ਮੀਡਿਆ ਰਿਪੋਰਟਾਂ ਅਨੁਸਾਰ ਮੰਗਲਵਾਰ ਰਾਤ ਹੋਏ ਸੜਕ ਹਾਦਸੇ ਦੌਰਾਨ ਦੀਪ ਸਿੱਧੂ ਦਿੱਲੀ ਤੋਂ ਬਠਿੰਡੇ ਵੱਲ ਜਾਂਦੇ ਹੋਏ ਖੁਦ ਸਕਾਰਪੀਓ ਗੱਡੀ ਚਲਾ ਰਹੇ ਸਨ। ਘਟਨਾਸਥਲ ਤੋਂ ਇੱਕ ਵੱਡਾ ਟਰੱਕ ਵੀ ਮਿਲਿਆ ਹੈ ਜਿਸਦੇ ਪਿੱਛੇ ਉਸਦੀ ਕਾਰ ਵੱਜੀ ਦੱਸੀ ਜਾ ਰਹੀ ਹੈ।
ਦੀਪ ਸਿੱਧੂ ਦੀ ਮਿਤ੍ਰਕ ਦੇਹ ਦੀ ਪੋਸਟਮਾਰਟਮ ਰਿਪੋਰਟ ਅਜੇ ਆਉਣੀ ਬਾਕੀ ਹੈ। ਪੁਲਿਸ ਅਨੁਸਾਰ ਜ਼ਿਆਦਾ ਜਾਣਕਾਰੀ ਘਟਨਾ ਦੀ ਜਾਂਚ ਮਗਰੋਂ ਹੀ ਦੇਣੀ ਸੰਭਵ ਹੋਵੇਗੀ।
ਮੀਡਿਆ ਰਿਪੋਰਟਾਂ ਅਨੁਸਾਰ ਸਿੱਧੂ ਆਪਣੀ ਇੱਕ ਦੋਸਤ ਨਾਲ ਸਫਰ ਕਰ ਰਹੇ ਸਨ। ਉਸ ਨੂੰ ਵੀ ਹਾਦਸੇ ਦੌਰਾਨ ਸੱਟਾਂ ਵੱਜੀਆਂ ਹਨ ਅਤੇ ਉਹ ਇਲਾਜ ਅਧੀਨ ਹੈ।
ਕੌਣ ਸੀ ਦੀਪ ਸਿੱਧੂ ?
ਮੁਕਤਸਰ ਜ਼ਿਲ੍ਹੇ ਨਾਲ ਤਾਲੁਕ ਰੱਖਣ ਵਾਲੇ, 1984 ਦੇ ਜੰਮਪਲ ਦੀਪ ਸਿੱਧੂ ਨੇ ਵਕਾਲਤ ਦੀ ਪੜ੍ਹਾਈ ਕੀਤੀ ਹੋਈ ਸੀ। ਉਨ੍ਹਾਂ ਨੇ ਹੀਰੋ ਵਜੋਂ ਪੰਜਾਬੀ ਫਿਲਮ ‘ਰਮਤਾ ਜੋਗੀ’ (2015) ਨਾਲ ਅਦਾਕਾਰੀ ਦੀ ਸ਼ੁਰੂਆਤ ਕੀਤੀ। 2017 ਵਿੱਚ ਗੀਤਕਾਰ ਅਮਰਦੀਪ ਸਿੰਘ ਗਿੱਲ ਦੀ ਫਿਲਮ ‘ਜੋਰਾ 10 ਨੰਬਰੀਆ’ ਵਿੱਚ ਦੀਪ ਸਿੱਧੂ ਨੇ ਜੋਰਾ ਦਾ ਕਿਰਦਾਰ ਨਿਭਾਇਆ ਅਤੇ 2018 ਵਿੱਚ ਦੀਪ ਸਿੱਧੂ ਦੀ ਇੱਕ ਹੋਰ ਫ਼ਿਲਮ ‘ਰੰਗ ਪੰਜਾਬ’ ਆਈ। ਉਹ ਮੁੰਬਈ ਵਿੱਚ ਫੈਸ਼ਨ ਸ਼ੋਅਜ਼ ਵਿੱਚ ਬਤੌਰ ਮਾਡਲ ਵੀ ਹਿੱਸਾ ਲੈਂਦੇ ਰਹੇ ਹਨ ।
2021 ਵਿੱਚ ਕਿਸਾਨੀ ਅੰਦੋਲਨ ਦੌਰਾਨ ਚਰਚਾ 'ਚ ਆਏ ਦੀਪ ਸਿੱਧੂ
ਦੀਪ ਸਿੱਧੂ 2020 ਵਿੱਚ ਕਿਸਾਨ ਅੰਦੋਲਨ ਨਾਲ ਜੁੜੇ ਅਤੇ ਸੋਸ਼ਲ ਮੀਡੀਆ ਰਾਹੀਂ ਵੀ ਕਾਫੀ ਸਰਗਰਮ ਰਹੇ ।
26 ਜਨਵਰੀ 2021 ਨੂੰ ਕਿਸਾਨ ਟਰੈਕਟਰ ਪਰੇਡ ਵਾਲੇ ਦਿਨ 'ਲਾਲ਼ ਕਿਲਾ ਘਟਨਾ' ਦੌਰਾਨ ਦੀਪ ਸਿੱਧੂ ਉੱਤੇ ਹਿੰਸਾ ਭੜਕਾਉਣ ਦੇ ਕਥਿਤ ਦੋਸ਼ ਵੀ ਲੱਗੇ, ਕੇਸ ਦਰਜ ਹੋਇਆ ਅਤੇ ਗ੍ਰਿਫਤਾਰੀ ਵੀ ਹੋਈ। ਹਾਲਾਂਕਿ ਦੀਪ ਸਿੱਧੂ ਇਨ੍ਹਾਂ ਇਲਜ਼ਾਮਾਂ ਤੋਂ ਹਮੇਸ਼ਾਂ ਇਨਕਾਰੀ ਰਹੇ।
ਪੰਜਾਬ ਦੀਆਂ ਹਸਤੀਆਂ ਵਲੋਂ ਸਿੱਧੂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ
ਪੰਜਾਬ ਦੀਆਂ ਮੰਨੀਆਂ ਪ੍ਰਮੰਨੀਆਂ ਹਸਤੀਆਂ ਨੇ ਸੋਸ਼ਲ ਮੀਡਿਆ ਰਾਹੀਂ ਦੀਪ ਸਿੱਧੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ, "ਦੀਪ ਸਿੱਧੂ ਦੀ ਮੌਤ ਦੀ ਮੰਦਭਾਗੀ ਖਬਰ 'ਤੇ ਉਨ੍ਹਾਂ ਨੂੰ ਡੂੰਘਾ ਦੁੱਖ ਹੋਇਆ ਹੈ।" ਉਨ੍ਹਾਂ ਦੇ ਪਰਿਵਾਰ ਅਤੇ ਫੈਨਜ਼ ਲਈ ਉਨ੍ਹਾਂ ਅਰਦਾਸ ਵੀ ਕੀਤੀ।
ਬੀ ਜੇ ਪੀ ਆਗੂ ਮਨਜਿੰਦਰ ਸਿੰਘ ਸਿਰਸਾ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਅਕਾਲੀ ਦਲ ਤੋਂ ਸੁਖਬੀਰ ਸਿੰਘ 'ਬਾਦਲ', ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਸਮੇਤ ਕਈ ਸਿਆਸੀ ਆਗੂਆਂ ਨੇ ਸਿੱਧੂ ਦੀ ਮੌਤ ਤੇ ਦੁੱਖ ਪ੍ਰਗਟਾਇਆ ਹੈ।
ਸਿਆਸਤਦਾਨਾਂ ਤੋਂ ਇਲਾਵਾ ਕਲਾ ਦੇ ਖੇਤਰ ਨਾਲ ਜੁੜੇ ਲੋਕਾਂ ਨੇ ਵੀ ਉਨ੍ਹਾਂ ਦੀ ਭਰ ਜਵਾਨੀ ਵਿੱਚ ਹੋਈ ਮੌਤ 'ਤੇ ਦੁੱਖ ਜ਼ਾਹਿਰ ਕੀਤਾ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਐਸ ਬੀ ਐਸ ਪੰਜਾਬੀ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਸੁਣਿਆ ਜਾ ਸਕਦਾ ਹੈ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ। ਤੁਸੀਂ ਸਾਨੂੰ ਟਵਿੱਟਰ 'ਤੇ ਵੀ ਫ਼ਾਲੋ ਕਰ ਸਕਦੇ ਹੋ।