ਅਰਸ਼ਦੀਪ ਸਿੰਘ ਨੂੰ ਖਤਰਨਾਕ ਡਰਾਈਵਿੰਗ ਕਰਕੇ ਗੰਭੀਰ ਨੁਕਸਾਨ ਪਹੁੰਚਾਉਣ ਦੇ ਚਾਰ ਮਾਮਲਿਆਂ ਵਿੱਚ ਦੋਸ਼ੀ ਮੰਨਿਆ ਗਿਆ ਹੈ।
ਜਦੋਂ ਉਸਦੀ ਕਾਰ ਪਿਛਲੇ ਸਾਲ ਸਤੰਬਰ ਵਿੱਚ ਐਡੀਲੇਡ ਵਿੱਚ ਇੱਕ ਕੰਧ ਨਾਲ ਟਕਰਾਈ ਤਾਂ ਗੱਡੀ ਵਿੱਚ 14 ਤੋਂ 26 ਸਾਲ ਦੀ ਉਮਰ ਦੇ ਪੰਜ ਵਿਅਕਤੀ ਸਵਾਰ ਸਨ।
ਇਹ ਹਾਦਸਾ ਵਾਪਰਨ ਵੇਲੇ ਅਰਸ਼ਦੀਪ ਦੀ ਉਮਰ 20 ਸਾਲ ਸੀ ਅਤੇ ਉਸ ਵੇਲੇ ਉਹ ਬਤੌਰ ਟੈਕਸੀ ਡਰਾਈਵਰ ਕੰਮ ਨਹੀਂ ਕਰ ਰਿਹਾ ਸੀ।
ਜ਼ਿਕਰਯੋਗ ਹੈ ਕਿ ਟੈਕਸੀ ਇੱਕ ਨਿੱਜੀ ਵਾਹਨ ਬਣ ਜਾਂਦੀ ਹੈ ਜਦੋਂ ਇਸਨੂੰ ਡਿਊਟੀ ਤੋਂ ਬਾਹਰ ਵਰਤਿਆ ਜਾਂਦਾ ਹੈ।
ਦੱਖਣੀ ਆਸਟ੍ਰੇਲੀਆ ਦੀ ਜ਼ਿਲ੍ਹਾ ਅਦਾਲਤ ਦੀ ਸੁਣਵਾਈ 'ਚ ਦੱਸਿਆ ਗਿਆ ਕਿ ਹਾਦਸੇ ਵਾਲੀ ਰਾਤ ਅਰਸ਼ਦੀਪ ਨੇ ਉਸ ਗੱਡੀ ਵਿਚ ਮੌਜੂਦ ਲੋਕਾਂ ਨਾਲ ਇੱਕ ਪਾਰਟੀ 'ਚ ਸ਼ਰਾਬ ਦਾ ਸੇਵਨ ਕੀਤਾ ਸੀ।
ਸਜ਼ਾ ਸੁਣਾਉਣ ਵਾਲੇ ਜੱਜ ਪਾਲ ਮਸਕੈਟ ਨੇ ਕਿਹਾ ਕਿ "ਇਹ ਇੱਕ ਗੰਭੀਰ ਅਪਰਾਧ ਹੈ ਕਿਉਂਕਿ ਜਦੋਂ ਤੁਸੀਂ ਗੱਡੀ ਚਲਾ ਰਹੇ ਸੀ ਤਾਂ ਤੁਹਾਡੇ ਖੂਨ ਵਿੱਚ 0.08 ਗ੍ਰਾਮ ਜਾਂ ਇਸ ਤੋਂ ਵੱਧ ਅਲਕੋਹਲ ਮੌਜੂਦ ਸੀ ਅਤੇ ਇਸ ਤੋਂ ਇਲਾਵਾ, ਤੁਸੀਂ ਲਾਗੂ ਗਤੀ ਸੀਮਾ ਨਾਲੋਂ 45 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਸਫ਼ਰ ਕਰ ਰਹੇ ਸੀ।
"ਤੁਹਾਡੀ ਖ਼ਤਰਨਾਕ ਡਰਾਈਵਿੰਗ ਬਹੁਤ ਗੰਭੀਰ ਹੈ, ਨਾਂ ਸਿਰਫ ਇਹ ਗੈਰ-ਕਾਨੂੰਨੀ ਸੀ ਬਲਕਿ ਟੈਕਸੀ ਡਰਾਈਵਰ ਹੋਣ ਦੇ ਨਾਤੇ ਤੁਹਾਨੂੰ ਪਤਾ ਸੀ ਕਿ ਵਾਹਨ ਵਿੱਚ ਲੋੜ ਤੋਂ ਵੱਧ ਯਾਤਰੀ ਸਨ" ਸ਼੍ਰੀ ਮਸਕਟ ਨੇ ਕਿਹਾ।
ਜੱਜ ਨੇ ਅੱਗੇ ਕਿਹਾ ਕਿ ਇਹ ਅਵਿਸ਼ਵਾਸ਼ਯੋਗ ਹੈ ਕਿ ਕੋਈ ਵੀ ਯਾਤਰੀ ਜ਼ਿਆਦਾ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ।
