Key Points
- ਸਰਨਪਾਲ ਕੈਲੇ ਆਸਟ੍ਰੇਲੀਆ ਦੀ ਗਲੋਬਲ ਲਾਅ ਫਰਮ ਐਲਨ ਐਂਡ ਓਵਰੀ ਵਿੱਚ ਇੱਕ ਤਕਨਾਲੋਜੀ ਅਤੇ ਡਿਜੀਟਲ ਵਕੀਲ ਹੈ।
- ਆਸਟ੍ਰੇਲੀਆਂ ਵਿੱਚ ਸਿਰਫ 1.6 ਫੀਸਦੀ ਬੈਰਿਸਟਰ ਅਤੇ 0.8 ਫੀਸਦੀ ਨਿਆਂਪਾਲਿਕਾ ਏਸ਼ੀਆਈ ਮੂਲ ਦੇ ਹਨ।
- ਸਰਨਪਾਲ ਸਿੱਖ ਯੂਥ ਆਸਟ੍ਰੇਲੀਆ ਦੇ ਨਿਰਦੇਸ਼ਕ ਅਤੇ ਯੰਗ ਸਿੱਖ ਪ੍ਰੋਫੈਸ਼ਨਲ ਨੈੱਟਵਰਕ ਦੇ ਸਹਿ-ਸੰਸਥਾਪਕ ਵੀ ਹਨ।
ਹੋਬਾਰਟ (ਤਸਮਾਨੀਆ) ਵਿੱਚ ਮਲੇਸ਼ੀਅਨ ਮੂਲ ਦੇ ਇੱਕ ਸਿੱਖ ਪਰਿਵਾਰ ਵਿੱਚ ਜਨਮੇ, ਸਰਨਪਾਲ ਕੈਲੇ ਦਾ ਕਹਿਣਾ ਹੈ ਕਿ ਸਖ਼ਤ ਮਿਹਨਤ ਅਤੇ ਆਪਣੇ ਸਿਧਾਂਤਾਂ ਨਾਲ ਜੁੜੇ ਰਹਿਣ ਦੇ ਨਾਲ ਉਹ ਇਸ ਰੈਂਕ ਤੱਕ ਪਹੁੰਚੇ ਹਨ।
ਐਸ ਬੀ ਐਸ ਪੰਜਾਬੀ ਨਾਲ ਇਸ ਵਿਸ਼ੇਸ਼ ਇੰਟਰਵਿਊ ਦੌਰਾਨ ਸਰਨਪਾਲ ਨੇ ਆਪਣੇ ਤਜ਼ਰਬਿਆਂ ਨੂੰ ਪ੍ਤੀਬਿੰਬਤ ਕਰਦਿਆਂ ਆਪਣੀ ਜ਼ਿੰਦਗੀ ਦੇ ਸਫ਼ਰ 'ਤੇ ਚਾਨਣਾ ਪਾਇਆ।
ਸਰਨਪਾਲ ਕੋਲ ਆਸਟ੍ਰੇਲੀਆਈ ਡਾਟਾ ਸੁਰੱਖਿਆ ਨਿਯਮਾਂ 'ਤੇ ਸਲਾਹ ਦੇਣ ਦਾ ਮਹੱਤਵਪੂਰਨ ਤਜਰਬਾ ਹੈ ਅਤੇ ਆਪਣੇ ਕੰਮ ਦੇ ਬਲਬੂਤੇ ਓਹਨਾਂ ਨੇ ਆਸਟ੍ਰੇਲੀਆ ਦੇ ਦੋ ਸਭ ਤੋਂ ਵੱਡੇ ਬੈਂਕਾਂ ਲਈ ਐਂਟਰਪ੍ਰਾਈਜ਼-ਵਿਆਪਕ ਰਣਨੀਤਕ ਡਿਜੀਟਲ ਪਰਿਵਰਤਨ ਪ੍ਰੋਜੈਕਟਾਂ ਦੀ ਅਗਵਾਈ ਵੀ ਕੀਤੀ ਹੈ।
ਉਨ੍ਹਾਂ ਸਾਂਝਾ ਕੀਤਾ ਕਿ ਕਿਵੇਂ ਉਨ੍ਹਾਂ ਨੇ ਕੁਈਨਜ਼ਲੈਂਡ ਅਤੇ ਨਿਊ ਸਾਊਥ ਵੇਲਜ਼ ਵਿੱਚ ਸਿੱਖਾਂ ਲਈ ਸਾਈਕਲ ਹੈਲਮੇਟ ਕਾਨੂੰਨਾਂ ਨੂੰ ਸੋਧੇ ਜਾਣ ਵਿੱਚ ਵੀ ਸਫਲਤਾ ਹਾਸਿਲ ਕੀਤੀ।
