ਡਾ: ਆਸਮਾ ਕਾਦਰੀ ਓਰੀਐਂਟ ਕਾਲੇਜ, ਪੰਜਾਬ ਯੂਨੀਵਰਸਿਟੀ, ਲਾਹੌਰ ਵਿੱਚ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾ ਰਹੇ ਹਨ।
ਉਨ੍ਹਾਂ ਦਾ ਪੰਜਾਬੀ ਕਵਿਤਾ ਤੇ ਸਾਹਿਤ ਨਾਲ਼ ਅਥਾਹ ਪਿਆਰ ਹੈ। ਉਨ੍ਹਾਂ ਦਾ ਅਕਾਦਮਿਕ ਤੇ ਸਾਹਿਤਿਕ ਸਫ਼ਰ ਲਹਿੰਦੇ ਤੇ ਚੜ੍ਹਦੇ ਪੰਜਾਬ ਵਿਚਲੀ ਸਾਂਝ ਤੇ ਮੁਹੱਬਤ ਦੀ ਤਰੁਜ਼ਮਾਨੀ ਕਰਦਾ ਹੈ।
ਇਹੀ ਕਾਰਨ ਹੈ ਕਿ ਉਨ੍ਹਾਂ ਨੂੰ ਅਕਸਰ ਇਸ ਸਿਲਸਿਲੇ ਵਿੱਚ ਦੇਸ਼-ਵਿਦੇਸ਼ ਵਿੱਚ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲਦਾ ਹੈ ਤੇ ਇਸ ਸੂਚੀ ਵਿੱਚ ਹੁਣ ਆਸਟ੍ਰੇਲੀਆ ਵੀ ਸ਼ਾਮਿਲ ਹੈ।

ਡਾ: ਕਾਦਰੀ ਦੀ ਪੀ ਐਚ ਡੀ ਪੰਜਾਬੀ ਭਾਸ਼ਾ ਵਿੱਚ ਕਵਿਤਾ ਦੇ ਕਲਾਸੀਕਲ ਰੂਪਾਂ 'ਤੇ ਕੇਂਦ੍ਰਿਤ ਸੀ ਅਤੇ ਇਸ ਦੌਰਾਨ ਉਨ੍ਹਾਂ ਕਵਿਤਾ ਵਿੱਚ ਸਮਾਨਤਾ, ਨੈਤਿਕਤਾ ਅਤੇ ਪਰੰਪਰਾਵਾਂ ਵਰਗੇ ਵਿਸ਼ਿਆਂ ਦੀ ਖੋਜ ਵਿੱਚ ਵੀ ਆਪਣਾ ਯੋਗਦਾਨ ਪਾਇਆ।
"ਇਸ ਖੋਜ-ਪੜਤਾਲ ਰਾਹੀਂ ਮੈਂ ਕਾਵਿ ਦੇ 60 ਤੋਂ ਵੱਧ ਰੂਪਾਂ ਦਾ ਵਿਸ਼ਲੇਸ਼ਣ ਕੀਤਾ ਹੈ, ਜਿਸ ਵਿੱਚ ਸਿੱਖ ਅਧਿਆਤਮਿਕ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 20 ਤੋਂ ਵੱਧ ਹਿੱਸੇ ਸ਼ਾਮਲ ਹਨ," ਉਨ੍ਹਾਂ ਕਿਹਾ।
"ਮੈਂ ਮਹਿਸੂਸ ਕਰਦੀ ਹਨ ਕਿ ਨਜਮ ਹੁਸੈਨ ਸਈਦ ਦੇ ਕੰਮ ਨੇ ਕਵਿਤਾ ਅਤੇ ਸੰਗੀਤ ਵਿਚਕਾਰ ਸਬੰਧ ਦੀ ਮੇਰੀ ਸਮਝ ਨੂੰ ਮਜ਼ਬੂਤ ਕੀਤਾ ਹੈ। ਮੇਰੇ ਖ਼ਿਆਲ ਵਿਚ, ਕਲਾਸੀਕਲ ਸਾਹਿਤ ਪੰਜਾਬੀ ਸਾਹਿਤ ਦੀ ਨੀਂਹ ਹੈ …. ਸ਼ੇਖ ਫ਼ਰੀਦ ਵਰਗੇ ਕਵੀਆਂ ਦੁਆਰਾ 12ਵੀਂ ਸਦੀ ਦੀ ਕਵਿਤਾ ਅੱਜ ਵੀ ਪ੍ਰਸੰਗਿਕ ਹੈ।“

