ਜਸਮੀਨ ਕੌਰ ਪੰਨੂੰ ਜੋ ਕਿ ਆਸਟ੍ਰੇਲੀਆ ਦੇ ਇੱਕ ਨਾਮਵਰ ਬੈਂਕ ਵਿੱਚ ਐਂਟੀ ਫਰੌਡ ਅਫਸਰ ਵਜੋਂ ਕੰਮ ਕਰਦੇ ਹਨ, ਦਾ ਕਹਿਣਾ ਹੈ, "ਅੱਜ-ਕਲ ਘੁਟਾਲੇਬਾਜਾਂ ਵੱਲੋਂ ਇੰਟਰਨੈੱਟ ਦੁਆਰਾ ਲੋਕਾਂ ਨੂੰ ਲੁੱਟਣ ਲਈ ਕਈ ਪ੍ਰਕਾਰ ਦੇ ਹੀਲੇ ਵਰਤੇ ਜਾ ਰਹੇ ਹਨ।”
“ਲੋਕਾਂ ਨੂੰ ਕਈ ਪ੍ਰਕਾਰ ਦੇ ਲਾਲਚ ਦੇ ਕੇ, ਅਤੇ ਕਈ ਵਾਰ ਤਾਂ ਡਰਾ ਧਮਕਾ ਕੇ ਵੀ ਪੈਸੇ ਲੁੱਟੇ ਕੀਤੇ ਜਾਂਦੇ ਹਨ।”
ਬਹੁਤ ਵਾਰ ਨੌਕਰੀਆਂ ਦੇਣ ਦਾ ਲਾਲਚ, ਅਤੇ ਕਈ ਵਾਰ ਪਿਆਰ ਅਤੇ ਵਿਆਹ ਕਰਵਾਉਣ ਵਾਲੇ ਲੁਭਾਉਣ ਵਾਲੇ ਸੁਪਨੇ ਵੀ ਦਿਖਾਏ ਜਾਂਦੇ ਹਨ।
“ਬਹੁਤ ਸਾਰੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਘੁਟਾਲੇਬਾਜਾਂ ਵੱਲੋਂ ਸਰਕਾਰੀ ਅਫਸਰ ਬਣ ਕੇ ਫੋਨ ‘ਤੇ ਸੰਪਰਕ ਕੀਤਾ ਜਾਂਦਾ ਹੈ। ਉਹਨਾਂ ਨੂੰ ਦੇਸ਼ ਵਿੱਚੋਂ ਕੱਢ ਦੇਣ ਦੀਆਂ ਧਮਕੀਆਂ ਤੱਕ ਵੀ ਦਿੱਤੀਆਂ ਜਾਂਦੀਆਂ ਹਨ।”
ਕੋਵਿਡ ਪਾਬੰਦੀਆਂ ਕਾਰਨ ਆਪਣੇ ਘਰ ਰਹਿਣ ਲਈ ਮਜਬੂਰ ਲੋਕਾਂ ਨੂੰ ਭਾਈਚਾਰਕ ਸਾਂਝ, ਖਰੀਦਦਾਰੀ, ਅਤੇ ਭੁਗਤਾਨ ਆਦਿ ਕਰਨ ਲਈ ਆਨਲਾਈਨ ਸੇਵਾਵਾਂ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਮਿਸ ਪੰਨੂੰ ਦਸਦੀ ਹੈ ਕਿ ਜਿਆਦਾਤਰ ਧੋਖਾ ਕਰਨ ਵਾਲੇ ਲੋਕ ਵੱਡੇ ਅਦਾਰਿਆਂ ਦਾ ਨਾਮ ਵਰਤ ਕੇ ਉਹਨਾਂ ਵਰਗਾ ਈ-ਮੇਲ ਐਡਰੈਸ ਬਣਾ ਲੈਂਦੇ ਹਨ। ਪਰ ਉਹ ਕਦੀ ਵੀ ਪੂਰਾ ਅਤੇ ਪੱਕਾ ਪਤਾ ਨਹੀਂ ਵਰਤਦੇ ਜਿੱਥੋਂ ਉਹਨਾਂ ਤੱਕ ਪਹੁੰਚਿਆ ਜਾ ਸਕੇ।
“ਕਿਸੇ ਵੀ ਅਣਜਾਣ ਵਿਅਕਤੀ ਨੂੰ ਆਪਣੀ ਨਿਜ਼ੀ ਜਾਣਕਾਰੀ ਕਦੀ ਨਾ ਦੇਓ ਅਤੇ ਹਮੇਸ਼ਾਂ ਸਮਾਂ ਰਹਿੰਦੇ ਹੋਏ ਹੀ ਉਸ ਅਦਾਰੇ ਬਾਰੇ ਪੂਰੀ ਤਰਾਂ ਜਾਂਚ ਜਰੂਰ ਕਰ ਲਵੋ।”
ਮਿਸ ਪੰਨੂੰ ਦਾ ਕਹਿਣਾ ਹੈ ਕਿ ਜੇਕਰ ਕੋਈ ਧੋਖੇ ਦਾ ਸ਼ਿਕਾਰ ਬਣ ਜਾਂਦਾ ਹੈ ਤਾਂ ਪਤਾ ਚੱਲਣ ‘ਤੇ ਤੁਰੰਤ ਬੈਂਕ ਨਾਲ ਸੰਪਰਕ ਕਰੋ, ਅਤੇ ਨਾਲ ਹੀ ਪੁਲਿਸ ਨੂੰ ਵੀ ਰਿਪੋਰਟ ਕਰੋ।
ਕਈ ਵਾਰ ਤੁਹਾਡਾ ਨਾਮ ਅਤੇ ਨਿਜੀ ਜਾਣਕਾਰੀ ਵਰਤ ਕੇ ਹੋਰਨਾ ਲੋਕਾਂ ਨੂੰ ਤੁਹਾਡੇ ਨਾਮ ਉੱਤੇ ਹੀ ਲੁੱਟਿਆ ਜਾ ਸਕਦਾ ਹੈ, ਜਿਸ ਬਾਰੇ ਬਹੁਤ ਦੇਰ ਬਾਅਦ ਪਤਾ ਚਲਦਾ ਹੈ।
ਲੋਕਾਂ ਨੂੰ ਚਾਹੀਦਾ ਹੈ ਕਿ ਉਹ ਹਰ 12 ਮਹੀਨਿਆਂ ਬਾਅਦ ਆਪਣੇ ਬੈਂਕ ਤੋਂ ਇਹ ਰਿਪੋਰਟ ਜ਼ਰੂਰ ਮੰਗਣ ਕਿ ਇਸ ਸਮੇਂ ਦੌਰਾਨ ਕਿਹੜੇ-ਕਿਹੜੇ ਅਦਾਰੇ ਨੇ ਉਹਨਾਂ ਦੀ ਕਰੈਡਿੱਟ ਹਿਸਟਰੀ ਜਾਨਣ ਲਈ ਬੈਂਕ ਨਾਲ ਸੰਪਰਕ ਕੀਤਾ ਸੀ।
ਇਹ ਰਿਪੋਰਟ ਬਿਲਕੁੱਲ ਮੁਫਤ ਦਿੱਤੀ ਜਾਂਦੀ ਹੈ।
ਮਿਸ ਪੰਨੂੰ ਸਲਾਹ ਦਿੰਦੇ ਹੋਏ ਕਹਿੰਦੇ ਹਨ, “ਆਪਣੀਆਂ ਬੈਂਕ ਦੀਆਂ ਸਟੇਟਮੈਂਟਾਂ ਨੂੰ ਚੰਗੀ ਤਰਾਂ ਨਾਲ ਜਾਂਚਣਾ ਚਾਹੀਦਾ ਹੈ ਅਤੇ ਹਰ ਛੋਟੇ ਪਰ ਸ਼ੱਕੀ ਭੁਗਤਾਨ ਬਾਰੇ ਪੂਰੀ ਪੜਤਾਲ ਕਰਵਾਉਣੀ ਚਾਹੀਦੀ ਹੈ।”
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।