49 ਸਾਲਾਂ ਦੇ ਸੰਦੀਪ ‘ਸੰਨੀ’ ਜਾਧਵ ਨੂੰ ਸਾਲ 2018 ਦਾ ‘ਵਿਕਟੋਰੀਅਨ ਫਾਦਰ ਆਫ ਦਾ ਈਯਰ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਅਜਿਹੇ ਵਿਅਕਤੀਆਂ ਨੂੰ ਮਿਲਦਾ ਹੈ ਜਿਨਾਂ ਨੇ ਆਪਣੇ ਪਰਿਵਾਰਾਂ ਜਾਂ ਭਾਈਚਾਰੇ ਵਿੱਚ ਇੱਕ ਪਿਤਾ ਦੀ ਹਸਤੀ ਵਜੋਂ ਅਹਿਮ ਯੋਗਦਾਨ ਪਾਇਆ ਹੋਵੇ।
ਤਕਰੀਬਨ 200 ਤੋਂ ਵੀ ਜਿਆਦਾ ਲੋਕਾਂ ਦਾ ਮਾਰਗ ਦਰਸ਼ਨ ਕਰ ਚੁੱਕੇ ਸ਼੍ਰੀ ਜਾਧਵ ਅਜਿਹੇ ਵਿਅਕਤੀ ਹਨ ਜੋ ਕਿ ਇਸ ਸਮੇਂ ਵੀ ਹਜਾਰਾਂ ਹੀ ਲੋਕਾਂ ਨੂੰ ਉਹਨਾਂ ਦੀਆਂ ਮੰਜਲਾਂ ਤੱਕ ਪਹੁੰਚਾਉਣ ਵਾਸਤੇ ਅਤਿਅੰਤ ਕਾਰਜਸ਼ੀਲ ਹਨ।
ਫਾਦਰਸ ਡੇਅ ਕਾਂਉਂਸਲ ਮੁਖੀ ਬੈਰੀ ਨੋਵੀ ਦਾ ਕਹਿਣਾ ਹੈ ਕਿ, ‘ਸੰਦੀਪ ਇੱਕ ਬਹੁਤ ਵਧੀਆ ਪਿਤਾ ਹੋਣ ਦੇ ਨਾਲ ਨਾਲ ਬਹੁਤ ਸਾਰੇ ਹੋਰ ਲੋਕਾਂ ਦੇ ਸਲਾਹਕਾਰ ਵੀ ਹਨ। ਉਹ ਆਸਟ੍ਰੇਲੀਆ ਦੀ ਭਵਿੱਖ ਦੀ ਪੀੜ੍ਹੀ ਵਾਸਤੇ ਇੱਖ ਬਹੁਤ ਵਧੀਆ ਪ੍ਰੇਰਨਾਂ ਦਾ ਸਰੋਤ ਹਨ’।

ਸ਼੍ਰੀ ਜਾਧਵ ਜੋ ਕਿ ਇਸ ਸਮੇਂ ਆਸਟ੍ਰੇਲੀਆ ਦੀ ਡਿਫੈਂਸ ਫੋਰਸ ਵਿੱਚ ਇਲੈਕਟਰੀਕਲ ਇੰਜੀਨੀਅਰ ਵਜੋਂ ਕੰਮ ਕਰ ਰਹੇ ਹਨ, ਕਹਿੰਦੇ ਹਨ ਕਿ ਉਹ ਆਪਣੀ ਅੰਦਰਲੀ ਖੁਸ਼ੀ ਲੋਕਾਂ ਨੂੰ ਪੜਾਉਣ ਅਤੇ ਉਹਨਾਂ ਨੂੰ ਪਰੇਰਤ ਕਰਕੇ ਪ੍ਰਾਪਤ ਕਰਦੇ ਹਨ। ਉਹਨਾਂ ਨੂੰ ਗਣਿਤ, ਤਕਨਾਲੋਜੀ ਅਤੇ ਇੰਜੀਨੀਅਰਿੰਗ ਵਰਗੇ ਵਿਸ਼ਿਆਂ ਨਾਲ ਖਾਸ ਲਗਾਵ ਹੈ। ਪਿਛਲੇ 16 ਸਾਲਾਂ ਤੋਂ ਸ਼੍ਰੀ ਜਾਧਵ ਹਰ ਹਫਤੇ 15 ਘੰਟੇ ਇੱਕ ਵਲੰਟੀਅਰ ਵਜੋਂ ਲੋਕਾਂ ਨੂੰ ਪੜਾਉਣ ਦਾ ਫਰਜ ਵੀ ਨਿਭਾ ਰਹੇ ਹਨ।
ਉਹਨਾਂ ਦਾ ਮੰਨਣਾ ਹੈ ਕਿ ਉਹ ਲੋਕਾਂ ਨੂੰ ਜਿੰਨਾ ਦਿੰਦੇ ਹਨ, ਉਸ ਤੋਂ ਕਿਤੇ ਜਿਆਦਾ ਉਹਨਾਂ ਨੂੰ ਵਾਪਸ ਵੀ ਮਿਲਦਾ ਹੈ।
ਸ਼੍ਰੀ ਜਾਧਵ ਨੇ ਐਸ ਬੀ ਐਸ ਪੰਜਾਬੀ ਨੂੰ ਦਸਿਆ, ‘ਮੇਰੇ ਇਸ ਲੋਕਾਂ ਦੀ ਮਦਦ ਕਰਨ ਵਾਲੇ ਜਨੂੰਨ ਲਈ ਫੌਜੀ ਟਰੇਨਿੰਗ ਬਹੁਤ ਜਿਆਦਾ ਲਾਹੇਵੰਦ ਰਹੀ ਹੈ। ਨੋਜਵਾਨਾਂ ਨਾਲ ਢੁਕਵੀਂ ਗਲਬਾਤ ਕਰਨੀ, ਉਹਨਾਂ ਨੂੰ ਪ੍ਰੇਰਨਾਂ ਅਤੇ ਦਿਸ਼ਾ ਪ੍ਰਦਾਨ ਕਰਨੀ ਆਦਿ ਮੈਂ ਫੌਜ ਤੋਂ ਹੀ ਸਿਖੀ ਹੈ’।

ਉਹਨਾਂ ਨੂੰ ਇਸ ਸਨਮਾਨ ਵਾਸਤੇ ਉਹਨਾਂ ਦੀਆਂ ਆਪਣੀਆਂ ਦੋ ਬੇਟੀਆਂ ਨੇ ਹੀ ਨਾਮਜ਼ਦ ਕੀਤਾ ਸੀ।
ਉਹਨਾਂ ਦੀਆਂ ਬੇਟੀਆਂ ਨੇ ਨਾਮਜ਼ਦਗੀ ਵਿੱਚ ਲਿਖਿਆ, ‘ਸਾਡੇ ਪਿਤਾ ਇੱਕ ਸੁਪਰ ਹੀਰੋ ਹਨ, ਪਰ ਉਹ ਕੋਈ ਮੁਖੋਟਾ ਨਹੀਂ ਪਾਉਂਦੇ ਕਿਉਂਕਿ ਉਹਨਾਂ ਦੀ ਫੌਜ ਦੀ ਵਰਦੀ ਹੀ ਉਹਨਾਂ ਦੀ ਪਹਿਚਾਣ ਹੈ’।
ਉੁਹਨਾਂ ਦੀ ਪਤਨੀ ਕਿਰਨ ਨੇ ਵੀ ਮਾਣ ਨਾਲ ਦਸਿਆ ਕਿ ਜਦੋਂ ਕਦੇ ਵੀ ਉਹ ਖਰੀਦਦਾਰੀ ਕਰਨ ਬਜਾਰ ਜਾਂਦੇ ਹਨ ਤਾਂ ਹਰ ਪੰਜ ਮਿੰਟਾਂ ਬਾਅਦ ਉਹਨਾਂ ਦੇ ਪਤੀ ਨੂੰ ਕੋਈ ਨਾ ਕੋਈ ਰੋਕ ਕੇ ਸਲਾਹ ਆਦਿ ਮੰਗਦਾ ਰਹਿੰਦਾ ਹੈ।
‘ਜੇ ਕਰ ਉਹ ਟੈਕਸੀ ਵਿੱਚ ਬੈਠਦੇ ਹਨ ਤਾਂ ਉਹ ਟੈਕਸੀ ਚਾਲਕ ਨਾਲ ਗਲਬਾਤ ਅਰੰਭ ਦਿੰਦੇ ਹਨ ਤਾਂ ਕਿ ਕਿਸੇ ਤਰਾਂ ਉਸ ਦੀ ਮਦਦ ਹੋ ਸਕੇ। ਉਹ ਸਲਾਹ ਦੇ ਨਾਲ ਨਾਲ ਸੰਪਰਕ ਵੀ ਬਨਾਉਣ ਵਿੱਚ ਮਦਦ ਕਰਦੇ ਹਨ। ਅਕਸਰ ਹੀ ਉਹ ਲੋਕਾਂ ਨੂੰ ਦਸਦੇ ਹਨ ਕਿ ਮੈਨੂੰ ਇੱਕ ਵਧੀਆ ਨੋਕਰੀ ਦਾ ਪਤਾ ਹੈ, ਤੁਸੀਂ ਸੈਂਟਰਲਿੰਕ ਵਿੱਚ ਮੇਰੇ ਇੱਕ ਜਾਣਕਾਰ ਨੂੰ ਮਿਲ ਕੇ ਲਾਭ ਲੈ ਸਕਦੇ ਹੋ, ਆਦਿ’।
ਉਹ ਸਾਰਿਆਂ ਲਈ ਇੱਕ ਧਰਮ ਪਿਤਾ ਵਜੋਂ ਹੀ ਕੰਮ ਕਰਦੇ ਹਨ।
ਬੇਸ਼ਕ ਉਹ ਪੰਜਾਹਾਂ ਨੂੰ ਢੁਕਣ ਵਾਲੇ ਹਨ ਪਰ ਉਹਨਾਂ ਦੀ ਕੰਮ ਕਰਨ ਦੀ ਸ਼ਕਤੀ ਕਾਰਨ ਕਿਰਨ ਮਜਾਕ ਨਾਲ ਉਹਨਾਂ ਨੂੰ ਪੰਝੀਆਂ ਦਾ ਕਹਿੰਦੀ ਹੈ। ਪਰ ਉਹ ਨਾਲ ਹੀ ਇਹ ਵੀ ਆਖਦੀ ਹੈ ਕਿ, ‘ਕਈ ਵਾਰ ਮੈਂਨੂੰ ਲਗਦਾ ਹੈ ਕਿ ਉਹਨਾਂ ਨੂੰ ਹੁਣ ਕੁੱਝ ਅਰਾਮ ਵੀ ਕਰਨਾ ਚਾਹੀਦਾ ਹੈ’।
ਜਿਨਾਂ ਲੋਕਾਂ ਦਾ ਸ਼੍ਰੀ ਜਾਧਵ ਨੇ ਮਾਰਗ ਦਰਸ਼ਨ ਕੀਤਾ ਹੋਇਆ ਹੈ, ਉਹਨਾਂ ਵਿੱਚੋਂ ਕਈ ਇਸ ਸਮੇਂ ਪਾਇਲਟ, ਸਰਜਨ, ਡਾਕਟਰ ਅਤੇ ਵਿਗਿਆਨੀ ਬਣ ਚੁੱਕੇ ਹਨ।
ਅਤੇ ਇਸੇ ਕਰਕੇ ਹੀ ਉਹਨਾਂ ਦੀਆਂ ਬੇਟੀਆਂ ਨੂੰ ਉਹਨਾਂ ਉੱਤੇ ਭਰਪੂਰ ਮਾਣ ਹੈ।
