ਗਈ ਹੋਵੇ, ਤਾਂ ਉਹ ਅਜੇਹੀਆਂ ਫ਼ਿਲਮਾਂ ਦਾ ਹਿੱਸਾ ਨਹੀਂ ਬਣਦੇ।

This is taken from the IMDB website where 'Cheta Singh' film posters have been shared.
ਪੰਜਾਬੀ ਸੱਭਿਆਚਾਰ ਬਾਰੇ ਖਿਆਲ
ਜਪਜੀ ਛੋਟੀ ਉਮਰ ਵਿੱਚ ਹੀ ਆਪਣੇ ਪਰਿਵਾਰ ਨਾਲ ਆਸਟ੍ਰੇਲੀਆ ਆ ਗਏ ਸਨ, ਪਰ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਨਾਲ ਹਮੇਸ਼ਾ ਜੁੜੇ ਰਹੇ। ਉਹਨਾਂ ਨੇ ਕਿਹਾ ਕਿ ਸਕੂਲ ਵਿੱਚ ਸਭ ਤੋਂ ਪਹਿਲੇ ਵੱਖਰੇ ਸੱਭਿਆਚਾਰ ਦਾ ਪ੍ਰਦਰਸ਼ਨ ਉਹਨਾਂ ਨੇ ਕੀਤਾ ਸੀ ਜਿਸ ਤੋਂ ਬਾਅਦ ਉਹਨਾਂ ਨੇ ਹੋਰਨਾ ਵਿਦਿਆਰਥੀਆਂ ਨਾਲ ਸਕੂਲ ਵਿਚ ਗਿੱਧੇ ਅਤੇ ਭੰਗੜੇ ਦੀ ਪੇਸ਼ਕਾਰੀ ਵੀ ਕੀਤੀ ਸੀ।
ਜਪਜੀ ਆਪਣੇ ਦਾਦੀ ਜੀ ਨੂੰ ਚਿੱਠੀਆਂ ਲਿਖਦੇ ਸਨ ਅਤੇ ਆਪਣੇ ਘਰ ਵਿੱਚ ਪੰਜਾਬੀ ਵਿੱਚ ਹੀ ਗੱਲ ਕਰਦੇ ਸਨ, ਜਿਸ ਨਾਲ ਉਹਨਾਂ ਨੂੰ ਪੰਜਾਬੀ ਹੋਰ ਵਧੀਆ ਤਰੀਕੇ ਨਾਲ ਪੜ੍ਹਣੀ, ਲਿਖਣੀ ਤੇ ਬੋਲਣੀ ਆਈ।
ਜਪਜੀ ਦਾ ਸਮੂੰਹ ਪੰਜਾਬੀ ਪਰਿਵਾਰਾਂ ਨੂੰ ਸੁਨੇਹਾ ਹੈ ਕਿ ਪੰਜਾਬੀ “ਸਾਡੀ ਭਾਸ਼ਾ ਹੈ 'ਤੇ ਸਾਨੂੰ ਇਹਦੀ ਜੁੰਮੇਵਾਰੀ ਚੁੱਕਣੀ ਪਵੇਗੀ, ਜੇ ਆਪਾਂ ਅੱਜ ਅਜਿਹਾ ਨਹੀਂ ਕਰਦੇ ਤਾਂ ਕੱਲ ਪਛਤਾਵਾਂਗੇ”।
ਪੰਜਾਬੀ ਫ਼ਿਲਮਾਂ ਵਿੱਚ ਤਬਦੀਲੀ
ਜਪਜੀ ਨੇ ਪੰਜਾਬੀ ਸਿਨਮਾ ਦੇ ਬਦਲਦੇ ਰੁੱਖ ਬਾਰੇ ਵੀ ਗੱਲ ਕੀਤੀ, ਜਿਸ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਪਹਿਲੀ ਫ਼ਿਲਮ ‘ਮਿੱਟੀ ਵਾਜਾਂ ਮਾਰਦੀ’ ਤੋਂ ਲੈ ਕੇ ਹੁਣ ਤੱਕ ਹਰ ਸਾਲ ਬਹੁਤ ਸਾਰੇ ਵਿਸ਼ਿਆਂ ਤੇ ਫਿਲਮਾਂ ਬਣੀਆਂ ਹਨ ਅਤੇ ਫ਼ਿਲਮਾਂ ਦੀ ਕੁੱਲ ਗਿਣਤੀ ਵੀ ਵੱਧ ਰਹੀ ਹੈ। ਹੁਣ ਸਿਨਮੇ ਘਰਾਂ ਚ’ ਫ਼ਿਲਮਾਂ ਦੇਖਣ ਦੇ ਨਾਲ-ਨਾਲ ਫ਼ਿਲਮਾਂ ਘਰੇ ਬੈਠ ਕੇ ਆਨਲਾਈਨ ਵੀ ਦੇਖੀਆਂ ਜਾਂਦੀਆਂ ਹਨ। ਜਪਜੀ ਦਾ ਕਹਿਣਾ ਹੈ ਕਿ ਦੋਨੇ ਫ਼ਿਲਮਾਂ ਦੇਖਣ ਦੇ ਮਾਧਿਅਮ ਜਰੂਰੀ ਹਨ।
ਘਰੇਲੂ ਅਤੇ ਕਿੱਤੇ ਦੀਆਂ ਜੁੰਮੇਵਾਰੀਆਂ
ਲੰਘਦੇ ਸਮੇਂ ਨਾਲ ਔਰਤਾਂ ਪ੍ਰਤੀ ਸੋਚ ਕਾਫੀ ਹੱਦ ਤੱਕ ਤਬਦੀਲ ਹੋ ਰਹੀ ਹੈ, ਜਿਸ ਨਾਲ ਮਰਦਾਂ ਤੇ ਔਰਤਾਂ ਦੇ ਆਪਣੇ ਘਰ ਪਰਿਵਾਰ ਦੀ ਬਰਾਬਰ ਦੀ ਜੁੰਮੇਵਾਰੀ ਬਣਦੀ ਹੈ। ਜਪਜੀ ਦਾ ਕਹਿਣਾ ਹੈ ਕਿ ਆਪਣੇ ਕੰਮ ਅਤੇ ਘਰ ਦੀਆਂ ਜੁੰਮੇਵਾਰੀਆਂ ਨੂੰ ਇਕਸਾਰ ਨਿਭਾਉਣਾ ਕਾਫੀ ਮੁਸ਼ਕਿਲ ਹੁੰਦਾ ਹੈ । ਪਰ ਉਹ ਆਪਣੇ ਪਰਿਵਾਰ ਦੇ ਸਹਿਯੋਗ ਨਾਲ ਅਤੇ ਦਰਸ਼ਕਾਂ ਦੇ ਪਿਆਰ ਨਾਲ ਅੱਗੇ ਵੱਧ ਸਕੇ ਹਨ। ਜਪਜੀ ਨੇ ਕਿਹਾ ਕਿ “ਜੇ ਤੁਹਾਨੂੰ ਘਰੋਂ ਸਪੋਰਟ ਨਹੀਂ ਮਿਲਦੀ ਫੇਰ (ਸਫ਼ਰ) ਔਖਾ ਹੋ ਜਾਂਦਾ ਹੈ” ... “ਜੇ ਤੁਹਾਨੂੰ ਕੰਮ ਕਰਨ ਵਿੱਚ ਮਜ਼ਾ ਆਉਂਦਾ ਹੈ, ਫ਼ਿਰ ਉਹ ਕੰਮ, ਕੰਮ ਨਹੀਂ ਰਹਿੰਦਾ, ਇਬਾਦਤ ਬਣ ਜਾਂਦਾ ਹੈ।"
ਜਪਜੀ ਖਹਿਰਾ ਦਾ ਸੁਨੇਹਾ ਇਹੀ ਹੈ ਕਿ ਘਰ ਵਿੱਚ ਪੰਜਾਬੀ ਬੋਲੀ ਜਾਣੀ ਚਾਹੀਦੀ ਹੈ ਅਤੇ ਸਾਡੀ ਜੁੰਮੇਵਾਰੀ ਬਣਦੀ ਹੈ ਕਿ ਆਪਣੀ ਭਾਸ਼ਾ ਲਈ ਯਤਨ ਕਰੀਏ। ਪੰਜਾਬੀ ਸਿਨਮਾ ਅਤੇ ਪੰਜਾਬੀ ਜ਼ੁਬਾਨ ਦਾ ਸਮਰਥਨ ਕਰੀਏ।