ਹਰ ਕਿਸੇ ਨੂੰ ਕੰਮ 'ਤੇ ਸੁਰੱਖਿਅਤ ਮਹਿਸੂਸ ਕਰਨ ਦਾ ਹੱਕ ਹੈ, ਖ਼ਾਸਕਰ ਅਜੋਕੇ ਸਮੇਂ ਦੌਰਾਨ ਜਦੋਂ ਕਰੋਨਾਵਾਇਰਸ ਮਹਾਂਮਾਰੀ ਨੇ ਹਰ ਕਿਸੇ ਦੀ ਜਿੰਦਗੀ ਨੂੰ ਕਾਫ਼ੀ ਪ੍ਰਭਾਵਤ ਕੀਤਾ ਹੈ।
ਇਸ ਦੌਰਾਨ ਵਿਕਟੋਰੀਅਨ ਟਰੇਡਜ਼ ਹਾਲ ਪ੍ਰੀਸ਼ਦ ਦੇ ਇੱਕ ਨੁਮਾਇੰਦੇ, ਗੁਰਪ੍ਰੀਤ ਸਿੰਘ ਨੇ ਐਸ ਬੀ ਐਸ ਪੰਜਾਬੀ ਨਾਲ ਇੱਕ ਇੰਟਰਵਿਊ ਵਿੱਚ ਕੰਮ ਵਾਲੀ ਥਾਂ ਨਾਲ ਜੁੜੀਆਂ ਕੋਵਿਡ-ਸੇਫ ਜ਼ਰੂਰਤਾਂ ਅਤੇ ਜ਼ਿੰਮੇਵਾਰੀਆਂ ਬਾਰੇ ਵਿਚਾਰ ਸਾਂਝੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਰੁਜ਼ਗਾਰਦਾਤਾ ਅਤੇ ਕਰਮਚਾਰੀ ਦੋਵਾਂ ਨੂੰ ਹੀ ਕੋਵਿਡ ਮਹਾਂਮਾਰੀ ਨੂੰ ਨੀਤੀਗਤ ਢੰਗ ਨਾਲ਼ ਨਜਿੱਠਣ ਦੀ ਲੋੜ ਹੈ, ਪਰ ਇਹ ਮੁੱਖ ਤੌਰ ਤੇ ਮਾਲਕਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਕਾਮਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ।
“ਹਾਲਾਂਕਿ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ ਪਰ ਇਹ ਖ਼ਤਰਾ ਉਦੋਂ ਵੀ ਬਣਿਆ ਰਹਿੰਦਾ ਹੈ ਜਦੋਂ ਤੁਸੀਂ ਦਫਤਰਾਂ ਜਾਂ ਸਾਈਟਸ 'ਤੇ ਕੰਮ ਕਰਦੇ ਹੋ ਜਾਂ ਲੋਕਾਂ ਵਿੱਚ ਨੇੜੇ ਹੋਕੇ ਵਿਚਰਦੇ ਹੋ।"
"ਇਹੀ ਕਾਰਨ ਹੈ ਕਿ ਰੁਜ਼ਗਾਰਦਾਤਾ, ਕੰਮ ਵਾਲੀਆਂ ਥਾਵਾਂ ਉੱਤੇ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਹੈਂਡ ਸੈਨੀਟਾਈਸਰਾਂ ਅਤੇ ਮਾਸਕਾਂ ਸਮੇਤ ਸੁਰੱਖਿਆ ਨਾਲ਼ ਜੁੜੀਆਂ ਚੀਜ਼ਾਂ ਪ੍ਰਦਾਨ ਕਰਨ ਲਈ ਜ਼ਿੰਮੇਵਾਰ ਹਨ।"
ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਾਮਿਆਂ ਨੂੰ ਅਧਿਕਾਰ ਹੈ ਕਿ ਉਹ ਲੋੜ ਪੈਣ ਉੱਤੇ ਅਸੁਰੱਖਿਅਤ ਕੰਮ ਕਰਨ ਤੋਂ ਇਨਕਾਰ ਕਰ ਸਕਦੇ ਹਨ।

Covid safety requirements at work. Source: Pexels
“ਜੇ ਕੰਮ ਵਾਲੀ ਥਾ ਤੁਹਾਡੀਆਂ ਸੁਰੱਖਿਆ ਨਾਲ਼ ਜੁੜੀਆਂ ਜ਼ਰੂਰਤਾਂ ਦਾ ਹੱਲ ਨਹੀਂ ਕਰ ਰਹੀ ਤਾਂ ਵਰਕਸੇਫ ਵਿਕਟੋਰੀਆ ਨੂੰ ਇਸ ਬਾਰੇ ਸੂਚਿਤ ਕੀਤਾ ਜਾ ਸਕਦਾ ਹੈ," ਉਨ੍ਹਾਂ ਕਿਹਾ।
ਇਸਤੋਂ ਇਲਾਵਾ ਉਨ੍ਹਾਂ ਹੇਠ ਲਿਖਿਆਂ ਪ੍ਰਸ਼ਨਾਂ ਦੇ ਵੀ ਉੱਤਰ ਦਿੱਤੇ:
- ਕੰਮ ਵਾਲੀਆਂ ਥਾਵਾਂ 'ਤੇ ਕੋਵਿਡਸਫ ਹੋਣ ਦਾ ਕੀ ਮਤਲਬ ਹੈ?
- ਹੈਂਡ ਸੈਨੀਟਾਈਸਰ ਅਤੇ ਮਾਸਕਾਂ ਸਮੇਤ ਸੁਰੱਖਿਆ ਨਾਲ਼ ਜੁੜੀਆਂ ਚੀਜ਼ਾਂ ਪ੍ਰਦਾਨ ਕਰਨਾ, ਕੀ ਮੇਰੇ ਕੰਮ ਵਾਲੀ ਥਾਂ ਦੀ ਜਿੰਮੇਵਾਰੀ ਹੈ?
- ਜੇ ਮੈਂ ਬਿਮਾਰ ਮਹਿਸੂਸ ਕਰ ਰਿਹਾ ਹੋਵਾਂ ਜਾਂ ਮੈਨੂੰ ਕੋਵਿਡ ਟੈਸਟ ਕਰਵਾਉਣ ਦੀ ਜ਼ਰੂਰਤ ਹੋਵੇ ਤਾਂ ਕੀ ਮੈਨੂੰ ਕੰਮ ਉੱਤੇ ਆਉਣ ਲਈ ਮਜਬੂਰ ਕੀਤਾ ਜਾ ਸਕਦਾ ਹੈ?
- ਕੀ ਮੈਨੂੰ ਕੰਮ ਉੱਤੇ ਜਾਣ ਲਈ ਲਾਜ਼ਮੀ ਤੌਰ ਉੱਤੇ ਕੋਵਿਡ-19 ਟੀਕਾ ਲਗਵਾਉਣਾ ਪੈਣਾ ਹੈ?
- ਮੈਨੂੰ ਕੰਮ 'ਤੇ ਕੋਵਿਡ -19 ਸੁਰੱਖਿਆ ਬਾਰੇ ਕੁਝ ਚਿੰਤਾਵਾਂ ਹਨ, ਮੈਨੂੰ ਕੀ ਕਰਨਾ ਚਾਹੀਦਾ ਹੈ?
ਇਹਨਾਂ ਪ੍ਰਸ਼ਨਾਂ ਦੇ ਉੱਤਰ ਜਾਨਣ ਲਈ ਇਹ ਇੰਟਰਵਿਊ ਸੁਣੋ:
ਕਰੋਨਾਵਾਇਰਸ ਬਾਰੇ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ। ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