ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੂੰ ਵੀਜ਼ਾ ਦੇਰੀ ਦੀ ਸ਼ਿਕਾਇਤ ਕਰਦੇ ਹੋਏ ਇੱਕ ਪੱਤਰ ਲਿਖਿਆ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਇਸ ਵਜਾਹ ਨਾਲ਼ ਉਨ੍ਹਾਂ ਦੀ ਟੀਮ ਦੀ ਤਿਆਰੀ ਵਿੱਚ ਵਿਘਨ ਪਿਆ ਹੈ।
ਪਾਕਿਸਤਾਨ ਦੀ ਟੀਮ ਬੁੱਧਵਾਰ ਨੂੰ ਭਾਰਤ ਪਹੁੰਚ ਰਹੀ ਹੈ ਤੇ ਉਹ 6 ਅਕਤੂਬਰ ਨੂੰ ਨੀਦਰਲੈਂਡ ਦੇ ਖਿਲਾਫ ਆਪਣੀ ਵਿਸ਼ਵ ਕੱਪ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਦੋ ਅਭਿਆਸ ਮੈਚ ਖੇਡੇਗੀ।
ਵਿਸ਼ਵ ਕੱਪ ਦੌਰਾਨ, 14 ਅਕਤੂਬਰ ਨੂੰ ਅਹਿਮਦਾਬਾਦ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੋਵੇਗਾ ਜਿਸਦਾ ਕ੍ਰਿਕੇਟ ਪ੍ਰੇਮੀਆਂ ਨੂੰ ਬੇਸਬਰੀ ਨਾਲ਼ ਇੰਤਜ਼ਾਰ ਹੈ।
ਗ਼ੌਰਤਲਬ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਗੜੇ ਸਿਆਸੀ ਸਬੰਧਾਂ ਕਾਰਨ ਦੁਵੱਲੇ ਕ੍ਰਿਕੇਟ ਮੈਚ ਆਰਜ਼ੀ ਤੌਰ ਉੱਤੇ ਮੁਅੱਤਲ ਹਨ ਪਰ ਦੋਨੋਂ ਗੁਆਂਢੀ ਦੇਸ਼ ਵਿਸ਼ਵ ਕੱਪ ਅਤੇ ਏਸ਼ੀਆ ਕੱਪ ਵਰਗੇ ਬਹੁ-ਟੀਮ ਮੁਕਾਬਲਿਆਂ ਵਿੱਚ ਇੱਕ ਦੂਜੇ ਨਾਲ਼ ਜ਼ਰੂਰ ਖੇਡਦੇ ਹਨ।
ਭਾਰਤ ਨੇ 30 ਅਗਸਤ ਤੋਂ 17 ਸਤੰਬਰ ਦਰਮਿਆਨ ਖੇਡੇ ਗਏ ਏਸ਼ੀਆ ਕੱਪ ਲਈ ਪਾਕਿਸਤਾਨ ਦਾ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਦੀ ਬਜਾਏ ਆਪਣੇ ਮੈਚ ਸ੍ਰੀਲੰਕਾ ਵਿੱਚ ਖੇਡੇ ਸਨ।




