ਇੰਗਲੈਂਡ ਦੇ ਜੰਮਪਲ, ਉੱਘੇ ਲੇਖਕ, ਪ੍ਰਸਿੱਧ ਇਤਿਹਾਸਕਾਰ ਅਤੇ ਫਿਲਮਸਾਜ਼ ਬੌਬੀ ਸਿੰਘ ਬਾਂਸਲ ਮਹਾਰਾਜਾ ਰਣਜੀਤ ਸਿੰਘ ਸਮੇਂ ਦੇ ਸਿੱਖ ਇਤਿਹਾਸ ਦੀ ਖੋਜ ਲਈ ਜਾਣੇ ਜਾਂਦੇ ਹਨ।
ਜਿੱਥੇ ਸ.ਬਾਂਸਲ ਨੇ ਉਸ ਸਮੇਂ ਦੀਆਂ ਬਹੁਤ ਸਾਰੀਆਂ ਦੁਰਲਭ ਨਿਸ਼ਾਨੀਆਂ ਤੇ ਘਟਨਾਵਾਂ ਦੀ ਨਿਸ਼ਾਨਦੇਹੀ ਕੀਤੀ ਹੈ, ਓਥੇ ਇਸ ਨਾਲ਼ ਜੁੜੀਆਂ ਕਈ ਕਿਤਾਬਾਂ ਵੀ ਪਾਠਕਾਂ ਦੀ ਝੋਲੀ ਪਾਈਆਂ ਹਨ।
ਸ.ਬਾਂਸਲ ਨੇ ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਵਿੱਚ ਦੱਸਿਆ ਕਿ 19ਵੀਂ ਸਦੀ ਵਿੱਚ ਪੰਜਾਬ ਉੱਤੇ ਕਰੀਬ 40 ਸਾਲ ਸ਼ਾਸ਼ਨ ਕਰਨ ਵਾਲੇ ਅਤੇ ਸਿੱਖ ਰਾਜ ਨੂੰ ਅਫਗਾਨਿਸਤਾਨ ਤੱਕ ਫੈਲਾਉਣ ਵਾਲੇ ਮਹਾਰਾਜਾ ਰਣਜੀਤ ਸਿੰਘ ਨੂੰ ਇਤਿਹਾਸ ਦੇ ਸੁਨਿਹਰੀ ਪੰਨਿਆਂ ਵਿੱਚ "ਸ਼ੇਰ-ਏ-ਪੰਜਾਬ" (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ।
“ਮਹਾਰਾਜਾ ਰਣਜੀਤ ਸਿੰਘ ਦਾ ਸਿੱਖ ਰਾਜ ਇੱਕ ਖੁਸ਼ਹਾਲ ਅਤੇ ਅਮੀਰ ਰਾਜ ਸੀ। ਹੁਣ ਭਾਵੇਂ ਪੰਜਾਬ ਤੋਂ ਲੋਕ ਰੁਜ਼ਗਾਰ ਵਾਸਤੇ ਬਾਹਰਲੇ ਦੇਸ਼ਾਂ ਨੂੰ ਦੌੜ ਰਹੇ ਹਨ, ਪਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਵੇਲੇ ਲੋਕ ਦੂਰ-ਦੁਰਾਡਿਓਂ ਰੁਜ਼ਗਾਰ ਵਾਸਤੇ ਆਇਆ ਕਰਦੇ ਸਨ," ਉਨ੍ਹਾਂ ਕਿਹਾ।

