ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਸੰਗੀਤ ਵਿੱਚ ਡਿਗਰੀ ਹਾਸਿਲ ਕਾਰਨ ਵਾਲ਼ੇ ਨੌਜਵਾਨ ਗਾਇਕ ਵਿਰਾਸਤ ਸੰਧੂ ਲਈ ਸਫਲਤਾ ਦਾ ਪੈਮਾਨਾ ਆਪਣੇ ਸਰੋਤਿਆਂ ਵੱਲੋਂ ਦਿੱਤਾ ਜਾਂਦਾ ਪਿਆਰ-ਸਤਿਕਾਰ ਹੈ।
ਉਹ ਹੁਣ ਤੱਕ 50 ਦੇ ਕਰੀਬ ਗੀਤ ਰਿਕਾਰਡ ਕਰ ਚੁੱਕਾ ਹੈ ਅਤੇ ਉਸਨੂੰ ਇੱਕ ਪੰਜਾਬੀ ਫਿਲਮ ਰਾਹੀਂ ਆਪਣੀ ਕਲਾਕਾਰੀ ਨੂੰ ਨਿਖਾਰਨ ਦਾ ਮੌਕਾ ਵੀ ਮਿਲਿਆ।
ਐਸ ਬੀ ਐਸ ਨਾਲ਼ ਇੰਟਰਵਿਊ ਦੌਰਾਨ ਉਸਨੇ ਦੱਸਿਆ ਕਿ ਉਸਦਾ ਅਸਲ ਨਾਂ ਬਲਰਾਜ ਸਿੰਘ ਹੈ ਪਰ ਉਹ ਗਾਇਕੀ ਦੀ ਸਰਦਲ ਤੇ ਵਿਰਾਸਤ ਸੰਧੂ ਵਜੋਂ ਪ੍ਰਵਾਨ ਹੋਇਆ।
"ਮੇਰਾ ਵਿਰਸੇ-ਵਿਰਾਸਤ ਨਾਲ਼ ਖਾਸ ਲਗਾਅ ਹੋਣ ਕਰਕੇ ਮੈਨੂੰ ਇਹ ਨਾਂ ਖੁਦ ਵੀ ਕਾਫੀ ਚੰਗਾ ਲੱਗਿਆ," ਉਨ੍ਹਾਂ ਕਿਹਾ।

Virasat Sandhu at SBS Studios, Melbourne.
ਆਪਣੇ ਗੀਤਾਂ ਪਿਛਲੀ ਮਕਬੂਲੀਅਤ ਦਾ ਸੇਹਰਾ ਉਹ ਗੀਤ ਲਿਖਾਰੀ ਸਤਿਗੁਰ ਸਿੰਘ ਨੂੰ ਵੀ ਦਿੰਦਾ ਹੈ।
ਉਸਦੇ ਗੀਤਾਂ ਦੀਆਂ ਹੇਠ ਲਿਖੀਆਂ ਚੋਣਵੀਆਂ ਸਤਰਾਂ ਤੁਹਾਨੂੰ ਉਸਦੇ ਗੀਤ ਸੁਣਨ ਲਈ ਮਜਬੂਰ ਕਰ ਸਕਦੀਆਂ ਹਨ -
ਲੈ ਲਵਾਂਗੇ ਮੁੱਲ ਆਟਾ ਦਾਲ ਬਿਜਲੀ, ਹੱਥ ਜੋੜੇ ਸਾਨੂੰ ਰੁਜ਼ਗਾਰ ਦੇ ਦਿਉ…
ਇਸ ਵਾਰੀ ਵੋਟ ਪਾਉਣੀ ਓਸ ਠੱਗ ਨੂੰ ਜੋ ਪਹਿਲਾਂ ਵਾਲ਼ੇ ਠੱਗ ਨਾਲੋਂ ਘੱਟ ਠੱਗੂਗਾ…
8 ਲੱਖ ਸੁਣਿਆ ਗਵਈਆ ਲੈ ਗਿਆ, ਥੋਡੀਆਂ ਭੈਣਾਂ ਨੂੰ ਕਹਿਕੇ ਟੋਟੇ-ਪੁਰਜੇ...
ਚੰਗੇ ਸਮਿਆਂ 'ਚ ਓਹੀ ਨਾਲ਼ ਹੋਣਗੇ, ਮਾੜੇ ਸਮਿਆਂ 'ਚ ਨਾਲ਼ ਜੋ ਖੜ੍ਹੇ….
ਖੇਡਾਂ ਵਿੱਚ ਪਾਈਆ-ਪਾਈਆ ਸੋਨਾ ਜਿੱਤਕੇ, ਮੁੰਡਾ ਫਿਰੇ ਢਾਬਿਆਂ 'ਤੇ ਚਾਹ ਵੇਚਦਾ…
ਜਿੰਨਾ ਰੱਬ ਦਿੱਤਾ, ਜੇ ਏਨਾ ਵੀ ਨਾ ਦਿੰਦਾ, ਫੇਰ ਕੀ ਕਰਦੇ…
ਸੈੱਟ ਹੋਜੂ ਪੁੱਤ 18 ਲੱਖ ਲਾਇਆ ਸੀ, 7-ਬੈਂਡਾਂ ਵਾਲ਼ੀ ਬਹੂ ਸਿਰਾ ਕਰਗੀ,
ਟੈਨਸ਼ਨ 'ਚ ਮੁੰਡਾ ਸਲਫਾਸ ਖਾ ਗਿਆ, ਬਾਹਰ ਜਾਕੇ ਕੁੜੀ ਹੱਥ ਖੜ੍ਹੇ ਕਰਗੀ...
ਵਿਰਾਸਤ ਸੰਧੂ ਨਾਲ਼ ਇੰਟਰਵਿਊ ਸੁਨਣ ਲਈ ਇਸ ਆਡੀਓ ਬਟਨ 'ਤੇ ਕਲਿਕ ਕਰੋ: