ਵਿਕਟੋਰੀਆ ਇੰਟਰਨੈਸ਼ਨਲ ਐਜੂਕੇਸ਼ਨ ਅਵਾਰਡਸ ਦੌਰਾਨ ਸਾਲ 2023 ਦੇ ਸਭ ਤੋਂ ਵਧੀਆ ਵਿਦਿਆਰਥੀ ਦਾ ਵੱਕਾਰੀ ਐਵਾਰਡ ਲੈਣਾ, ਸਰਬਜੀਤ ਸਿੰਘ ਲਈ ਇੱਕ ਵੱਡੀ ਪ੍ਰਾਪਤੀ ਹੈ।
ਇਹ ਪ੍ਰਾਪਤੀ ਇਸ ਲਈ ਵੀ ਅਹਿਮ ਹੈ ਕਿਉਂਕਿ ਉਹ ਮੋਗਾ ਲਾਗੇ ਬਾਘਾ ਪੁਰਾਣਾ ਦੇ ਇੱਕ ਸਧਾਰਨ ਪੰਜਾਬੀ ਪਰਿਵਾਰ ਦਾ ਜੰਮਿਆ-ਪਲ਼ਿਆ ਹੈ।
ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਉਸਨੇ ਦੱਸਿਆ ਕਿ ਉਸਨੂੰ ਆਪਣੇ ਪਿਤਾ ਦੀ ਕਰਿਆਨੇ ਦੀ ਛੋਟੀ ਦੁਕਾਨ ਉੱਤੇ ਹੱਥ-ਵਟਾਉਣਾ ਸਦਾ ਯਾਦ ਰਹਿੰਦਾ ਹੈ।
ਸਰਬਜੀਤ ਸਿੰਘ ਨੇ ਦੱਸਿਆ ਕਿ ਨਵੰਬਰ 2023 ਵਿੱਚ ਸਟੱਡੀ ਮੈਲਬੌਰਨ ਦੁਆਰਾ ਮਿਲੇ ਇੰਟਰਨੈਸ਼ਨਲ ਸਟੂਡੈਂਟ ਆਫ ਦਿ ਈਅਰ ਅਤੇ ਪ੍ਰੀਮੀਅਰ ਅਵਾਰਡ ਲਈ ਉਸਦਾ ਪਰਿਵਾਰ ਮਾਣ ਮਹਿਸੂਸ ਕਰਦਾ ਹੈ।
ਜ਼ਿਕਰਯੋਗ ਹੈ ਕਿ ਇਹ ਸਨਮਾਨ ਭਾਈਚਾਰੇ ਵਿੱਚ ਵਧੀਆ ਸ਼ਮੂਲੀਅਤ, ਪੜ੍ਹਾਈ-ਲਿਖਾਈ, ਸਮਾਜ ਨੂੰ ਦੇਣ ਅਤੇ ਨੌਜਵਾਨਾਂ ਦੀ ਅਗਵਾਈ ਲਈ ਦਿੱਤੇ ਜਾਂਦੇ ਹਨ।
ਸਰਬਜੀਤ, ਡੀਕਿਨ ਯੂਨੀਵਰਸਿਟੀ ਸਟੂਡੈਂਟ ਐਸੋਸੀਏਸ਼ਨ ਲਈ 'ਕੈਂਪਸ ਕੋਆਰਡੀਨੇਟਰ' ਰਹਿ ਚੁੱਕਿਆ ਹੈ। ਇਸ ਭੂਮਿਕਾ ਤਹਿਤ ਉਸਨੇ ਪ੍ਰਾਈਡ ਵੀਕ ਸੈਲੀਬ੍ਰੇਸ਼ਨ, ਹਾਰਮਨੀ ਵੀਕ, ਅਤੇ ਸੱਭਿਆਚਾਰਕ ਤਿਉਹਾਰਾਂ ਵਰਗੇ ਕਈ ਸਮਾਗਮਾਂ ਦਾ ਆਯੋਜਨ ਕਰਨ ਵਿੱਚ ਵੀ ਯੋਗਦਾਨ ਪਾਇਆ ਹੈ।
ਕਮਿਊਨਿਟੀ ਸੇਵਾ ਲਈ ਉਸਦੇ ਬੇਮਿਸਾਲ ਯਤਨਾਂ ਲਈ ਉਸਨੂੰ ਸਾਲ 2023 ਵਿੱਚ ਜੀਲੌਂਗ ਸਿਟੀ ਕੌਂਸਲ ਦਾ 'ਯੂਥ ਅਵਾਰਡ' ਵੀ ਦਿੱਤਾ ਗਿਆ।
