ਮੈਡਮ ਬਰਾੜ ਦੇ ਅਖਬਾਰੀ ਕਾਲਮ, ਕਿਤਾਬਾਂ ਵਿਚਲੇ ਲੇਖ ਅਤੇ ਰੇਡੀਓ-ਟੈਲੀਵਿਜ਼ਨ ਉੱਤੇ ਹੁੰਦੀਆਂ ਇੰਟਰਵਿਊਜ਼ ਅਤੇ ਉਹਨਾਂ ਵਿੱਚ ਪੇਸ਼ ਕੀਤੇ ਗਏ ਬੇਬਾਕ ਤੇ ਚੜ੍ਹਦੀ ਕਲਾ ਵਾਲ਼ੇ ਵਿਚਾਰ ਅਕਸਰ ਦੇਖਣ-ਸੁਣਨ ਵਾਲਿਆਂ ਵੱਲੋਂ ਪਸੰਦ ਕੀਤੇ ਜਾਂਦੇ ਹਨ।
ਮੈਡਮ ਬਰਾੜ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਰਹਿ ਚੁੱਕੇ ਹਨ ਤੇ ਉਹਨਾਂ ਨੇ ਤਕਰੀਬਨ 38 ਸਾਲ ਅਧਿਆਪਨ ਦੇ ਖੇਤਰ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ ਹਨ।
ਸੰਨ 2008 ਵਿੱਚ ਸੇਵਾ-ਮੁਕਤੀ ਪਿੱਛੋਂ ਉਹ ਆਪਣੇ ਪਰਿਵਾਰ ਕੋਲ ਕੈਲਗਰੀ, ਕੈਨੇਡਾ ਚਲੇ ਗਏ ਸਨ ਜਿੱਥੇ ਅੱਜਕੱਲ ਉਹਨਾਂ ਦੀ ਰਿਹਾਇਸ਼ ਹੈ।
ਐਸ ਬੀ ਐਸ ਪੰਜਾਬੀ ਨਾਲ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੜ੍ਹਾਏ ਵਿਦਿਆਰਥੀਆਂ ਉੱਤੇ ਮਾਣ ਹੈ ਜੋ ਇਸ ਵੇਲੇ ਦੇਸ਼-ਦੇਸ਼ਾਂਤਰ ਵਿੱਚ ਫੈਲੇ ਹੋਏ ਹਨ।
“ਮੇਰਾ ਮੈਲਬੌਰਨ ਏਅਰਪੋਰਟ 'ਤੇ ਇਦਾਂ ਸਵਾਗਤ ਹੋਇਆ ਜਿਵੇਂ ਮੈਂ ਕੋਈ ਸੈਲੀਬ੍ਰਿਟੀ ਹੋਵਾਂ...ਇੱਥੇ ਹੀ ਨਹੀਂ ਬਲਕਿ ਦੇਸ਼-ਦੁਨੀਆ ਦੇ ਹਰ ਕੋਨੇ ਵਿੱਚ ਮੈਨੂੰ ਇਹੋ ਜਿਹਾ ਪਿਆਰ-ਸਤਿਕਾਰ ਮਿਲਣਾ ਮੇਰੇ ਲਈ ਇੱਕ ਮਾਣ ਤੇ ਸ਼ੁਕਰ ਵਾਲੀ ਗੱਲ ਹੈ ਜੋ ਅਕਸਰ ਮੈਨੂੰ ਭਾਵਕ ਕਰ ਦਿੰਦੀ ਹੈ," ਉਨ੍ਹਾਂ ਕਿਹਾ।

ਮੈਡਮ ਬਰਾੜ ਕੈਲਗਰੀ ਵਿੱਚ ਇੱਕ ਭਾਈਚਾਰਕ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ - ਤਕਰੀਬਨ 100 ਦੇ ਕਰੀਬ ਮੈਂਬਰਾਂ ਵਾਲੀ ਇਹ ਸੰਸਥਾ ਪ੍ਰਵਾਸੀ ਔਰਤਾਂ ਤੇ ਖਾਸ ਕਰ ਬਜ਼ੁਰਗਾਂ ਨੂੰ ਆਪਣੇ ਪ੍ਰਦੇਸ-ਵਾਸ ਦੌਰਾਨ ਆਪਣਾ ਤੇ ਆਪਣੀ ਮਾਨਸਿਕ ਸਿਹਤ ਦਾ ਖਿਆਲ ਰੱਖਣ ਦਾ ਹੋਕਾ ਦਿੰਦੀ ਹੈ।
"ਸਾਡਾ ਮਕਸਦ ਆਪਣਿਆਂ ਨੂੰ ਆਪਣਿਆਂ ਨਾਲ ਜੋੜਨਾ ਹੈ ਤਾਂ ਜੋ ਉਹ ਪ੍ਰਵਾਸ ਦਾ ਸੱਚ ਹੰਢਾਉਂਦਿਆਂ ਕਿਤੇ ਖੁਸ਼ ਰਹਿਣਾ ਹੀ ਨਾ ਭੁੱਲ ਜਾਣ। ਹਰ ਕਿਸੇ ਨੂੰ ਆਪਣੇ ਸ਼ੌਕ ਰੱਖਣੇ ਤੇ ਪਾਲਣੇ ਚਾਹੀਦੇ ਹਨ। ਖੁਸ਼ ਰਹਿਣ ਦਾ ਵੱਲ ਸਿੱਖਣਾ ਤੇ ਸਿਖਾਉਣਾ ਅੱਜ ਦੇ ਤਣਾਅ ਭਰੇ ਜੀਵਨ ਦੀ ਮੁੱਖ ਚੁਣੌਤੀ ਹੈ।"
“ਮੈਂ ਅਕਸਰ ਆਪਣੇ ਹਾਣ-ਪ੍ਰਮਾਣ ਤੇ ਬਜ਼ੁਰਗਾਂ ਨੂੰ ਆਪਣਾ ਸੁਭਾਅ ਬਦਲਣ ਦੀ ਵੀ ਸਲਾਹ ਦਿੰਦੀ ਹਾਂ ਤਾਂ ਜੋ ਉਹ 'ਸੌਖੇ ਤੇ ਸੁਖੀ' ਰਹਿ ਸਕਣ।“

ਮੈਡਮ ਬਰਾੜ ਨੂੰ ਦੁਨੀਆਂ ਘੁੰਮਣ ਦਾ ਸ਼ੌਕ ਹੈ ਅਤੇ ਉਹ ਆਪਣੇ ਸਮੇਂ ਦਾ ਇੱਕ ਵੱਡਾ ਹਿੱਸਾ ਲਿਖਣ-ਪੜ੍ਹਨ ਦੇ ਲੇਖੇ ਲਾਉਂਦੇ ਹਨ।
ਇਹ ਉਨ੍ਹਾਂ ਦਾ ਪੜ੍ਹਾਈ ਦਾ ਹੀ ਸ਼ੌਕ ਸੀ ਜਿਸ ਸਦਕਾ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰੇਟ (ਪੀ ਐਚ ਡੀ) ਦੀ ਡਿਗਰੀ ਹਾਸਿਲ ਕੀਤੀ।
ਉਨ੍ਹਾਂ ਦੱਸਿਆ ਕਿ ਕੈਲਗਰੀ ਦੇ ਪੰਜਾਬੀ ਅਖਬਾਰ ਵਿੱਚ ਛਪਦਾ ਕਾਲਮ 'ਉਹ ਵੇਲ਼ਾ ਯਾਦ ਕਰ' ਕਾਫ਼ੀ ਪਸੰਦ ਕੀਤਾ ਜਾਂਦਾ ਹੈ।
ਉਹ ਹੁਣ ਤੱਕ 18 ਕਿਤਾਬਾਂ ਪਾਠਕਾਂ ਦੀ ਝੋਲੀ ਵਿੱਚ ਪਾ ਚੁੱਕੇ ਹਨ।
"ਕਿਤਾਬਾਂ ਦੀ ਪਹੁੰਚ ਬਹੁਤ ਸੀਮਤ ਹੈ। ਪਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਤਕਨੀਕ ਦੇ ਯੁੱਗ ਵਿੱਚ ਮੇਰੇ ਵਿਚਾਰ, ਮੋਬਾਈਲ ਰਾਹੀਂ, ਸੋਸ਼ਲ ਮੀਡੀਆ ਰਾਹੀਂ ਦੁਨੀਆ ਦੇ ਹਰ ਕੋਨੇ ਵਿੱਚ ਪਹੁੰਚਦੇ ਹਨ। ਮੈਂ ਤਮਾਮ ਉਮਰ ਸ਼ਬਦਾਂ ਦਾ ਵਣਜ ਕੀਤਾ ਤੇ ਕਦੇ ਵੀ ਨਹੀਂ ਸੀ ਚਿਤਵਿਆ ਕਿ ਮੈਨੂੰ ਉਹ ਵੀ ਜਾਨਣਗੇ ਜੋ ਨਾ ਮੈਂਥੋਂ ਪੜ੍ਹੇ ਤੇ ਨਾਂ ਹੀ ਮੈਨੂੰ ਜਾਣਦੇ ਸੀ," ਉਨ੍ਹਾਂ ਕਿਹਾ।

ਮੈਡਮ ਬਰਾੜ ਆਪਣੇ ਬੇਬਾਕ ਸੁਭਾਅ, ਖੁੱਲੇ-ਡੁਲੇ ਤੇ ਚੜ੍ਹਦੀ-ਕਲਾ ਵਾਲੇ ਵਿਚਾਰਾਂ ਲਈ ਵੀ ਜਾਣੇ ਜਾਂਦੇ ਹਨ।
ਉਨ੍ਹਾਂ ਨੂੰ ਅਕਸਰ ਦੇਸ-ਪ੍ਰਦੇਸ ਵਿੱਚ ਵਸਦੇ ਪੰਜਾਬੀ ਭਾਈਚਾਰੇ ਨਾਲ ਵਿਚਾਰਾਂ ਦੀ ਸਾਂਝ ਪਾਉਣ ਦਾ ਮੌਕਾ ਮਿਲਦਾ ਹੈ ਜਿਥੇ ਉਹ ਪ੍ਰਵਾਸ ਤੇ ਪਰਿਵਾਰਾਂ ਨਾਲ ਸਬੰਧਿਤ ਮਸਲੇ ਵਿਚਾਰਨ ਤੇ ਉਹਨਾਂ ਦਾ ਹੱਲ ਲੱਭਣ ਲਈ ਦੋ-ਤਰਫਾ ਗੱਲਬਾਤ ਦੇ ਮੋਢੀ ਵੀ ਬਣਦੇ ਹਨ।
"ਮੈਂ ਕੈਨੇਡਾ ਰਹਿੰਦਿਆਂ ਮਹਿਸੂਸ ਕੀਤਾ ਹੈ ਕਿ ਬਜ਼ੁਰਗਾਂ ਨੂੰ ਵੀ ਆਪਣੀ ਸੋਚ ਥੋੜ੍ਹਾ ਬਦਲਣ ਦੀ ਲੋੜ ਹੈ। ਨਵੀਂ ਪੀੜੀ ਦੇ ਹਾਣ ਦੇ ਬਣਨ ਦੀ ਲੋੜ ਨਹੀਂ ਪਰ ਉਹਨਾਂ ਦੀਆਂ ਮਜਬੂਰੀਆਂ ਪ੍ਰਤੀ ਸੁਹਿਰਦਤਾ ਨਾਲ ਸੋਚਣ ਸਮਝਣ ਦੀ ਲੋੜ ਹੈ," ਉਨ੍ਹਾਂ ਕਿਹਾ।
ਆਓ ਆਪਣਿਆਂ ਨੂੰ ਆਪਣੇ ਨਾਲ਼ ਜੋੜੀਏ, ਖੁਸ਼ ਰਹਿਣ ਦੀ ਕੋਸ਼ਿਸ਼ ਕਰੀਏ ਅਤੇ ਉਦਾਸੀ ਹੰਢਾਉਂਦੇ ਪਰਿਵਾਰਾਂ ਤੇ ਖਾਸ ਕਰ ਬਜ਼ੁਰਗਾਂ ਦੀ ਬਾਂਹ ਫੜੀਏ।ਮੈਡਮ ਬਲਵਿੰਦਰ ਕੌਰ ਬਰਾੜ
"ਮੇਰੀ ਤਾਂ ਅਕਸਰ ਇਹੀ ਸਲਾਹ ਹੁੰਦੀ ਹੈ ਕਿ ਅਸੀਂ ਆਪਣੀ ਨਾਕਾਰਾਤਮਕ ਸੋਚ ਨੂੰ ਪਿੱਛੇ ਛੱਡੀਏ ਤੇ ਆਪਣੇ ਧੀਆਂ-ਪੁੱਤਰਾਂ ਤੇ ਉਹਨਾਂ ਦੇ ਪਰਿਵਾਰਾਂ ਦੀ ਧਿਰ ਬਣੀਏ ਅਤੇ ਨਿੱਗਰ, ਨਰੋਈ ਤੇ ਹਾਂ-ਪੱਖੀ ਸੋਚ ਰੱਖੀਏ ਤਾਂ ਕਈ ਮਸਲਿਆਂ ਦਾ ਹੱਲ ਹੋ ਸਕਦਾ ਹੈ।
ਇਸ ਇੰਟਰਵਿਊ ਦੌਰਾਨ ਉਨ੍ਹਾਂ ਅੱਜ ਦੇ ਤਕਨੀਕੀ ਯੁੱਗ ਵਿੱਚ ਮੋਬਾਈਲ ਫੋਨ ਅਤੇ ਉਸਦੇ ਪਰਿਵਾਰਾਂ ਤੇ ਪੈਂਦੇ ਮਾੜੇ ਅਸਰ, ਰਿਸ਼ਤਿਆਂ ਵਿੱਚ ਘੱਟਦੀ ਅਪਣੱਤ ਅਤੇ ਨਵੀਂ ਤੇ ਪੁਰਾਣੀ ਪੀੜੀ ਵਿਚਲੇ ਵਧਦੇ ਫਾਸਲੇ ਅਤੇ ਇਹਨਾਂ ਮਸਲਿਆਂ ਦੇ ਸੰਭਾਵੀ ਹੱਲਾਂ 'ਤੇ ਵੀ ਚਰਚਾ ਕੀਤੀ।
ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ......





