ਮੋਨੈਸ਼ ਯੂਨਿਵਰਸਿਟੀ ਵਲੋਂ ਕੀਤੀ ਇੱਕ ਹਾਲੀਆ ਖੋਜ ਵਿੱਚ ਵਡੇਰੀ ਉਮਰ ਦੇ ਲੋਕਾਂ ਵਲੋਂ ਇੱਕ ਜਾਂ ਦੋ ਗਲਾਸ ਸ਼ਰਾਬ ਪੀਣ ਦੇ ਲਾਭਾਂ ਬਾਰੇ ਪਤਾ ਲਗਾਇਆ ਗਿਆ ਹੈ। ਇਸ ਖੋਜ ਦੇ ਸਹਿ-ਲੇਖਕ ਐਸੋਸੀਏਟ ਪਰੋਫੈਸਰ ਜੋਆਨਾ ਰਾਇਨ ਕਹਿੰਦੇ ਹਨ।
ਆਸਟ੍ਰੇਲੀਆ ਅਤੇ ਯੂਨਾਇਟੇਡ ਸਟੇਟਸ ਦੇ ਤਕਰੀਬਨ 18 ਹਜ਼ਾਰ ਲੋਕਾਂ ਉੱਤੇ ਇਹ ਖੋਜ ਕੀਤੀ ਗਈ ਹੈ ਜਿਹਨਾਂ ਦੀ ਔਸਤ ਉਮਰ 74 ਸਾਲ ਹੈ। ਇਹ ਖੋਜ ਸਿਫਾਰਸ਼ ਕਰਦੀ ਹੈ ਕਿ ਹਫਤੇ ਦੀਆਂ 5 ਤੋਂ 10 ਡਰਿੰਕਸ ਜਾਂ ਰੋਜ਼ਾਨਾਂ ਦੀਆਂ ਇੱਕ ਜਾਂ ਦੋ ਡਰਿੰਕਸ ਪੀ ਲੈਣੀਆਂ ਚਾਹੀਦੀਆਂ ਹਨ। ਐਸੋਸੀਏਟ ਪ੍ਰੋਫੈਸਰ ਰਾਇਨ ਅਨੁਸਾਰ ਇਹ ਖੋਜ ਸੰਜਮ ਨਾਲ ਸ਼ਰਾਬਨੋਸ਼ੀ ਕਰਨ ਵਾਲੇ ਲੋਕਾਂ ਉੱਤੇ ਕੇਂਦਰਤ ਸੀ ਅਤੇ ਜਿਹੜੇ ਲੋਕਾਂ ਉੱਤੇ ਇਹ ਕੀਤੀ ਗਈ ਸੀ ਉਨ੍ਹਾਂ ਦੀ ਸਿਹਤ ਬਾਕੀਆਂ ਦੇ ਮੁਕਾਬਲੇ ਕਾਫ਼ੀ ਠੀਕ ਸੀ।
ਇਸ ਖੋਜ ਵਿੱਚ ਭਾਗ ਲੈਣ ਵਾਲਿਆਂ ਉੱਤੇ ਤਿੰਨ ਤੋਂ ਸੱਤ ਸਾਲਾਂ ਤੱਕ ਨਿਗਰਾਨੀ ਰੱਖੀ ਗਈ ਸੀ ਅਤੇ ਇਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਪਹਿਲਾਂ ਤੋਂ ਮੌਜੂਦ ਦਿਲ ਦੇ ਰੋਗ ਜਾਂ ਹੋਰ ਕਿਸੇ ਕਿਸਮ ਦੇ ਗੰਭੀਰ ਰੋਗ ਵੀ ਨਹੀਂ ਸਨ।
ਪਰ ਇਸ ਖੋਜ ਨੇ ਇਸ ਗੱਲ ਬਾਰੇ ਪਤਾ ਨਹੀਂ ਲਗਾਇਆ ਗਿਆ ਕਿ ਸ਼ਰਾਬ ਪੀਣ ਨਾਲ ਹੀ ਦਿਲ ਦੇ ਰੋਗ ਕਿਉਂ ਘੱਟ ਹੁੰਦੇ ਹਨ।
ਪ੍ਰੋਫੈਸਰ ਰਾਇਨ ਅਨੁਸਾਰ ਪਹਿਲਾਂ ਕੀਤੀਆਂ ਖੋਜਾਂ ਅਨੁਸਾਰ ਰੈੱਡ ਵਾਈਨ ਵਿਚਲੇ ਐਂਟੀ ਔਕਸੀਡੈਂਟਸ ਲਾਭਦਾਇਕ ਹੋ ਸਕਦੇ ਹਨ, ਪਰ ਉਹ ਤਾਂ ਕਈ ਫਲਾਂ ਅਤੇ ਸਬਜ਼ੀਆਂ ਆਦਿ ਵਿੱਚ ਵੀ ਪਾਏ ਜਾਂਦੇ ਹਨ।
ਹਾਰਟ ਫਾਊਂਡੇਸ਼ਨ ਦੀ ਜੂਲੀ ਐਨ-ਮਿਚਲ ਕਹਿੰਦੀ ਹੈ ਕਿ ਸ਼ਰਾਬਨੋਸ਼ੀ ਕਦੇ ਵੀ ਸਿਹਤਮੰਦ ਭੋਜਨ ਦਾ ਹਿੱਸਾ ਨਹੀਂ ਮੰਨੀ ਜਾਂਦੀ, ਇਸ ਲਈ, ਇਸ ਹਾਲੀਆ ਖੋਜ ਵਿਚਲੀਆਂ ਜਾਣਕਾਰੀਆਂ ਨੂੰ ਸਾਵਧਾਨੀ ਨਾਲ ਸਮਝਣ ਦੀ ਲੋੜ ਹੈ।
ਅਜਿਹਾ ਲੱਗਦਾ ਹੈ ਕਿ ਜੋ ਲੋਕ ਸ਼ਰਾਬ ਪੀਣ ਦੇ ਸ਼ੌਂਕੀਨ ਹਨ ਉਹ ਹੀ ਸੰਜਮ ਨਾਲ ਸ਼ਰਾਬ ਪੀਣ ਦਾ ਸੁਨੇਹਾ ਦੇ ਰਹੇ ਹਨ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।





