ਸਿਡਨੀ ਵਿਚਲੇ ਸਮਾਗਮ ਵਿੱਚ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਖਾਸ ਹਾਜ਼ਰੀ ਰਹੀ ਅਤੇ ਉਹਨਾਂ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਭਾਰਤੀ ਭਾਈਚਾਰੇ ਦੀ ਕਾਫੀ ਸਿਫਤ ਕੀਤੀ।
ਇਸ ਦੌਰਾਨ ਸ਼੍ਰੀ ਮੋਦੀ ਨੇ ਸਿਡਨੀ ਦੇ ਪੱਛਮ ਵਿੱਚ ਭਾਰਤੀ ਸੰਸਕ੍ਰਿਤੀ ਦੇ ਕੇਂਦਰ, ਹੈਰਿਸ ਪਾਰਕ ਵਿੱਚ ਸਥਾਪਤ ਕੀਤੇ ਜਾਣ ਵਾਲ਼ੇ "ਲਿਟਲ ਇੰਡੀਆ" ਦੇ ਨੀਂਹ ਪੱਥਰ ਲਈ ਬਣੀ ਤਖ਼ਤੀ ਦਾ ਵੀ ਉਦਘਾਟਨ ਕੀਤਾ।
ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਖੁਲਾਸਾ ਕੀਤਾ ਕਿ ਪੈਰਾਮਾਟਾ ਵਿਖੇ ਆਸਟ੍ਰੇਲੀਆ-ਭਾਰਤ ਸਬੰਧਾਂ ਲਈ ਇੱਕ ਨਵਾਂ ਕੇਂਦਰ ਸਥਾਪਿਤ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਦੀ ਪਿਛਲੇ10 ਸਾਲਾਂ ਵਿੱਚ ਇਹ ਪਹਿਲੀ ਫੇਰੀ ਹੈ ਜਦਕਿ ਉਹ ਪਿਛਲੇ 12 ਮਹੀਨਿਆਂ ਵਿੱਚ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਨਾਲ਼ ਅੱਜ ਛੇਵੀਂ ਮੀਟਿੰਗ ਕਰ ਰਹੇ ਹਨ।
ਦੋਨੋ ਆਗੂ ਬੁੱਧਵਾਰ ਦੀ ਸਵੇਰ ਨੂੰ ਦੋ-ਪੱਖੀ ਗੱਲਬਾਤ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਇੱਕ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦਿੰਦਿਆਂ ਰਣਨੀਤਕ ਅਤੇ ਆਰਥਿਕ ਸਬੰਧਾਂ ਨੂੰ ਡੂੰਘਾ ਕਰਨ ਸਬੰਧੀ ਉਸਾਰੂ ਯਤਨ ਕਰਨਗੇ।
ਦੱਸਣਯੋਗ ਹੈ ਕਿ ਸ਼੍ਰੀ ਮੋਦੀ ਭਾਰਤ ਦੀਆਂ ਸਭ ਤੋਂ ਮਕਬੂਲ ਹਾਸਤੀਂਆਂ ਵਿੱਚੋਂ ਇੱਕ ਹਨ ਅਤੇ ਉਨ੍ਹਾਂ ਦੇ ਸਮਰਥਕ ਅਕਸਰ ਭਾਰਤ ਦੀ 'ਆਰਥਿਕ ਉੱਨਤੀ' ਦਾ ਸਿਹਰਾ ਉਨਾਂ ਸਿਰ ਬੰਨਦੇ ਹਨ।
ਪਰ ਇਸ ਦੌਰਾਨ ਉਨ੍ਹਾਂ ਨੂੰ ਕੁਝ ਮਨੁੱਖੀ ਅਧਿਕਾਰ ਸਮੂਹਾਂ ਦੇ ਦੋਸ਼ਾਂ ਦਾ ਵੀ ਸਾਹਮਣਾ ਕਰਨਾ ਪਿਆ ਹੈ, ਜੋ ਕਹਿੰਦੇ ਹਨ ਕਿ ਉਨ੍ਹਾਂ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇਸ਼ ਵਿੱਚ ਘੱਟ ਗਿਣਤੀ ਆਬਾਦੀ ਨੂੰ ਨਿਸ਼ਾਨਾ ਬਣਾ ਰਹੀ ਹੈ ਤੇ ‘ਅਸਹਿਮਤੀ’ ਨੂੰ ਨੱਥ ਪਾਉਣ ਲਈ ਭਾਰਤ ਦੀ ਕਾਨੂੰਨੀ ਪ੍ਰਣਾਲੀ ਨੂੰ ਹਥਿਆਰ ਬਣਾ ਰਹੀ ਹੈ।
ਉਨ੍ਹਾਂ ਦੀ ਅਗਵਾਈ ਵਿੱਚ, ਭਾਰਤ, ਵਿਸ਼ਵ ਪ੍ਰੈਸ ਫਰੀਡਮ ਇੰਡੈਕਸ ਵਿੱਚ 180 ਵਿੱਚੋਂ 161 ਦੇਸ਼ਾਂ ਵਿੱਚ ਆ ਗਿਆ ਹੈ ਜਿਸ ਵਿੱਚ ਸਿਆਸੀ ਪੱਖਪਾਤੀ,ਪੱਤਰਕਾਰਾਂ ਅਤੇ ਮੀਡੀਆ ਵਿਰੁੱਧ ਵਧਦੀ ਹਿੰਸਾ ਦਾ ਹਵਾਲਾ ਦਿੱਤਾ ਗਿਆ ਹੈ।
ਭਾਰਤ ਦੇ ਮੁੱਖ ਵਿਰੋਧੀ ਧਿਰ ਨੇਤਾ ਰਾਹੁਲ ਗਾਂਧੀ ਨੂੰ ਵੀ ਸ਼੍ਰੀ ਮੋਦੀ 'ਤੇ ਕੀਤੀ ਗਈ ਟਿੱਪਣੀ ਲਈ ਮਾਣਹਾਨੀ ਦੇ ਚਲਦਿਆਂ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਿਸਨੂੰ ਹਿਊਮਨ ਰਾਈਟਸ ਵਾਚ ਨੇ ਸ਼੍ਰੀ ਅਲਬਾਨੀਜ਼ ਨੂੰ ਇਸ ਦੌਰੇ ਦੌਰਾਨ ਆਪਣੇ ਹਮਰੁਤਬਾ ਨਾਲ ਉਠਾਉਣ ਦੀ ਅਪੀਲ ਕੀਤੀ ਹੈ।
ਭਾਰਤੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਆਸਟ੍ਰੇਲੀਆ ਅਤੇ ਪ੍ਰਸ਼ਾਂਤ ਟਾਪੂ ਮੁਲਕਾਂ ਦੀ ਫੇਰੀ ਬਾਰੇ ਹੋਰ ਵੇਰਵੇ ਲਈ ਇਹ ਆਡੀਓ ਕਲਿਪ ਸੁਣੋ ਜੋ ਕੱਲ ਰਾਤ ਦੀਆਂ ਖ਼ਬਰਾਂ ਵਿੱਚ ਵੀ ਸੁਣਾਈ ਗਈ ਸੀ…..