ਉਹ ਆਖਦੀਆਂ ਹਨ ਕਿ, ‘ਸਾਨੂੰ ਆਪਣੇ ਪਿਤਾ ਤੇ ਇਸ ਕਰਕੇ ਮਾਣ ਹੈ ਕਿ ਉਹ ਸਮਾਜ ਅਤੇ ਭਾਈਚਾਰੇ ਵਾਸਤੇ ਇੰਨਾ ਜਿਆਦਾ ਕੰਮ ਕਰਦੇ ਹਨ। ਜਦੋਂ ਅਸੀਂ ਉਹਨਾਂ ਦੇ ਪੜਾਏ ਹੋਏ ਸਿਖਿਆਰਥੀਆਂ ਜਾਂ ਉਹਨਾਂ ਵਲੋਂ ਮਾਰਗ ਦਰਸ਼ਨ ਕੀਤੇ ਹੋਏ ਲੋਕਾਂ ਨੂੰ ਮਿਲਦੇ ਹਾਂ ਤਾਂ ਸਾਡਾ ਸਿਰ ਮਾਣ ਨਾਲ ਹੋਰ ਵੀ ਉੱਚਾ ਹੋ ਜਾਂਦਾ ਹੈ’।
ਸ਼੍ਰੀ ਜਾਧਵ ਵੀ ਕਹਿੰਦੇ ਹਨ ਕਿ ਉਹ ਜਦੋਂ ਲੋਕਾਂ ਨੂੰ ਆਪਣੇ ਟੀਚਿਆਂ ਨੂੰ ਪ੍ਰਾਪਤ ਕੀਤਾ ਹੋਇਆ ਦੇਖਦੇ ਹਨ ਤਾਂ ਉਹਨਾਂ ਨੂੰ ਅੰਤਾਂ ਦੀ ਖੁਸ਼ੀ ਮਿਲਦੀ ਹੈ।
ਭਾਈਚਾਰੇ ਦੇ ਲੋਕਾਂ ਦੀ ਹਰ ਵੇਲੇ ਮਦਦ ਕਰਨ ਨੂੰ ਤਿਆਰ ਰਹਿਣ ਵਾਲੇ ਸ਼੍ਰੀ ਜਾਧਵ ਆਪਣੇ ਪਰਿਵਾਰ ਪ੍ਰਤੀ ਵੀ ਪੂਰੀ ਤਰਾਂ ਸਪਰਪਿਤ ਹਨ।
ਉਹ ਆਖਦੇ ਹਨ ਕਿ, ‘ਲੋਕਾਂ ਦੀ ਮਦਦ ਕਰਨ ਦੇ ਨਾਲ ਨਾਲ ਆਪਣੀਆਂ ਬੇਟੀਆਂ ਲਈ ਵੀ ਪ੍ਰੇਰਨਾਂ ਸਰੋਤ ਬਨਣਾ ਉਹਨਾਂ ਨੂੰ ਬਹੁਤ ਚੰਗਾ ਲਗਦਾ ਹੈ’।
‘ਤੁਹਾਨੂੰ ਆਪਣੇ ਵਲੋਂ ਕੀਤੇ ਹੋਏ ਹਰ ਕੰਮ ਵਿੱਚੋਂ ਤੁਹਾਨੂੰ ਸੰਤੁਸ਼ਟੀ ਮਿਲਣੀ ਚਾਹੀਦੀ ਹੈ, ਅਤੇ ਮੈਂ ਆਪਣੇ ਆਪ ਨੂੰ ਇਸ ਕਰਕੇ ਕਿਸਮਤ ਵਾਲਾ ਸਮਝਦਾ ਹਾਂ’।
ਇਸ ਸਾਲ ਦਾ ਇਹ ਵਿਕਟੋਰੀਅਨ ਫਾਦਰ ਆਫ ਦਾ ਈਯਰ ਸਨਮਾਨ 62ਵਾਂ ਹੈ।