"ਕੋਵਿਡ ਮਹਾਂਮਾਰੀ ਦੌਰਾਨ ਵੀ ਸਿੱਖ ਡਾਕਟਰਾਂ ਨੂੰ ਸੁਰੱਖਿਅਤ ਤਰੀਕੇ ਨਾਲ ਮਾਸਕ ਪਹਿਨਣ ਦੀ ਇਜਾਜ਼ਤ ਦੇਣ ਲਈ ਅਸੀਂ ਕਾਨੂੰਨੀ ਕੋਸ਼ਿਸ਼ਾਂ ਕੀਤੀਆਂ ਅਤੇ ਸਰਕਾਰ ਨੂੰ ਸਾਡੇ ਮਸਲੇ ਤੋਂ ਜਾਣੂ ਕਰਵਾਇਆ" ਉਨ੍ਹਾਂ ਦੱਸਿਆ।
"ਮੈਨੂੰ ਮਾਣ ਹੈ ਕਿ ਮੈਂ ਆਪਣੀ ਕਮਿਊਨਿਟੀ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਵਿੱਚ ਸਹਾਇਤਾ ਕਰਨ ਦੇ ਸਮਰੱਥ ਹਾਂ, ਅਤੇ ਭਾਈਚਾਰੇ ਦਾ ਸਮਰਥਨ ਇੱਕ ਐਸੀ ਚੀਜ਼ ਹੈ ਜੋ ਸਾਨੂੰ ਸਾਰਿਆਂ ਨੂੰ ਵੱਧ ਚੜਕੇ ਕਰਨਾ ਚਾਹੀਦਾ ਹੈ ਤਾਂ ਜੋ ਅਗਲੀਆਂ ਪੀੜੀਆਂ ਸੌਖੀਆਂ ਰਹਿ ਸਕਣ," ਸ੍ਰੀ ਕੈਲੇ ਨੇ ਕਿਹਾ।
ਜ਼ਿਕਰਯੋਗ ਹੈ ਕਿ ਆਸਟ੍ਰੇਲੀਅਨ ਹਿਊਮਨ ਰਾਈਟਸ ਕਮਿਸ਼ਨ ਦੇ ਅਨੁਸਾਰ, ਸਿਰਫ 1.6 ਪ੍ਰਤੀਸ਼ਤ ਬੈਰਿਸਟਰ ਅਤੇ 0.8 ਪ੍ਰਤੀਸ਼ਤ ਨਿਆਂਪਾਲਿਕਾ ਏਸ਼ੀਆਈ ਮੂਲ ਦੇ ਹਨ।
ਸਰਨਪਾਲ ਨੌਜਵਾਨਾਂ ਨੂੰ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ। ਉਹ ਰਾਸ਼ਟਰੀ ਸੰਸਥਾ ਸਿੱਖ ਯੂਥ ਆਸਟ੍ਰੇਲੀਆ ਦੇ ਡਾਇਰੈਕਟਰ ਅਤੇ ਯੰਗ ਸਿੱਖ ਪ੍ਰੋਫੈਸ਼ਨਲਜ਼ ਨੈਟਵਰਕ (ਵਾਈ ਐਸ ਪੀ ਐਨ) ਦੇ ਸਹਿ-ਸੰਸਥਾਪਕ ਵੀ ਹਨ।
ਸਰਨਾਪਲ ਕੈਲੇ ਨਾਲ ਇੰਟਰਵਿਊ ਸੁਣਨ ਲਈ ਆਡੀਓ ਆਈਕਨ 'ਤੇ ਕਲਿੱਕ ਕਰੋ: