ਪੰਜਾਬੀ ਵਿਰਾਸਤ ਐਸੋਸੀਏਸ਼ਨ ਦੱਖਣੀ ਆਸਟ੍ਰੇਲੀਆ ਵੱਲੋਂ ਕਰਵਾਇਆ ਗਿਆ ਛੇਵਾਂ ਵਿਰਾਸਤ ਮੇਲਾ ਲੰਘੇ ਦਿਨੀਂ ਅਮਿੱਟ ਯਾਦਾਂ ਛੱਡਦਾ ਸਮਾਪਤ ਹੋ ਗਿਆ।
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਦੌਰਾਨ, ਮੇਲਾ ਕਰਵਾਉਣ ਵਾਲ਼ੀ ਕਮੇਟੀ ਦੇ ਸਰਪ੍ਰਸਤ ਜਗਤਾਰ ਸਿੰਘ ਨਾਗਰੀ ਨੇ ਇਸ ਮੌਕੇ ਆਪਣੇ ਸਹਿਯੋਗੀਆਂ ਤੇ ਹਾਜ਼ਿਰ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕੀਤਾ।
"ਮੇਲੇ ਦੀ ਕਾਮਯਾਬੀ ਲਈ ਪਾਏ ਯੋਗਦਾਨ ਲਈ ਸਭ ਦਾ ਬਹੁਤ-ਬਹੁਤ ਧੰਨਵਾਦ। ਦੱਖਣੀ ਆਸਟ੍ਰੇਲੀਆ ਦੇ ਕੋਨੇ-ਕੋਨੇ ਵਿੱਚੋਂ ਆਏ ਲੋਕਾਂ ਤੋਂ ਮਿਲ਼ੀ ਹੱਲ੍ਹਾਸ਼ੇਰੀ ਸਾਨੂੰ ਅਗਲੇ ਸਾਲ ਹੋਰ ਮੇਹਨਤ ਕਰਨ ਲਈ ਪ੍ਰੇਰਦੀ ਹੈ," ਉਨ੍ਹਾਂ ਕਿਹਾ।
ਮੇਲੇ ਵਿੱਚ, ਐਡੀਲੇਡ ਦੇ ਵਸਨੀਕ ਕਰਨ ਬਰਾੜ ਵੱਲੋਂ 'ਬਰਾੜ ਐਂਟੀਕ ਹਾਊਸ' ਤਹਿਤ ਲਾਈ ਪ੍ਰਦਰਸ਼ਨੀ ਨੂੰ ਵੀ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ।
ਇਸ ਪ੍ਰਦਰਸ਼ਨੀ ਵਿੱਚ ਪੰਜਾਬੀ ਸੱਭਿਆਚਾਰ, ਕਲਾ, ਸੰਗੀਤ ਤੇ ਹੋਰ ਵਿਰਸੇ-ਵਿਰਾਸਤ ਨਾਲ਼ ਸਬੰਧਤ ਵਸਤਾਂ ਨਾਲ਼ ਲੋਕ ਫੋਟੋਆਂ ਖਿਚਵਾਓਂਦੇ ਵੀ ਨਜ਼ਰ ਆਏ।
ਇਸ ਦੌਰਾਨ ਕਰਨ ਬਰਾੜ ਨੇ ਐਸ ਬੀ ਐਸ ਪੰਜਾਬੀ ਨਾਲ਼ ਗੱਲ ਕਰਦਿਆਂ ਇਸ ਹੁੰਗਾਰੇ ਲਈ ਲੋਕਾਂ ਦਾ ਖਾਸ ਧੰਨਵਾਦ ਕੀਤਾ।
"ਮੇਰੀ ਕੋਸ਼ਿਸ਼ ਰਹਿੰਦੀ ਕਿ ਇਥੇ ਵਸਦੀ ਨਵੀਂ ਪੀੜ੍ਹੀ ਨੂੰ ਵੀ ਪੰਜਾਬੀ ਰੰਗ-ਤਰੰਗ ਤੇ ਮਿੱਟੀ ਨਾਲ਼ ਜੋੜਿਆ ਜਾਵੇ। ਇਸੇ ਭਾਵਨਾ ਤਹਿਤ ਮੈਂ ਵੱਧ ਤੋਂ ਵੱਧ ਮੇਲਿਆਂ ਵਿੱਚ ਆਪਣੀ ਇਸ ਪ੍ਰਦਰਸ਼ਨੀ ਰਾਹੀਂ ਇਹ ਜਾਗ ਲਾਉਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹਾਂ। ਲੋਕਾਂ ਵੱਲੋਂ ਮਿਲ਼ਦਾ ਪਿਆਰ-ਸਤਿਕਾਰ ਤੇ ਹੁੰਗਾਰਾ ਮੇਰੇ ਲਈ ਕਾਫੀ ਪ੍ਰੇਰਣਾਦਾਇਕ ਹੈ," ਉਨ੍ਹਾਂ ਕਿਹਾ।
ਮੇਲੇ ਦੌਰਾਨ ਰੱਸਾਕਸੀ, ਭੰਗੜਾ, ਗਿੱਧਾ, ਵਾਲੀਬਾਲ ਤੇ ਹੋਰ ਵੀ ਬਹੁਤ ਸਾਰੀਆਂ ਵੰਨਗੀਆਂ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੀਆਂ।
ਮੇਲੇ ਦੇ ਮੁੱਖ ਪ੍ਰਬੰਧਕ ਜਗਤਾਰ ਸਿੰਘ ਨਾਗਰੀ ਵਲੋਂ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਜਿੰਨ੍ਹਾਂ ਸਦਕਾ ਗੁਰੂ ਦੇ ਲੰਗਰ ਅਟੁੱਟ ਵਰਤਾਏ ਗਏ।
ਹੋਰ ਵੇਰਵੇ ਲਈ ਉਨ੍ਹਾਂ ਨਾਲ਼ ਕੀਤੀ ਇਹ ਇੰਟਰਵਿਊ ਸੁਣੋ.....