ਡਾ: ਕਾਦਰੀ ਪੰਜਾਬੀ ਸਾਹਿਤ ਅਤੇ ਇਤਿਹਾਸ ਦੇ ਝਰੋਖੇ ਵਿਚੋਂ 20 ਤੋਂ ਵੀ ਵੱਧ ਕਿਤਾਬਾਂ ਆਪਣੇ ਪਾਠਕਾਂ ਦੀ ਝੋਲੀ ਪਾ ਚੁਕੇ ਹਨ।
ਉਨ੍ਹਾਂ ਦੀ ਖੋਜ, ਪੰਜਾਬੀ ਕਲਾਸੀਕਲ ਕਵਿਤਾ, ਗੁਰੂ ਗ੍ਰੰਥ ਸਾਹਿਬ ਤੇ ਪੰਜਾਬੀ ਭਾਸ਼ਾ ਦੇ ਲੇਖਕ ਅਤੇ ਆਲੋਚਕ, ਨਜਮ ਹੁਸੈਨ ਸੈਯਦ 'ਤੇ ਕੇਂਦਰਤ ਰਹੀ ਹੈ।
ਪਾਕਿਸਤਾਨ ਵਿੱਚ ਪੰਜਾਬੀ ਬੋਲੀ ਲਈ ਆਪਣੇ ਫ਼ਿਕਰ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਪਾਕਿਸਤਾਨ ਦੇ ਅੰਦਰ ਪੇਂਡੂ ਖੇਤਰ ਵਿੱਚ ਅਜੇ ਵੀ ਵੱਡੀ ਗਿਣਤੀ ਵਿੱਚ ਲੋਕ ਪੰਜਾਬੀ ਬੋਲਦੇ ਹਨ ਪਰ ਬਹੁਤੇ ਲੋਕ ਹੁਣ ਉਰਦੂ ਅਤੇ ਅੰਗਰੇਜ਼ੀ ਨੂੰ ਵੱਕਾਰੀ ਨੌਕਰੀ ਅਤੇ ਉੱਚ ਸਿੱਖਿਆ ਦੇ ਮੁੱਖ ਰਸਤੇ ਵਜੋਂ ਦੇਖਦੇ ਹਨ, ਜਿਸ ਕਰਕੇ ਇਸਦੀ ਤਰੱਕੀ ਤੇ ਫੈਲਾਅ ਉਨ੍ਹਾਂ ਨਾ ਹੋ ਸਕਿਆ ਜਿੰਨਾ ਹੋਣਾ ਚਾਹੀਦਾ ਸੀ।
“ਮੇਰਾ ਵਿਸ਼ਵਾਸ ਹੈ ਕਿ ਭਾਸ਼ਾ ਤੇ ਆਪਣੇ ਵਿਰਸੇ-ਵਿਰਾਸਤ ਨੂੰ ਸੁਰੱਖਿਅਤ ਰੱਖਣ ਲਈ ਸਾਨੂੰ ਪੰਜਾਬੀ ਦਾ ਅਧਿਐਨ ਕਰਨਾ ਚਾਹੀਦਾ ਹੈ। ਸਾਡੀ ਨਵੀਂ ਪੀੜ੍ਹੀ ਨੂੰ ਪੰਜਾਬੀ ਸਿੱਖਣ ਤੇ ਮਾਂ-ਬੋਲੀ ਨਾਲ ਜੁੜਨ ਦਾ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ," ਉਨ੍ਹਾਂ ਕਿਹਾ।
ਹੋਰ ਵੇਰਵੇ ਲਈ ਉਨ੍ਹਾਂ ਨਾਲ਼ ਕੀਤੀ ਇਹ ਇੰਟਰਵਿਊ ਸੁਣੋ......




