ਮੈਲਬੌਰਨ ਵਸਦੇ ਕਈ ਪੰਜਾਬੀ ਪਰਿਵਾਰ ਜਿਨ੍ਹਾਂ ਦੇ ਬੱਚੇ ਵਿਕਟੋਰੀਆ ਦੇ ਕੋਲਮੰਟ ਸਕੂਲ (ਪਹਿਲਾਂ ਕਿਲਮੋਰ ਇੰਟਰਨੈਸ਼ਨਲ ਸਕੂਲ) ਵਿੱਚ ਪੜ੍ਹਦੇ ਸਨ, ਸਕੂਲ ਬੰਦ ਹੋਣ ਪਿੱਛੋਂ ਕਾਫੀ ਦੁਖੀ ਅਤੇ ਨਿਰਾਸ਼ ਹਨ।
ਹਰਮਨ ਚੋਪੜਾ ਦਾ ਬੇਟਾ ‘ਦੇਵ’ ਛੇਵੀਂ ਜਮਾਤ ਵਿੱਚ ਪੜ੍ਹਦਾ ਹੈ। ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਸ਼੍ਰੀਮਤੀ ਚੋਪੜਾ ਨੇ ਦੱਸਿਆ ਕਿ ਸਕੂਲ ਬੰਦ ਹੋਣ ਦੀ ਜਾਣਕਾਰੀ ਉਹਨਾਂ ਨੂੰ ਮਹਿਜ਼ ਦੋ ਦਿਨ ਪਹਿਲਾਂ ਹੀ ਦਿੱਤੀ ਗਈ ਸੀ।
ਇਹ ਜਾਣਕਾਰੀ ਉਹਨਾਂ ਨੂੰ ਸਕੂਲ ਪ੍ਰਸ਼ਾਸਨ ਵੱਲੋਂ ਨਹੀਂ ਬਲਕਿ ਵਿਕਟੋਰੀਆ ਦੀ ਸਿੱਖਿਆ ਲਈ ਜ਼ਿੰਮੇਵਾਰ ਰਾਜ ਸਰਕਾਰ ਦੀ ਸੰਸਥਾ ਵਿਕਟੋਰੀਆ ਰਜਿਸਟ੍ਰੇਸ਼ਨ ਅਤੇ ਯੋਗਤਾ ਅਥਾਰਟੀ ਤੋਂ ਮਿਲੀ ਸੀ।
ਅਸੀਂ ਕਿੱਥੇ ਜਾਈਏ?
ਸ਼੍ਰੀਮਤੀ ਚੋਪੜਾ ਨੇ ਦੱਸਿਆ ਕਿ ਸਕੂਲ ਬੰਦ ਹੋਣ ਦੀ ਜਾਣਕਾਰੀ ਮਿਲਣ ਤੋਂ ਕੁੱਝ ਸਮੇਂ ਬਾਅਦ ਹੀ ਉਹਨਾਂ ਬਹੁਤ ਸਾਰੇ ਸਕੂਲਾਂ ਵਿੱਚ ਆਪਣੇ 11 ਸਾਲ ਦੇ ਬੇਟੇ ਦੇ ਦਾਖ਼ਲੇ ਲਈ ਸੰਪਰਕ ਕਰਨੇ ਸ਼ੁਰੂ ਕਰ ਦਿੱਤੇ।
ਪਰ ਉਹਨਾਂ ਦੇ ਨੇੜਲੇ ਇਲਾਕਿਆਂ ਵਿੱਚ ਨਾ ਤਾਂ 'ਹਿਊਮ ਐਂਗਲੀਕਨ ਗ੍ਰਾਮਰ' ਸਕੂਲ ਅਤੇ ਨਾ ਹੀ 'ਏਟੇਕਨ ਕਾਲਜ' ਵਿੱਚ ਅਗਲੇ ਸਾਲ ਤੱਕ ਕੋਈ ਵੀ ਜਗ੍ਹਾ ਖਾਲੀ ਹੈ।
ਉਹਨਾਂ ਕਿਹਾ ਕਿ ਪ੍ਰਾਇਮਰੀ ਤੋਂ ਸੈਕੰਡਰੀ ਸਕੂਲ ਵਿੱਚ ਜਾਣਾ ਇੱਕ ਵਿਦਿਆਰਥੀ ਲਈ ਪਹਿਲਾਂ ਹੀ ਵੱਡੀ ਤਬਦੀਲੀ ਹੈ ਅਤੇ ਅਜਿਹੇ ਵਿੱਚ ਕੁੱਝ ਇਸ ਤਰ੍ਹਾਂ ਦੀ ਖ਼ਬਰ ਮਿਲਣ ਬਾਰੇ ਉਹਨਾਂ ਕਦੇ ਸੋਚਿਆ ਹੀ ਨਹੀਂ ਸੀ। ਹਰਮਨ ਚੋਪੜਾ ਦਾ ਮੰਨਣਾ ਹੈ ਕਿ ਇਸ ਸਕੂਲ ਨੂੰ ਬਚਾਉਣ ਦੀ ਲੋੜ ਹੈ।
ਵਿਦਿਆਰਥੀਆਂ ਵਿੱਚ ਨਿਰਾਸ਼ਾ
ਦੂਜੇ ਪਾਸੇ ਕ੍ਰੇਗੀਬਰਨ ਵਿੱਚ ਰਹਿੰਦੀ ਮਨਿੰਦਰ ਕੌਰ ਰੋਸ਼ਾ ਦਾ ਬੇਟਾ 'ਫਤਿਹ' ਕੋਲਮੰਟ ਸਕੂਲ ਵਿੱਚ ਚੌਥੇ ਗ੍ਰੇਡ ਵਿੱਚ ਪੜ੍ਹਦਾ ਸੀ। ਉਹਨਾਂ ਦਾ ਕਹਿਣਾ ਹੈ ਕਿ ਸਕੂਲ ਬੰਦ ਹੋਣ ਕਾਰਨ ਬੱਚੇ ਬਹੁਤ ਉਦਾਸ ਹਨ।

ਉਹਨਾਂ ਐਸ.ਬੀ.ਐਸ. ਪੰਜਾਬੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੁੱਧਵਾਰ, 27 ਜੁਲਾਈ ਨੂੰ ਉਹਨਾਂ ਨੂੰ ਸਕੂਲ ਬੰਦ ਹੋਣ ਬਾਰੇ ਈ-ਮੇਲ ਮਿਲੀ ਸੀ ਜਿਸ ਤੋਂ ਬਾਅਦ ਅਗਲੇ ਦਿਨ ਵੀਰਵਾਰ ਨੂੰ ਉਹਨਾਂ ਨੂੰ ਇਹ ਦੱਸਿਆ ਗਿਆ ਕਿ ਸ਼ੁੱਕਰਵਾਰ ਨੂੰ ਸਕੂਲ ਵਿੱਚ ਵਿਦਿਆਰਥੀਆਂ ਦਾ ਆਖ਼ਰੀ ਦਿਨ ਹੋਵੇਗਾ।
ਸ਼੍ਰੀਮਤੀ ਰੋਸ਼ਾ ਨੇ ਦੱਸਿਆ ਕਿ ਕੋਲਮੰਟ ਸਕੂਲ ਦੇ ਬਰਾਬਰ ਦਾ ਸਕੂਲ ਲੱਭਣਾ ਉਹਨਾਂ ਲਈ ਬੇਹੱਦ ਮੁਸ਼ਕਿਲ ਹੈ ਕਿਉਂਕਿ ਅਜਿਹਾ ਪਾਠਕ੍ਰਮ ਉਹਨਾਂ ਦੇ ਨੇੜਲੇ ਇਲਾਕਿਆਂ ਵਿੱਚ ਹੋਰ ਕਿਸੇ ਸਕੂਲ ਵਿੱਚ ਨਹੀਂ ਮਿਲ ਰਿਹਾ।
ਸਕੂਲ ਅਜੇ ਵੀ ਮਿਡ-ਟਰਮ ਲਈ ਦਾਖਲੇ ਲੈ ਰਿਹਾ ਸੀ
ਸੱਤਵੇਂ ਗ੍ਰੇਡ ਦੇ ਵਿਦਿਆਰਥੀ ਅਭਿਜੋਤ ਸਿੰਘ ਨੇ 19 ਜੁਲਾਈ ਨੂੰ ਕੋਲਮੰਟ ਸਕੂਲ ਵਿੱਚ ਜਾਣਾ ਸ਼ੁਰੂ ਹੀ ਕੀਤਾ ਸੀ ਕਿ ਸਕੂਲ ਬੰਦ ਹੋਣ ਦੀ ਖ਼ਬਰ ਸਾਹਮਣੇ ਆ ਗਈ।
ਅਭਿਜੋਤ ਸਿੰਘ ਦੇ ਪਿਤਾ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਇਸ ਗੱਲ ਨੂੰ ਲੈਕੇ ਕਾਫੀ ਪ੍ਰੇਸ਼ਾਨ ਹਨ।
ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਅਭਿਜੋਤ ਨੇ 19 ਫਰਵਰੀ ਨੂੰ ਸਕਾਲਰਸ਼ਿਪ ਦੀ ਪ੍ਰੀਖਿਆ ਦਿੱਤੀ ਸੀ ਅਤੇ ਮਾਰਚ ਦੇ ਅੱਧ ਵਿੱਚ ਉਹਨਾਂ ਨੂੰ ਸਕੂਲ ਤੋਂ ਫੋਨ ਆ ਗਿਆ ਸੀ।

