ਅਰਵਿੰਦਰ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ, “ਬੱਚਿਆਂ ਲਈ ਆਸਟ੍ਰੇਲੀਆ ਵਿੱਚ ਉਪਲੱਬਧ ਪੁਸਤਕਾਂ ਵਿੱਚ ਭਾਰਤੀ ਅਤੇ ਪੰਜਾਬੀ ਸਭਿਆਚਾਰ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੁੰਦੀ। ਇਸ ਲਈ ਮੈਂ ਅਤੇ ਮੇਰੀ ਪਤਨੀ ਨੇ ਭਾਲ ਕਰਦੇ ਹੋਏ ਅੰਮ੍ਰਿਤਸਰ ਦੇ ਇੱਕ ਪਬਲਿਸ਼ਰ ਨਾਲ ਸੰਪਰਕ ਕੀਤਾ ਜਿਸਨੇ ਕਾਫੀ ਮਿਆਰੀ ਪੁਸਤਕਾਂ ਦੀ ਸੂਚੀ ਸਾਨੂੰ ਭੇਜੀ”।
ਅਰਵਿੰਦਰ ਸਿੰਘ ਅਤੇ ਉਹਨਾਂ ਦੇ ਪਤਨੀ ਨੇ ਬੱਚਿਆਂ ਲਈ ਉਪਲਬਧ ਪੁਸਤਕਾਂ ਦੀ ਇਸ ਲੰਬੀ ਸੂਚੀ ਨੂੰ ਘੋਖਦਿਆਂ ਆਪਣੇ 2 ਅਤੇ 6 ਸਾਲ ਦੇ ਬੱਚਿਆਂ ਲਈ ਕਾਫੀ ਸਾਰੀਆਂ ਪੁਸਤਕਾਂ ਇਥੋਂ ਮੰਗਵਾਈਆਂ।
ਆਪਣੇ ਬੱਚਿਆਂ ਨੂੰ ਇਹਨਾਂ ਪੁਸਤਕਾਂ ਤੋਂ ਹੋਏ 'ਸਪਸ਼ਟ ਲਾਭ' ਨੂੰ ਦੇਖਦੇ ਹੋਏ ਸ਼੍ਰੀ ਸਿੰਘ ਪਰਿਵਾਰ ਨੇ ਹੁਣ ਇਹਨਾਂ ਪੁਸਤਕਾਂ ਨੂੰ ਅਜਿਹੇ ਦੂਜੇ ਮਾਪਿਆਂ ਤੱਕ ਵੀ ਉਪਲਬਧ ਕਰਵਾਉਣ ਦੀ ਠਾਣੀ ਹੈ, ਜੋ ਇਹਨਾਂ ਵਾਂਗ ਹੀ ਮਿਆਰੀ ਪੁਸਤਕਾਂ ਦੀ ਭਾਲ ਵਿੱਚ ਲੱਗੇ ਹੋਏ ਹਨ।

Books to connect with Punjabi values Source: Arwinder Singh
“ਅਸੀਂ ਪੁਸਤਕਾਂ ਦੀ ਚੋਣ ਬੜੇ ਧਿਆਨ ਨਾਲ ਕੀਤੀ। ਇਹਨਾਂ ਪੁਸਤਕਾਂ ਦਾ ਇੱਕ ਪੰਨਾਂ ਪੰਜਾਬੀ ਵਿੱਚ ਅਤੇ ਦੂਜਾ ਅੰਗਰੇਜ਼ੀ ਵਿੱਚ ਹੋਣ ਕਾਰਨ ਬੱਚੇ ਇਹਨਾਂ ਵਿੱਚੋਂ ਮਿਲਣ ਵਾਲੇ ਸੰਦੇਸ਼ ਨੂੰ ਬੜੀ ਅਸਾਨੀ ਨਾਲ ਸਮਝ ਲੈਂਦੇ ਹਨ,” ਉਨ੍ਹਾਂ ਕਿਹਾ।
ਅਰਵਿੰਦਰ ਸਿੰਘ ਮੰਨਦੇ ਹਨ ਕਿ ਫੋਟੋਆਂ ਨਾਲ ਭਰਪੂਰ ਪੁਸਤਕਾਂ ਬੱਚਿਆਂ ਲਈ ਅਕਸਰ ਖਾਸ ਖਿੱਚ ਰੱਖਦੀਆਂ ਹਨ।
“ਬੇਸ਼ਕ ਇਸ ਸਮੇਂ ਬਹੁਤ ਸਾਰਾ ਸਾਹਿਤ ਆਨਲਾਈਨ ਮੁਫਤ ਵੀ ਪਿਆ ਹੋਇਆ ਹੈ ਪਰ ਨਾਲ਼ ਹੀ ਕੁਝ ਚੀਜ਼ਾਂ ਵੀ ਹਨ ਜੋ ਕਿ ਬੱਚਿਆਂ ਦੇ ਕੋਮਲ ਮਨਾਂ ਲਈ ਖਤਰਨਾਕ ਸਿੱਧ ਹੋ ਸਕਦੀਆਂ ਹਨ। ਇਸ ਲਈ ਅਸੀਂ ਆਪਣੇ ਬੱਚਿਆਂ ਨੂੰ ਪੁਸਤਕਾਂ ਪੜਨ ਦੀ ਆਦਤ ਪਾਉਣੀ ਹੀ ਠੀਕ ਸਮਝੀ ਅਤੇ ਪੁਸਤਕਾਂ ਦੀ ਚੋਣ ਵੀ ਆਪ ਹੀ ਕੀਤੀ ਹੈ।"
“ਸਾਡਾ ਪੰਜਾਬੀ ਸਭਿਆਚਾਰ ਅਤੇ ਧਰਮ ਸਾਨੂੰ ਵੰਡ ਛਕਣ ਅਤੇ ਇੱਕ ਦੂਜੇ ਦਾ ਧਿਆਨ ਰੱਖਣ ਦੀ ਸਿੱਖਿਆ ਦਿੰਦਾ ਹੈ। ਇਸ ਲਈ ਜਰੂਰੀ ਹੈ ਕਿ ਸਾਡੇ ਬੱਚੇ ਇਸ ਸੁਨੇਹੇ ਨੂੰ ਛੋਟੀ ਉਮਰੇ ਹੀ ਆਪਣੀ ਜਿੰਦਗੀ ਵਿੱਚ ਅਪਨਾ ਲੈਣ,” ਸ਼੍ਰੀ ਸਿੰਘ ਨੇ ਮਾਣ ਨਾਲ ਕਿਹਾ।
ਹੁਣ ਉਨ੍ਹਾਂ ਨੇ ਇਹਨਾਂ ਪੁਸਤਕਾਂ ਬਾਰੇ ਦੂਜੇ ਲੋਕਾਂ ਨੂੰ ਦੱਸਣ ਲਈ ਫੇਸਬੁੱਕ ਉੱਤੇ 'ਲਿਟਲ ਕੌਰਜ਼ ਐਂਡ ਸਿੰਘਜ਼ ਬੁੱਕਸਟੋਰ: ਕੁਨੈਕਟਿੰਗ ਵਿੱਦ ਦਾ ਰੂਟਸ’ ਨਾਮੀ ਪੇਜ ਵੀ ਸ਼ੁਰੂ ਕੀਤਾ ਹੈ।