ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਦੇ ਅਨੁਸਾਰ, ਦੁਨੀਆ ਭਰ ਵਿੱਚ ਲੱਖਾਂ ਪ੍ਰਵਾਸੀ ਅਤੇ ਸ਼ਰਨਾਰਥੀ ਆਪਣੇ ਮੇਜ਼ਬਾਨ ਭਾਈਚਾਰਿਆਂ ਦੇ ਮੁਕਾਬਲੇ ਕਮਜ਼ੋਰ ਸਿਹਤ ਨਤੀਜਿਆਂ ਦਾ ਅਨੁਭਵ ਕਰਦੇ ਹਨ।
ਇਸ ਲਈ ਆਸਟ੍ਰੇਲੀਆ ਵਿੱਚ ਬਹੁ-ਸੱਭਿਆਚਾਰਕ ਭਾਈਚਾਰਿਆਂ ਲਈ ਇੱਕ ਭਰੋਸੇਯੋਗ ਸਥਾਨਕ ਜੀਪੀ ਡਾਕਟਰ ਦਾ ਹੋਣਾ ਜ਼ਰੂਰੀ ਹੈ।
ਪਰ ਪਿਛਲੇ ਚਾਰ ਸਾਲਾਂ ਵਿੱਚ, ਦੇਸ਼ ਭਰ ਵਿੱਚ 60 ਤੋਂ ਵੱਧ ਕਲੀਨਿਕ ਬੰਦ ਹੋ ਗਏ ਹਨ – ਕਿਉਂਕਿ ਸਭ ਤੋਂ ਕਮਜ਼ੋਰ ਕਲੀਨਿਕਾਂ ਨੂੰ ਲੋੜੀਂਦੀ ਸਹਾਇਤਾ ਨਹੀਂ ਸੀ ਪ੍ਰਦਾਨ ਕੀਤੀ ਗਈ।
ਰਾਇਲ ਆਸਟ੍ਰੇਲੀਅਨ ਕਾਲਜ ਆਫ਼ ਜੀਪੀਜ਼ ਦੇ ਪ੍ਰਧਾਨ, ਡਾ ਬਰੂਸ ਵਿਲੇਟ ਦਾ ਕਹਿਣਾ ਹੈ ਕਿ ਜਦੋਂ ਤੋਂ ਲੇਬਰ ਨੇ 2013 ਵਿੱਚ ਮੈਡੀਕੇਅਰ ਰਿਬੇਟ ਫ੍ਰੀਜ਼ ਕਰਨ ਦੀ ਸ਼ੁਰੂਆਤ ਕੀਤੀ ਸੀ ਤਾਂ ਜਨਰਲ ਪ੍ਰੈਕਟਿਸ ਲਈ ਲੱਗਭਗ ਚਾਰ ਬਿਲੀਅਨ ਡਾਲਰ ਮੈਡੀਕੇਅਰ ਤੋਂ ਲਏ ਗਏ ਸਨ ।
ਡਾ ਬਰੂਸ ਦਾ ਕਹਿਣਾ ਹੈ ਕਿ ਇਸ ਨੇ ਲਾਗਤ ਨੂੰ ਜੀਪੀ ਕਲੀਨਿਕਾਂ ਅਤੇ ਮਰੀਜ਼ਾਂ ਸਿਰ ਪਾ ਦਿੱਤਾ ਹੈ, ਜਿਸ ਨਾਲ ਪੇਂਡੂ ਅਤੇ ਖੇਤਰੀ ਭਾਈਚਾਰੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ।