ਹਾਕੀ ਵਿਕਟੋਰੀਆ ਵਲੋਂ ਆਯੋਜਿਤ 'ਜੇ. ਐਸ. ਸੀ' ਵਿਕਟੋਰੀਆ ਦੇ ਜੂਨੀਅਰ ਖਿਡਾਰੀਆਂ ਲਈ ਇੱਕ ਪ੍ਰੀਮੀਅਰ ਹਾਕੀ ਚੈਂਪੀਅਨਸ਼ਿਪ ਹੈ।
ਮਾਣ ਵਾਲੀ ਗੱਲ ਹੈ ਕਿ ਇਸ ਸਾਲ ਪੰਜਾਬੀ ਭਾਈਚਾਰੇ ਦੇ ਬੱਚਿਆਂ ਨੇ ਵੀ ਇਸ ਚੈਂਪੀਅਨਸ਼ਿਪ 'ਚ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਉਨ੍ਹਾਂ ਵਿਚੋਂ ਕੁਝ ਬੱਚਿਆਂ ਨੇ ਕੁਝ ਖਾਸ ਪ੍ਰਾਪਤੀਆਂ ਵੀ ਦਰਜ ਕੀਤੀਆਂ।
ਅੰਡਰ-13 ਵਰਗ ਦੇ ਫਾਈਨਲ ਵਿੱਚ 'ਰੈਡ ਡੇਵਿਲਜ਼' ਟੀਮ ਨੇ ਗੋਲ੍ਡ ਮੈਡਲ ਮੈਚ ਵਿੱਚ ਵਿਰੋਧੀ ਟੀਮ 'ਟਾਈਗਰਜ਼' ਨੂੰ ਹਰਾ ਕੇ 2021 ਦੀ ਸ਼ੀਲਡ ਆਪਣੇ ਨਾਮ ਕੀਤੀ।
ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਚੈਂਪੀਅਨਸ਼ਿਪ ਦੇ ਵੇਰਵੇ ਤੇ ਚਾਨਣਾ ਪਾਉਂਦੇ ਹੋਏ ਹੋਏ ਪਰਮਦੀਪ ਸਿੰਘ ਦੀ ਮਾਂ ਪਵੀ ਹੀਰ ਨੇ ਦੱਸਿਆ ਕਿ "ਅੰਡਰ 13, ਅੰਡਰ 15, ਅੰਡਰ 18: ਇਨ੍ਹਾਂ 3 ਉਮਰ ਵਰਗਾਂ ਦੇ ਅੰਦਰ ਕੋਈ ਵੀ ਖਿਡਾਰੀ ਚੁਣੇ ਜਾਣ ਲਈ ਟਰਾਇਲ ਦੇ ਸਕਦਾ ਹੈ। ਹਾਕੀ ਵਿਕਟੋਰੀਆ ਵਲੋਂ ਅਜ਼ਮਾਇਸ਼ ਤੋਂ ਬਾਅਦ, ਬੱਚਿਆਂ ਦੀ ਚੋਣ ਹਾਕੀ ਖੇਡਣ ਦੇ ਗੁਣਾਂ ਅਤੇ ਹੁਨਰ ਦੇ ਅਧਾਰ 'ਤੇ ਕੀਤੀ ਜਾਂਦੀ ਹੈ।"

Jashan, Param and Naunihal with their team mates after winning U13 JSC 2021 Source: Supplied by Taqdir Deol
ਉਸਨੇ ਕਿਹਾ, "ਉਮਰ, ਸਮੂਹਾਂ ਅਤੇ ਜ਼ੋਨਾਂ ਬਾਰੇ ਵਿਸਥਾਰ ਤਫਤੀਸ਼ ਕਰਨ ਲਈ ਹਾਕੀ ਵਿਕਟੋਰੀਆ ਦੀ ਵੈਬਸਾਈਟ ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਉਥੋਂ ਅਸੀਂ ਖੇਤਰੀ ਅਤੇ ਮੈਟਰੋ ਜ਼ੋਨ ਦੇ ਅਨੁਸਾਰ ਆਪਣੇ ਜ਼ੋਨ ਲਈ ਅਜ਼ਮਾਇਸ਼ ਅਤੇ ਨਾਮਜ਼ਦ ਲਿੰਕ ਦੇ ਵੇਰਵੇ ਪ੍ਰਾਪਤ ਕਰ ਸਕਦੇ ਹਾਂ।"
ਮਨੋਬਲ ਵਿੱਚ ਵਿਕਾਸ ਦੀ ਗੱਲ ਕਰਦਿਆਂ ਪਵੀ ਨੇਂ ਕਿਹਾ, "ਖੇਡਾਂ ਦੇ ਨਾਲ ਬੱਚੇ ਨਿੱਜੀ ਵਿਕਾਸ ਦੇ ਹੁਨਰ ਸਿੱਖਦੇ ਹਨ।"
