ਐਸ ਬੀ ਐਸ ਪੰਜਾਬੀ ਨਾਲ ਆਪਣੀਆਂ ਪ੍ਰਾਪਤੀਆਂ ਬਾਰੇ ਗੱਲ ਕਰਦੇ ਹੋਏ ਲੋਵਿਸ਼ਾ ਗੰਗਵਾਨੀ ਨੇ ਕਿਹਾ, “ਘਰ ਦਾ ਮਾਹੌਲ ਪੰਜਾਬੀ ਹੋਣ ਕਰਕੇ ਮੇਰੀ ਪੰਜਾਬੀ ਵਿੱਚ ਬੋਲਣੀ ਕਾਫੀ ਚੰਗੀ ਹੈ, ਪਰ ਮੈਂ ਲਿਖਣ ਵਿੱਚ ਥੋੜਾ ਕਮਜ਼ੋਰ ਸੀ। ਮੇਰੀ ਅਧਿਆਪਕਾ ਨੇ ਮੇਰੀ ਇਸ ਕਮਜ਼ੋਰੀ ਨੂੰ ਪਛਾਣਦੇ ਹੋਏ ਹੋਲੀ ਹੋਲੀ ਮੇਰੀ ਰੂਚੀ ਲੇਖਣੀ ਵਲ ਵਧਾਈ ਅਤੇ ਇਸੇ ਦੇ ਨਤੀਜੇ ਵਜੋਂ ਮੈਂ ਇਹ ਕਾਮਯਾਬੀ ਦਰਜ ਕਰ ਸਕੀ ਹਾਂ"।
ਪ੍ਰਮੁੱਖ ਨੁਕਤੇ:
- ਲੋਵਿਸ਼ਾ ਹਰ ਹਫਤਾਅੰਤ 'ਤੇ ਪੰਜਾਬੀ ਵਿਸ਼ੇ ਲਈ 2-3 ਘੰਟਿਆਂ ਦਾ ਸਮਾਂ ਲਗਾਉਂਦੀ ਸੀ।
- ਉਸਦੇ ਅਧਿਆਪਕਾਂ ਦਾ ਯੋਗਦਾਨ ਉਸਦੀ ਇਸ ਪ੍ਰਾਪਤੀ ਦਾ ਪ੍ਰਮੁੱਖ ਕਾਰਨ ਬਣਿਆ ਹੈ।
- ਲੋਵਿਸ਼ਾ ਮੁਤਾਬਿਕ ਉਸਦੇ ਘਰ ਦੇ ਸਾਰੇ ਮੈਂਬਰ ਪੰਜਾਬੀ ਵਿੱਚ ਹੀ ਗੱਲ ਕਰਦੇ ਹਨ।
ਮਿਸ ਗੰਗਵਾਨੀ ਸਿਡਨੀ ਦੇ ਸੈਵਨ ਹਿਲਸ ਵਿੱਚ ਸਥਿਤ ‘ਦਾ ਹਿੱਲਸ ਸਪੋਰਟਸ ਹਾਈ ਸਕੂਲ’ ਜੋ ਕਿ ਨਿਊ ਸਾਊਥ ਵੇਲਜ਼ ਦੇ ਸਿੱਖਿਆ ਵਿਭਾਗ ਵਲੋਂ ਭਾਈਚਾਰਕ ਭਾਸ਼ਾਵਾਂ ਪੜਾਉਣ ਖਾਤਰ ਕਾਇਮ ਕੀਤਾ ਹੋਇਆ ਹੈ, ਵਿੱਚ ਹਰ ਸ਼ਨੀਵਾਰ ਨੂੰ ਪੰਜਾਬੀ ਪੜਨ ਲਈ ਜਾਂਦੀ ਰਹੀ।

“ਮੈਂ ਸੋਮਵਾਰ ਤੋਂ ਸ਼ੁੱਕਰਵਾਰ ਬਾਕੀ ਦੇ ਵਿਸ਼ੇ ਪੜਨ ਲਈ ਇੱਕ ਨਿਜੀ ਕੈਥਲਿਕ ਸਕੂਲ ਵਿੱਚ ਜਾਂਦੀ ਸੀ, ਅਤੇ ਹਰ ਸ਼ਨੀਵਾਰ ਨੂੰ ਪੰਜਾਬੀ ਦੀਆਂ ਕਲਾਸਾਂ ਲਗਾਉਂਦੀ ਸੀ”।
ਮਿਸ ਗੰਗਵਾਨੀ ਕਹਿੰਦੀ ਹੈ ਕਿ ਉਸਦੇ ਕੈਥਲਿਕ ਸਕੂਲ ਨੇ ਪੰਜਾਬੀ ਵਿਸ਼ਾ ਪੜਨ ਲਈ ਉਸ ਦਾ ਪੂਰਾ ਸਾਥ ਦਿੱਤਾ।
“ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਪੰਜਾਬੀ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰ ਸਕਾਂਗੀ, ਪਰ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਸੰਭਵ ਹੋ ਪਾਇਆ ਹੈ”।
ਲੋਵਿਸ਼ਾ ਹਰ ਹਫਤਾਅੰਤ ਤੇ 2 ਤੋਂ 3 ਘੰਟੇ ਸਿਰਫ ਪੰਜਾਬੀ ਲਈ ਹੀ ਬਿਤਾਉਂਦੀ ਸੀ।
2017 ਵਿੱਚ ਆਪਣੇ ਪਰਿਵਾਰ ਨਾਲ ਪੰਜਾਬ ਤੋਂ ਆਸਟ੍ਰੇਲੀਆ ਆਈ ਲੋਵਿਸ਼ਾ ਤਕਰੀਬਨ ਹਰ ਸਾਲ ਭਾਰਤ ਜਾਂਦੀ ਹੈ ਜਿੱਥੇ ਉਸਨੂੰ ਪੰਜਾਬੀ ਰਹਿਣ-ਸਹਿਣ ਦਾ ਮੌਕਾ ਮਿਲਦਾ ਹੈ।
“ਮੈਂ ਆਪਣੇ ਵਰਗੇ ਹਰ ਉਸ ਵਿਦਿਆਰਥੀ ਦੀ ਮੱਦਦ ਕਰਨਾ ਚਾਹਾਂਗੀ ਜੋ ਕਿ ਪੰਜਾਬੀ ਵਿਸ਼ਾ ਪੜਨਾ ਚਾਹੁੰਦਾ ਹੈ ਅਤੇ ਨਾਲ ਹੀ ਆਪਣੀ ਪੰਜਾਬੀ ਨੂੰ ਹੋਰ ਵੀ ਨਿਖਾਰਨ ਲਈ ਮੈਂ ਹਰ ਹੀਲਾ ਵਰਤਦੀ ਰਹਾਂਗੀ।"
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।