ਮਾਪਿਆਂ ਦੀ ਇਕਲੌਤੀ ਔਲਾਦ, ਅਰਸ਼ਦੀਪ ਸਿੰਘ ਮਾਰਚ 2019 ਵਿਚ ਇਕ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੀ। ਆਪਣੀ ਪੜ੍ਹਾਈ ਦੇ ਖਰਚੇ ਪੂਰੇ ਕਰਨ ਲਈ ਉਹ ਇੱਕ ਟੈਕਸੀ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ ।
ਜੱਜ ਮਸਕਟ ਨੇ ਅਦਾਲਤ 'ਚ ਦੱਸਿਆ ਕਿ ਅਰਸ਼ਦੀਪ ਦੇ ਪਿਤਾ ਕਈ ਸਾਲਾਂ ਤੋਂ ਸਰੀਰਕ ਅਤੇ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਹਨ।
ਜੱਜ ਨੇ ਕਿਹਾ, "ਇਸ ਲੋੜ ਦੇ ਸਮੇਂ ਵਿੱਚ ਤੁਹਾਡੇ ਮਾਤਾ-ਪਿਤਾ ਤੋਂ ਤੁਹਾਡੀ ਗੈਰਹਾਜ਼ਰੀ ਨੇ ਨਾ ਸਿਰਫ ਉਨ੍ਹਾਂ ਨੂੰ ਪ੍ਰਭਾਵਿਤ ਕੀਤਾ ਹੈ, ਸਗੋਂ ਤੁਹਾਨੂੰ ਪਰੇਸ਼ਾਨੀ ਵੀ ਦਿੱਤੀ ਹੈ"।
"ਆਸਟ੍ਰੇਲੀਆ ਵਿੱਚ ਰਹਿਣ ਅਤੇ ਕੰਮ ਕਰਨ ਦਾ ਤੁਹਾਡਾ ਸੁਪਨਾ ਹੁਣ ਖਤਮ ਹੋ ਗਿਆ ਹੈ," ਉਨ੍ਹਾਂ ਕਿਹਾ।
ਸ਼੍ਰੀ ਮਸਕਟ ਅਨੁਸਾਰ ਅਰਸ਼ਦੀਪ ਦੀ ਸ਼ੁਰੂਆਤੀ ਦੋਸ਼ੀ ਪਟੀਸ਼ਨ ਅਤੇ ਉੱਚ ਪਛਤਾਵੇ ਨੂੰ ਵੇਖਦੇ ਹੋਏ ਸਜ਼ਾ 'ਚ ਵੱਧ ਤੋਂ ਵੱਧ ਛੋਟ ਦਿੱਤੀ ਗਈ ਹੈ।
ਜੱਜ ਨੇ ਕਿਹਾ ਕਿ ਨੌਜਵਾਨ ਡਰਾਈਵਰਾਂ ਸਮੇਤ ਸਾਰੇ ਡਰਾਈਵਰਾਂ ਨੂੰ ਖਾਸ ਤੌਰ 'ਤੇ ਨਸ਼ਾ ਕਰਦੇ ਹੋਏ, ਡਰਾਈਵਿੰਗ ਤੋਂ ਰੋਕਣ ਲਈ ਇਸ ਕਿਸਮ ਦੇ ਕੇਸਾਂ ਵਿੱਚ ਸਜ਼ਾ ਦੇਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਅਰਸ਼ਦੀਪ ਨੂੰ ਢਾਈ ਸਾਲ ਦੀ ਗੈਰ-ਪੈਰੋਲ ਮਿਆਦ ਦੇ ਨਾਲ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ ਅਤੇ 14 ਸਾਲ ਤੱਕ ਗੱਡੀ ਚਲਾਉਣ 'ਤੇ ਪਾਬੰਦੀ ਲਗਾਈ ਗਈ ਹੈ। ਕੈਦ ਤੋਂ ਬਾਅਦ ਉਸ ਨੂੰ ਭਾਰਤ ਡਿਪੋਰਟ ਕਰ ਦਿੱਤਾ ਜਾਵੇਗਾ।