ਉਹਨਾਂ ਕਿਹਾ ਕਿ ਉਹਨਾਂ ਦਾ ਬੇਟਾ ਸਿਰਫ ਡੇਢ ਹਫ਼ਤੇ ਲਈ ਹੀ ਆਪਣੇ ਨਵੇਂ ਸਕੂਲ ਵਿੱਚ ਗਿਆ ਸੀ।
ਉਹਨਾਂ ਦਾ ਬੇਟਾ 'ਹਿਊਮ ਗ੍ਰਾਮਰ ਸਕੂਲ' ਵਿੱਚ ਪ੍ਰੈਪ ਤੋਂ ਲੈ ਕੇ ਸੱਤਵੀਂ ਦੇ ਅੱਧ ਤੱਕ ਗਿਆ ਸੀ ਪਰ ਹੁਣ ਉਹ ਉਸ ਸਕੂਲ ਵਿੱਚ ਵਾਪਿਸ ਨਹੀਂ ਜਾ ਸਕਦਾ ਕਿਉਂਕਿ ਉਸਦੀ ਜਗ੍ਹਾ ਹੁਣ ਹੋਰ ਕਿਸੇ ਨੂੰ ਮਿਲ ਚੁੱਕੀ ਹੈ।
ਦੂਜੇ ਪਾਸੇ ਕ੍ਰੇਗੀਬਰਨ ਦੀ ਵੀਨਾ ਸ਼ਰਮਾ ਦਾ ਬੇਟਾ ਮਾਨਵ ਸਿੰਘ ਵਿਰਕ ਵੀ ਦੋ ਹਫਤੇ ਪਹਿਲਾਂ ਹੀ ਅੱਠਵੀਂ ਜਮਾਤ ਵਿੱਚ ਸਕੂਲ ਵਿੱਚ ਵਜ਼ੀਫਾ ਲੈ ਕੇ ਦਾਖਲ ਹੋਇਆ ਸੀ।
ਸ਼੍ਰੀਮਤੀ ਸ਼ਰਮਾ ਦਾ ਕਹਿਣਾ ਹੈ ਕਿ ਜੇਕਰ ਸਕੂਲ ਬੰਦ ਹੋਣ ਵਾਲਾ ਸੀ ਤਾਂ ਉਹਨਾਂ ਦੇ ਬੱਚਿਆਂ ਨੂੰ ਦਾਖਲਾ ਦੇ ਕੇ ਉਹਨਾਂ ਦਾ ਸਾਲ ਬਰਬਾਦ ਕਿਉਂ ਕੀਤਾ ਗਿਆ?
ਮਾਪਿਆਂ ਦਾ ਕਹਿਣਾ ਹੈ ਕਿ ਇਸ ਤਜਰਬੇ ਤੋਂ ਉਹਨਾਂ ਨੇ ਇਹ ਸਬਕ ਸਿੱਖਿਆ ਹੈ ਕਿ ਸਿਰਫ ਸਕੂਲ ਦੀ ਪੜ੍ਹਾਈ ਹੀ ਨਹੀਂ ਬਲਕਿ ਸਕੂਲ ਦਾ ਪ੍ਰਸ਼ਾਸਨ ਅਤੇ ਪ੍ਰਬੰਧਨ ਕਿਹੋ ਜਿਹਾ ਹੈ ਇਹ ਵੀ ਦੇਖਣਾ ਚਾਹੀਦਾ ਹੈ।
ਐਸ.ਬੀ.ਐਸ. ਪੰਜਾਬੀ ਵੱਲੋਂ ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡਰਿਊਜ਼ ਦੇ ਦਫ਼ਤਰ ਨਾਲ ਵਾਰ-ਵਾਰ ਸੰਪਰਕ ਕੀਤਾ ਗਿਆ ਹੈ ਪਰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਇਹ ਜਾਣਕਾਰੀ ਅੰਗ੍ਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ:
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਰਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।