ਸਰਬਜੀਤ, 18-ਸਾਲ ਦੀ ਉਮਰ ਵਿੱਚ ਸਨ 2020 ਵਿੱਚ ਇੱਕ ਅੰਤਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਇਆ ਸੀ।
ਉਸ ਸਮੇਂ ਕੋਵਿਡ-19 ਕਰਕੇ ਨਾ-ਸਿਰਫ ਉਸਦੀ ਪੜ੍ਹਾਈ ਪ੍ਰਭਾਵਿਤ ਹੋਈ ਬਲਕਿ ਉਸਨੂੰ ਆਰਥਿਕ ਤੰਗੀ ਦਾ ਵੀ ਸਾਮਣਾ ਕਰਨਾ ਪਿਆ।
"ਉਸ ਵੇਲ਼ੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਦੇ ਵਾਪਸ ਪਰਤਣ ਵਾਲ਼ੇ ਬਿਆਨਾਂ ਕਰਕੇ ਇੱਕ ਵਾਰ ਤਾਂ ਕਾਫੀ ਡਰ ਲੱਗਿਆ ਪਰ ਸਥਾਨਿਕ ਲੋਕਾਂ ਦੇ ਸਹਿਯੋਗ ਸਦਕਾ ਮੈਂ ਸੰਭਲ ਗਿਆ," ਉਸਨੇ ਕਿਹਾ।
ਮੇਰੇ ਲਈ ਚੰਗੀ ਗੱਲ ਇਹ ਸੀ ਕਿ ਮੇਰੇ ਮਾਪਿਆਂ ਮੇਹਨਤ ਦੀ ਸਿਖਿਆ ਦਿੱਤੀ ਸੀ ਜੋ ਮੇਰੇ ਸਦਾ ਕੰਮ ਆਈ। ਇਹਦੇ ਚਲਦਿਆਂ 7/11, ਗਰੋਸਰੀ ਸਟੋਰ ਕੋਲਜ਼, ਡੌਮੀਨੋ ਪੀਜ਼ਾ ਆਦਿ ਉੱਤੇ ਨੌਕਰੀਆਂ ਕਰਦੇ ਮੈਨੂੰ ਆਰਥਿਕ ਤੌਰ ਉੱਤੇ ਕਾਫ਼ੀ ਰਾਹਤ ਮਿਲੀ।ਸਰਬਜੀਤ ਸਿੰਘ
ਸਰਬਜੀਤ, ਆਪਣੀ ਯੂਨੀਵਰਸਿਟੀ ਵਿੱਚ ਨਵੇਂ ਆਏ ਵਿਦਿਆਰਥੀਆਂ ਨੂੰ ਸਥਾਪਤੀ ਵਿੱਚ ਸਹਿਯੋਗ ਦੇਣ ਦੇ ਨਾਲ਼-ਨਾਲ਼ ਸਟੱਡੀ ਜੀਲੋਂਗ ਅਤੇ ਇੰਜੀਨੀਅਰਜ਼ ਆਸਟ੍ਰੇਲੀਆ ਲਈ ਇੱਕ 'ਐਮਬੇਜ਼ਡਰ' ਵਜੋਂ ਵੀ ਕੰਮ ਕਰਦਾ ਹੈ।
ਐਸ ਬੀ ਐਸ ਨਾਲ਼ ਇੰਟਰਵਿਊ ਦੌਰਾਨ ਉਸਨੇ ਨਵੇਂ ਆਏ ਅੰਤਰਾਸ਼ਟਰੀ ਵਿਦਿਆਰਥੀਂਆਂ ਲਈ ਕਈ ਸੁਝਾਅ ਵੀ ਦਿੱਤੇ। ਹੋਰ ਵੇਰਵੇ ਲਈ ਇਹ ਆਡੀਓ ਸੁਣੋ....