ਹਾਕੀ ਵਿੱਚ ਸ਼ਮੂਲੀਅਤ ਨਾਲ ਅਸੀਂ ਆਪਣੇ ਬੱਚਿਆਂ ਦੇ ਆਤਮ-ਵਿਸ਼ਵਾਸ ਅਤੇ ਪ੍ਰੇਰਣਾ ਵਿੱਚ ਵਾਧਾ ਵੇਖਿਆ।
ਬੱਚਿਆਂ ਨਾਲ ਗੱਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਹਾਕੀ ਵੱਲ ਉਨ੍ਹਾਂ ਦਾ ਕੁਦਰਤੀ ਤੌਰ ਤੇ ਹੀ ਝੁਕਾਅ ਰਿਹਾ ਹੈ।
ਪੰਜਵੀ ਜਮਾਤ ਵਿੱਚ ਪੜ੍ਹਦੇ 11 ਸਾਲਾਂ ਪਰਮਦੀਪ ਸਿੰਘ ਨੇ ਆਪਣੇ ਖੇਡਣ ਦੇ ਪਸੰਦੀਦਾ ਹਿੱਸੇ ਬਾਰੇ ਗਲ ਕਰਦਿਆਂ ਦੱਸਿਆ ਕਿ "ਜਦੋਂ ਮੈਂ ਹਾਕੀ ਖੇਡਦਾ ਹਾਂ ਤਾਂ ਮੈਂ ਇਸ ਦਾ ਬਹੁਤ ਆਨੰਦ ਲੈਂਦਾ ਹਾਂ। ਅਸੀਂ ਸਿਖਲਾਈ ਕਰਦੇ ਹਾਂ ਅਤੇ ਮਸਤੀ ਕਰਦੇ ਹਾਂ।"
ਜਸ਼ਨਦੀਪ ਸਿੰਘ ਦਿਓਲ ਆਪਣੀ ਸਖਤ ਮਿਹਨਤ ਸਦਕਾ ਨੇੜ-ਭਵਿੱਖ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਆਸਟ੍ਰੇਲੀਆ ਦੀ ਕੌਮੀ ਟੀਮ ਵਿੱਚ ਖੇਡਣਾ ਚਾਹੁੰਦਾ ਹੈ।

The team after winning the match Source: Supplied by Taqdir Deol
ਛੇਵੀਂ ਜਮਾਤ ਵਿੱਚ ਪੜ੍ਹਦੇ ਜਸ਼ਨ ਨੂੰ ਪਹਿਲੀ ਵਾਰ ਹਾਕੀ ਵਿੱਚ ਦਿਲਚਸਪੀ ਤੀਜੀ ਵਿੱਚ ਪੜ੍ਹਦਿਆਂ ਪਈ ਤੇ ਹੁਣ ਹਾਕੀ ਖੇਡਣਾ ਉਸ ਨੂੰ ਬਹੁਤ ਪਸੰਦ ਹੈ।
ਸੈਂਟਰ ਫਾਰਵਰਡ ਖੇਡਣ ਵਾਲੇ ਨੌਨਿਹਾਲ ਸਿੰਘ ਨੇ ਚੈਂਪੀਅਨਸ਼ਿਪ ਦੌਰਾਨ 2 ਗੋਲ ਕੀਤੇ। "ਗੋਲ ਕਰਨ ਤੋਂ ਬਾਅਦ ਮੈਨੂੰ ਬਹੁਤ ਚੰਗਾ ਮਹਿਸੂਸ ਹੁੰਦਾ ਹੈ। ਮੈਂ ਆਪਣੀ ਵੱਡੀ ਭੈਣ ਨੂੰ ਹਾਕੀ ਖੇਡਦੇ ਹੋਏ ਵੇਖਦਿਆਂ ਹਾਕੀ ਖੇਡਣੀ ਸ਼ੁਰੂ ਕੀਤੀ," ਉਸ ਨੇ ਦੱਸਿਆ।
"ਜੈਮੀ ਡਵਾਈਅਰ, ਆਸਟਰੇਲੀਆਈ ਫੀਲਡ ਹਾਕੀ ਖਿਡਾਰੀ ਮੇਰਾ ਮਨਪਸੰਦ ਖਿਡਾਰੀ ਹੈ", 10-ਸਾਲਾ ਨੌਨਿਹਾਲ ਨੇ ਆਪਣੇ ਸ਼ੁੱਧ ਪੰਜਾਬੀ ਲਹਿਜ਼ੇ ਵਿੱਚ ਕਿਹਾ।
ਪੂਰੀ ਇੰਟਰਵਿਊ ਪੰਜਾਬੀ ਵਿਚ ਸੁਣਨ ਲਈ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰੋ।