‘ਯੂਨੀਵਰਸਿਟੀ ਆਫ ਮੈਲਬਰਨ’ ਸੰਸਾਰ ਭਰ ਦੀਆਂ 100 ਚੋਟੀ ਦੀਆਂ ਯੂਨੀਵਰਸਟਿਆਂ ਵਿੱਚ ਸ਼ਾਮਲ ਹੋ ਗਈ ਹੈ, ਅਤੇ ਇਸੇ ਸੂਚੀ ਵਿੱਚ ਆਸਟ੍ਰੇਲੀਆ ਦੀਆਂ ਤਿੰਨ ਹੋਰ ਯੂਨੀਵਰਸਟੀਆਂ ਨੂੰ ਵੀ ਸ਼ਾਮਲ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।
ਬੇਸ਼ਕ, ਮੈਲਬਰਨ ਨੇ ਆਸਟ੍ਰੇਲੀਆ ਦੇ ਸਿਖਿਆਰਥੀਆਂ ਦਾ ਸਭ ਤੋਂ ਜਿਆਦਾ ਪਸੰਦੀਦਾ ਸ਼ਹਿਰ ਹੋਣ ਦਾ ਸਥਾਨ ਪ੍ਰਾਪਤ ਕੀਤਾ ਹੈ, ਉਸ ਦੇ ਨਾਲ ਹੀ ਸਿਡਨੀ ਨੇ ਵੀ ਚਾਰ ਜਮਾਤਾਂ ਉਪਰ ਵੱਲ ਚੜੀਆਂ ਹਨ ਅਤੇ ਹੁਣ ਇਹ ਵੀ ਸੰਸਾਰ ਭਰ ਵਿੱਚਲੇ ਚੋਟੀ ਦੇ 10 ਪਸੰਦੀਦਾ ਸ਼ਹਿਰਾਂ ਵਿੱਚ ਸ਼ਾਮਲ ਹੋ ਗਿਆ ਹੈ।
ਸਿਡਨੀ ਨੂੰ ਇਹ ਸਥਾਨ ਇਸ ਲਈ ਪ੍ਰਾਪਤ ਹੋਇਆ ਹੈ ਕਿਉਂਕਿ ਸਿਖਿਆਰਥੀਆਂ ਲਈ ਵਧੀਆ ਪੜਾਈ ਦੇ ਮੌਕਿਆਂ ਦੇ ਨਾਲ ਨਾਲ ਇਹ ਸ਼ਹਿਰ, ਸਿਖਿਆਰਥੀਆਂ ਨੂੰ ਪੜਾਈ ਪੂਰੀ ਕਰਨ ਤੋਂ ਬਾਅਦ ਨੋਕਰੀਆਂ ਪ੍ਰਾਪਤ ਕਰਨ ਦੇ ਸੋਹਣੇ ਮੌਕੇ ਵੀ ਪ੍ਰਦਾਨ ਕਰਦਾ ਹੈ।
ਹਰ ਸਾਲ ਜਨਤਕ ਕੀਤੇ ਜਾਣ ਵਾਲੇ ਇਸ ‘ਕਿਊ-ਐਸ ਬੈਸਟ ਸਟੂਡੈਂਟ ਸਿਟੀਜ਼ ਇੰਡੈਕਸ’ ਦੁਆਰਾ ਸਿਖਿਆਰਥੀਆਂ ਦੇ ਪਸੰਦੀਦਾ ਸ਼ਹਿਰਾਂ ਦੀ ਚੋਣ ਲਗਭੱਗ ਛੇ ਪੈਮਾਨਿਆਂ ਦੁਆਰਾ ਕੀਤੀ ਜਾਂਦੀ ਹੈ। ਇਹਨਾਂ ਵਿੱਚ ਸ਼ਹਿਰ ਦੀ ਜਨਸੰਖਿਆ ਦੇ ਨਾਲ ਨਾਲ ਉਸ ਸ਼ਹਿਰ ਦੀਆਂ ਦੋ ਯੂਨੀਵਰਸਟੀਆਂ ‘ਕਿਊ-ਐਸ ਵਰਲਡ ਯੂਨੀਵਰਸਟੀ ਰੈਂਕਿੰਗ ਵਿੱਚ’ ਵੀ ਸ਼ਾਮਲ ਹੋਣੀਆਂ ਲਾਜ਼ਮੀ ਹੁੰਦੀਆਂ ਹਨ।
ਮੈਲਬਰਨ, ਜਿਸ ਨੂੰ ਆਸਟ੍ਰੇਲੀਆ ਦਾ ਸਭਿਆਚਾਰਕ ਰਾਜਧਾਨੀ ਵੀ ਕਿਹਾ ਜਾਂਦਾ ਹੈ, ਲਗਾਤਾਰ ਸੰਸਾਰ ਭਰ ਦੇ ਵਧੀਆ ਰਹਿਣ ਵਾਲੇ ਸ਼ਹਿਰਾਂ ਵਿੱਚ ਸ਼ਾਮਲ ਹੁੰਦਾ ਆ ਰਿਹਾ ਹੈ। ਇਸ ਦੀਆਂ ਬਹੁਤ ਹੀ ਖੂਬ ਰੰਗੀਨ ਸ਼ਾਮਾਂ ਤੋਂ ਲੈ ਕਿ ਹਲਕੇ ਫੁਲਕੇ ਗਰਮ ਦਿੰਨ ਇਸ ਸ਼ਹਿਰ ਨੂੰ ਏਸ ਮੁਕਾਮ ਤੱਕ ਲੈ ਕਿ ਗਏ ਹਨ। ਇਸ ਸ਼ਹਿਰ ਦੇ ਸਭਿਆਚਾਰਾਂ ਦੀ ਗੱਲ ਕਰੀਏ ਤਾਂ ਕਲਾ, ਕਾਮੇਡੀ, ਸੰਗੀਤ, ਫਿਲਮ, ਫੈਸ਼ਨ ਦੇ ਨਾਲ ਨਾਲ ਇਹ ਬਹੁ-ਵਿਆਪੀ ਭਾਈਚਾਰਕ ਪਰੋਗਰਾਮਾਂ ਦਾ ਮੇਜ਼ਬਾਨ ਬਨਣ ਵਿੱਚ ਵੀ ਮੋਢੀ ਰਿਹਾ ਹੈ।
ਇਸ ਦੇ ਐਨ ਉਲਟ ਸਿਡਨੀ ਸ਼ਹਿਰ ਨੂੰ ਇਸ ਦੇ ਮਹਿੰਗੇ ਰਹਿਣ ਸਹਿਣ ਕਾਰਨ ਮਾਰ ਦਾ ਸਾਹਮਣਾ ਕਰਨਾ ਪਿਆ ਹੈ। ਪਰ ਫੇਰ ਵੀ ਕਈ ਵਿਦੇਸ਼ੀ ਸਿਖਿਆਰਥੀ ਇਸ ਦੇ ਮਹਿੰਗੇ ਹੋਣ ਦੇ ਬਾਵਜੂਦ ਅਜੇ ਵੀ ਇਸੇ ਨੂੰ ਹੀ ਆਪਣਾ ਸਿਖਿਆ ਕੇਂਦਰ ਬਣਾ ਰਹੇ ਹਨ। ਇਸ ਦਾ ਮਹਿੰਗਾ ਰਹਿਣ ਸਹਿਣ ਕਈਆਂ ਨੂੰ ਬਹੁਤ ਪਸੰਦ ਵੀ ਆਉਂਦਾ ਹੈ।

Melbourne city view Source: Pixabay

Source: Unsplash
ਜੇ ਸੰਸਾਰ ਭਰ ਦੇ ਸ਼ਹਿਰਾਂ ਵੱਲ ਝਾਤੀ ਮਾਰੀਏ ਤਾਂ ਇਸ ਸਾਲ ਲੰਡਨ ਨੇ ਮਾਂਨਟਰੀਅਲ ਸ਼ਹਿਰ ਉੱਤੇ ਬਾਜ਼ੀ ਮਾਰ ਕੇ ਪਹਿਲਾ ਸਥਾਨ ਪ੍ਰਾਪਤ ਕਰ ਲਿਆ ਹੈ। ਬੇਸ਼ਕ ਇਸ ਵਿੱਚ ਬਹੁਤ ਸਾਰੀਆਂ ਅਤੇ ਬਹੁਤ ਵਧੀਆ ਯੂਨੀਵਰਸਟੀਆਂ ਹਨ, ਪਰ ਇਸ ਨੂੰ ਚੋਟੀ ਤੇ ਲੈ ਕੇ ਜਾਣ ਵਾਲੀਆਂ ਹਨ, ‘ਯੂਨੀਵਰਸਟੀ ਕਾਲਜ ਲੰਡਨ’ ਅਤੇ ‘ਇੰਪੀਰੀਅਲ ਕਾਲਜ ਲੰਡਨ’ ਜੋ ਕਿ ਸੰਸਾਰ ਭਰ ਦੀਆਂ ਯੂਨੀਵਰਸਟੀਆਂ ਵਿੱਚ ਸਤਵੇਂ ਅਤੇ ਅੱਠਵੇਂ ਸਥਾਨ ਤੇ ਆਣ ਪਹੁੰਚੀਆਂ ਹਨ।
ਮੈਲਬਰਨ ਅਤੇ ਸਿਡਨੀ ਤੋਂ ਬਾਅਦ ਆਸਟ੍ਰੇਲੀਆ ਦੇ ਕੁੱਝ ਹੋਰ ਸ਼ਹਿਰਾਂ ਨੇ ਵੀ ਚੋਟੀ ਦੇ 100 ਸ਼ਹਿਰਾਂ ਵਿੱਚ ਆਪਣਾ ਸਥਾਨ ਦਰਜ ਕਰਵਾਇਆ ਹੈ। ਬਰਿਸਬੇਨ (21ਵੇਂ), ਕੈਨਬਰਾ (22ਵੇਂ), ਪਰਥ (39ਵੇਂ) ਅਤੇ ਗੋਲਡ ਕੋਸਟ (87ਵੇਂ) ਸਥਾਨ ਤੇ ਆਏ ਹਨ।
ਸੰਸਾਰ ਪੱਧਰ ਦੇ ਪਹਿਲੇ 10 ਸ਼ਹਿਰ ਇਸ ਪ੍ਰਕਾਰ ਹਨ:
ਲੰਡਨ, ਟੋਕੀਓ, ਮੈਲਬਰਨ, ਮੋਨਟਰੀਅਲ, ਪੈਰਿਸ, ਮੂਨੀਚ, ਬਰਲਿਨ, ਜ਼ੂਰੀਚ, ਸਿਡਨੀ ਅਤੇ ਸਿਓਲ।