ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਦੋ ਦਿਨਾਂ ਮੁੰਬਈ ਫੇਰੀ ਦੌਰਾਨ ਗੋਦਰੇਜ, ਹਿੰਦੁਸਤਾਨ ਯੂਨੀਲੀਵਰ, ਮਫਤਲਾਲ ਗਰੁੱਪ, ਮਹਿੰਦਰਾ ਐਂਡ ਮਹਿੰਦਰਾ, ਜਿੰਦਲ ਸਟੀਲਜ਼ ਅਤੇ ਹੋਰ ਕਈ ਪ੍ਰਮੁੱਖ ਉਦਯੋਗਾਂ ਨਾਲ ਚਰਚਾ ਕੀਤੀ, ਜਿਸ ਵਿੱਚ ਉਨ੍ਹਾਂ ਪੰਜਾਬ ਸੂਬੇ ਨੂੰ ਇਹਨਾਂ ਉਦਯੋਗਿਕ ਇਕਾਈਆਂ ਲਈ ਇੱਕ ਖਾਸ ਮੰਜ਼ਿਲ ਵਜੋਂ ਦੱਸਿਆ।
ਮੁੱਖ ਮੰਤਰੀ ਨੇ ਕਿਹਾ ਕਿ ਉਦਯੋਗ ਪੱਖੀ ਪਹੁੰਚ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੇ ਨਾਲ ਰਾਜ ਸਰਕਾਰ ਦੀਆਂ ਵਿਹਾਰਕ ਨੀਤੀਆਂ ਸੂਬੇ ਵਿੱਚ ਉਦਯੋਗਿਕ ਵਿਕਾਸ ਲਈ ਅਨੁਕੂਲ ਮਾਹੌਲ ਪ੍ਰਦਾਨ ਕਰਦੀਆਂ ਹਨ।
ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਪਾਲੀਵੁੱਡ ਇੰਡਸਟਰੀ ਨੂੰ ਪ੍ਰਫੁੱਲਤ ਕਰਨ ਲਈ ਸੂਬੇ ਵਿੱਚ ਫਿਲਮ ਸਿਟੀ ਬਣਾਉਣ ਦੀ ਯੋਜਨਾ ਬਣਾ ਰਹੀ ਹੈ।
ਉਨ੍ਹਾਂ ਕਿਹਾ, "ਅਸੀਂ ਪੰਜਾਬ ਵਿੱਚ ਇੱਕ ਵੱਡੀ ਫਿਲਮ ਸਿਟੀ ਸਥਾਪਤ ਕਰਨ ਦੀ ਯੋਜਨਾ ਬਣਾ ਰਹੇ ਹਾਂ। ਮੈਂ ਮੁੰਬਈ ਵਿੱਚ ਫਿਲਮ ਸਟੂਡੀਓਜ਼ ਨੂੰ ਪੰਜਾਬ ਵਿੱਚ ਵੀ ਆਪਣੇ ਸਟੂਡੀਓ ਸਥਾਪਤ ਕਰਨ ਦੀ ਵੀ ਬੇਨਤੀ ਕਰਦਾ ਹਾਂ। ਮੈਂ ਇੱਥੇ ਪੰਜਾਬੀ ਸਿਨੇਮਾ ਉਦਯੋਗ ਅਤੇ ਬਾਲੀਵੁੱਡ ਨੂੰ ਜੋੜਨ ਲਈ ਆਇਆ ਹਾਂ।"




