ਆਸਟ੍ਰੇਲੀਆ ਦੇ ਮੈਲਬੌਰਨ ਸ਼ਹਿਰ ਦੇ ਵਸਨੀਕ ਵਿੱਕੀ ਭੀਖਣ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਲਿਜਾਣਾ ਪਿਆ ਹੈ।
ਇਹ ਘਟਨਾ 16 ਦਸੰਬਰ, ਬੁਧਵਾਰ ਦੀ ਹੈ ਜਦੋਂ ਦੋ ਵਿਅਕਤੀਆਂ ਵੱਲੋਂ ਉਸਦੇ ਘਰ ਵਿੱਚ ਵੜਕੇ ਉਸਦੀ ਗਰਦਨ ਅਤੇ ਬਾਂਹ ਵਿੱਚ ਚਾਕੂ ਮਾਰਿਆ ਗਿਆ।
ਇਲਾਜ ਦੌਰਾਨ ਸ਼੍ਰੀ ਭੀਖਣ ਦੀ ਗਰਦਨ ਉੱਤੇ 10 ਟਾਂਕੇ ਲੱਗੇ ਹਨ ਤੇ ਉਹ ਇਸ ਵੇਲ਼ੇ ਸਿਹਤਯਾਬੀ ਵੱਲ ਵੱਧ ਰਹੇ ਹਨ।
ਉਨ੍ਹਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਘਟਨਾ ਦੁਪਹਿਰ ਬਾਅਦ 3 ਵਜੇ ਦੀ ਹੈ ਜਦੋਂ ਉਨ੍ਹਾਂ ਦੀ ਪਤਨੀ ਬੱਚੇ ਨੂੰ ਸਕੂਲ ਤੋਂ ਲੈਣ ਗਈ ਹੋਈ ਸੀ।
"ਮੈਂ ਉਸ ਵੇਲ਼ੇ ਫੋਨ ਸੁਣ ਰਿਹਾ ਸੀ ਕਿ ਕਿਸੇ ਨੇ ਮੇਰੇ ਪਿੱਛੇ ਆਕੇ ਗਰਦਨ ਉੱਤੇ ਚਾਕੂ ਰੱਖ ਦਿੱਤਾ। ਜਦੋ ਹੀ ਮੈਂ ਦੇਖਣ ਲਈ ਪਿੱਛੇ ਮੁੜਿਆ ਤਾਂ ਉਸਨੇ ਕਈ ਵਾਰ ਮੇਰੀ ਗਰਦਨ ਉੱਤੇ ਚਾਕੂ ਮਾਰਿਆ," ਉਨ੍ਹਾਂ ਕਿਹਾ।
"ਜਿਓਂ ਹੀ ਮੈਂ ਮਦਦ ਲਈ ਆਵਾਜ਼ ਮਾਰੀ ਉਹ ਗੇਟ ਵੱਲ ਨੂੰ ਭੱਜੇ ਅਤੇ ਜਾਂਦੇ-ਜਾਂਦੇ ਉਨ੍ਹਾਂ ਮੇਰੀ ਬਾਂਹ ਉਤੇ ਵੀ ਚਾਕੂ ਮਾਰੇ।"
ਸ਼੍ਰੀ ਭੀਖਣ ਨੇ ਦੱਸਿਆ ਕਿ ਇਹ ਦੋ ਹਮਲਾਵਰ ਸਨ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ।

Vicky Bhikhan came to Australia on a student visa from India in 2017. Source: Supplied
“ਇਹ ਇੱਕ ਦਿਲ ਦਹਿਲਾਉਣ ਵਾਲੀ ਘਟਨਾ ਸੀ। ਡਰਾਉਣੀ ਗੱਲ ਇਹ ਹੈ ਕਿ ਇਹ ਦਿਨ ਦਿਹਾੜੇ ਹੋਇਆ। ਉਹ ਪੈਦਲ ਆਏ ਸਨ ਅਤੇ ਤੁਰੰਤ ਫਰਾਰ ਹੋ ਗਏ।
“ਮੈਂ ਉਨ੍ਹਾਂ ਦਾ ਪਿੱਛਾ ਕਰਨ ਦੀ ਵੀ ਕੋਸ਼ਿਸ਼ ਕੀਤੀ ਪਰ ਖੂਨ ਜ਼ਿਆਦਾ ਵਹਿ ਜਾਣ ਕਰਕੇ ਉਨ੍ਹਾਂ ਨੂੰ ਫੜ੍ਹ ਨਾ ਸਕਿਆ। ਜਲਦੀ ਹੀ ਪੁਲਿਸ ਅਤੇ ਐਮਬੂਲੈਂਸ ਘਟਨਾ ਉੱਤੇ ਪਹੁੰਚ ਗਏ ਸਨ ਜਿਸ ਪਿੱਛੋਂ ਮੈਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਮੇਰੀ ਗਰਦਨ ਉੱਤੇ 10 ਟਾਂਕੇ ਲਏ ਗਏ,” ਉਨ੍ਹਾਂ ਦੱਸਿਆ।
ਸ਼੍ਰੀ ਭੀਖਣ ਦਾ ਮੰਨਣਾ ਹੈ ਕਿ ਇਹ ਹਮਲਾ ਕੋਈ ਚੋਰੀ ਜਾਂ ਲੁੱਟ-ਖੋਹ ਦੀ ਕੋਸ਼ਿਸ਼ ਨਹੀਂ ਸੀ।
“ਮੈਨੂੰ ਸ਼ੱਕ ਹੈ ਕਿ ਉਨ੍ਹਾਂ ਦੇ ਕੁਝ ਹੋਰ ਇਰਾਦੇ ਸਨ। ਉਨ੍ਹਾਂ ਨੇ ਕੁਝ ਵੀ ਨਹੀਂ ਖੋਹਿਆ, ਕੁਝ ਵੀ ਚੁੱਕਣ ਦੀ ਕੋਸ਼ਿਸ਼ ਨਹੀਂ ਕੀਤੀ ਜਿਸ ਕਰਕੇ ਮੇਰਾ ਮੰਨਣਾ ਹੈ ਇਹ ਚੋਰੀ ਦੀ ਕੋਸ਼ਿਸ਼ ਨਹੀਂ ਹੋ ਸਕਦੀ। ਮੈਂ ਪੁਲਿਸ ਨੂੰ ਵਿਸਥਾਰ ਨਾਲ ਬਿਆਨ ਦਿੱਤਾ ਹੈ ਜੋ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ," ਉਨ੍ਹਾਂ ਕਿਹਾ।
ਇਸ ਦੌਰਾਨ ਵਿਕਟੋਰੀਆ ਪੁਲਿਸ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਉਹ ਬੁੱਧਵਾਰ 16 ਦਸੰਬਰ ਨੂੰ ਕਰੇਗੀਬਰਨ ਵਿੱਚ ਹੋਈ ਇੱਕ ਘਟਨਾ ਦੀ ਜਾਂਚ ਕਰ ਰਹੇ ਹਨ।

Source: Vic Police
ਪੁਲਿਸ ਨੇ ਇੱਕ ਬਿਆਨ ਵਿੱਚ ਕਿਹਾ, “ਜਾਂਚਕਰਤਾਵਾਂ ਨੂੰ ਦੱਸਿਆ ਗਿਆ ਹੈ ਕਿ ਪੀੜਤ ਉੱਤੇ ਦੁਪਹਿਰ 3 ਵਜੇ ਉਸ ਦੇ ਹਰਲਿੰਗਮ ਵੇਅ ਸਥਿਤ ਘਰ ਵਿੱਚ ਚਾਕੂਧਾਰੀ ਵਿਅਕਤੀਆਂ ਵੱਲੋਂ ਹਮਲਾ ਕੀਤਾ ਗਿਆ”।
ਪੁਲਿਸ ਨੇ ਕਿਹਾ ਕਿ ਅਪਰਾਧੀਆਂ ਨੇ ਹਰਲਿੰਗਮ ਵੇਅ ਤੋਂ ਵਿੰਡਰੌਕ ਐਵੀਨਿਊ ਵੱਲ ਭੱਜਣ ਤੋਂ ਪਹਿਲਾਂ ਉਸ ਦੇ ਕਈ ਵਾਰ ਚਾਕੂ ਮਾਰਿਆ।
ਹਿਊਮ ਕ੍ਰਾਈਮ ਇਨਵੈਸਟੀਗੇਸ਼ਨ ਯੂਨਿਟ ਨੇ ਅਪੀਲ ਕੀਤੀ ਹੈ ਕਿ ਇਸ ਸਬੰਧੀ 1800 333 000 'ਤੇ ਕ੍ਰਾਈਮ ਸਟਾਪਰ ਜਾਂ www.crimestoppersvic.com.au 'ਤੇ ਗੁਪਤ ਰੂਪ ਵਿੱਚ ਰਿਪੋਰਟ ਜਮ੍ਹਾ ਕਰਵਾਈ ਜਾ ਸਕਦੀ ਹੈ।
ਪੂਰੀ ਗੱਲਬਾਤ ਸੁਨਣ ਲਈ ਇਸ ਲਿੰਕ 'ਤੇ ਕ੍ਲਿਕ ਕਰੋ