ਮਹਾਰਾਜਾ ਰਣਜੀਤ ਸਿੰਘ ਵੱਲੋਂ ਫੌਜ ਵਿੱਚ ਯੂਰਪੀਨ ਜਰਨੈਲਾਂ ਦੀ ਭਰਤੀ
ਸ. ਬਾਂਸਲ ਨੇ ਦੱਸਿਆ ਕਿ ਮਹਾਰਾਜੇ ਦੇ ਦਰਬਾਰ ਵਿਚ ਫਰਾਂਸ, ਇਟਲੀ, ਅਮਰੀਕਾ, ਹਾਲੈਂਡ, ਪਰਸ਼ੀਆ, ਯੂਨਾਨ, ਸਪੇਨ ਆਦਿ ਤੋਂ ਲੋਕ ਨੌਕਰੀ ਕਰਦੇ ਰਹੇ ਹਨ।
ਇਨ੍ਹਾਂ ਲੋਕਾਂ ਦਾ ਜ਼ਿਕਰ ਉਨ੍ਹਾਂ ਆਪਣੀਆਂ ਕਿਤਾਬਾਂ ‘ਦਾ ਕੋਰਟ ਆਫ ਲਾਹੌਰ’ ਅਤੇ ‘ਦਾ ਲਾਇਨਜ਼ ਫਰੰਗੀਜ਼, ਯੂਰਪੀਨਜ਼ ਐਟ ਦਾ ਕੋਰਟ ਆਫ ਲਾਹੌਰ’ ਵਿੱਚ ਵੀ ਕੀਤਾ ਹੈ।
ਕੁਝ ਇਤਿਹਾਸਕਾਰਾਂ ਮੁਤਾਬਿਕ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਦੀ ਗਿਣਤੀ ਭਾਵੇਂ ਸ਼ੁਰੂ ਵਿਚ 5 ਹਜ਼ਾਰ ਸੀ, ਪਰ ਉਸਦੀ ਅਗਵਾਈ ਅਤੇ ਯੋਗ ਸਿੱਖ ਜਰਨੈਲਾਂ ਸਦਕੇ ਉਸਦੇ ਮਰਨ ਵੇਲੇ ਤੱਕ ਇਹ ਵਧਕੇ ਇਕ ਲੱਖ ਕੇ ਕਰੀਬ ਪਹੁੰਚ ਚੁਕੀ ਸੀ।
ਉਸ ਕੋਲ 300 ਤੋਪਾਂ, 20 ਹਜ਼ਾਰ ਬੰਦੂਕਾਂ ਤੇ ਪੰਜਾਹ ਹਜ਼ਾਰ ਦੇ ਕਰੀਬ ਘੋੜ ਸਵਾਰ ਸਨ। 1822 ਵਿੱਚ ਜਦ ਉਸ ਦੀ ਫ਼ੌਜ ਵਿੱਚ ਐਲਾਰਡ ਤੇ ਵੈਂਤੂਰਾ ਨਾਂ ਦੇ ਜਰਨੈਲ ਸ਼ਾਮਿਲ ਹੋਏ ਤਾਂ ਉਦੋਂ ਤੱਕ ਬਹੁਤ ਸਾਰੇ ਵੱਡੇ ਇਲਾਕੇ ਸਿੱਖ ਫ਼ੌਜਾਂ ਜਿੱਤ ਚੁਕੀਆਂ ਸਨ।

ਉਸਦੀ ਫ਼ੌਜ ਦੀਆਂ ਬਹੁਤ ਸਾਰੀਆਂ ਪਲਟਨਾਂ ਯੂਰਪੀਨ ਅਫ਼ਸਰਾਂ ਦੀ ਕਮਾਨ ਹੇਠ ਸਨ। ਉਸ ਦੀ ਫ਼ੌਜ ਵਿਚ ਤਕਰੀਬਨ 45 ਫ਼ਰਾਂਸੀਸੀ, 20 ਬ੍ਰਿਟਿਸ਼, 18 ਇਟੈਲੀਅਨ, 4 ਅਮਰੀਕਨ, 3 ਸਕਾਟਿਸ਼ ਤੇ ਹੋਰ ਵੀ ਕਈ ਦੇਸ਼ਾਂ ਦੇ ਅਹਿਲਕਾਰ ਤੇ ਫੌਜੀ ਅਫ਼ਸਰ ਸਨ।
ਐਸ ਬੀ ਐੱਸ ਨਾਲ ਇੰਟਰਵਿਊ ਦੌਰਾਨ ਸ. ਬਾਂਸਲ ਨੇ ਫਰਾਂਸੀਸੀ ਜਰਨੈਲਾਂ ਦੇ ਲਾਹੌਰ ਦਰਬਾਰ ਉੱਤੇ ਪਏ ਪ੍ਰਭਾਵ ਨੂੰ ਵੀ ਉਜਾਗਰ ਕੀਤਾ।
ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚਲੇ ਪਹਿਲੇ ਫਰਾਂਸੀਸੀ ਅਫਸਰ ਜਨਰਲ ਜੀਨ ਫਰੈਂਕੋਇਸ ਐਲਾਰਡ ਬਾਰੇ ਵੀ ਗੱਲ ਕੀਤੀ।
"ਐਲਾਰਡ 1822 ਵਿਚ ਇਤਾਲਵੀ ਫੌਜੀ ਜਰਨੈਲ ਜੀਨ ਬੈਪਟਿਸਟ ਵੈਂਤੂਰਾ ਨਾਲ ਲਾਹੌਰ ਆਇਆ ਸੀ," ਉਨ੍ਹਾਂ ਦੱਸਿਆ।
ਇਸ ਦੌਰਾਨ ਉਨ੍ਹਾਂ ਐਲਾਰਡ ਦੇ ਫਰਾਂਸ ਵਸਦੇ ਪਰਿਵਾਰ ਨਾਲ਼ ਰਾਬਤੇ ਦੀ ਵੀ ਦੱਸ ਪਾਈ।

ਸ.ਬਾਂਸਲ ਨੇ ਕੁਝ ਮਹੀਨੇ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨੂੰ ਲਾਹੌਰ ਦੇ ਇਤਿਹਾਸਕ ਕਿਲੇ ਵਿੱਚ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।
ਇਸ ਬੁੱਤ ਵਿੱਚ ਮਹਾਰਾਜੇ ਨੂੰ ਘੋੜੇ ਉੱਤੇ ਬੈਠਿਆਂ ਦਿਖਾਇਆ ਗਿਆ ਹੈ। ਇਸ ਬੁੱਤ ਨੂੰ ਲਾਹੌਰ ਦੇ ਕਿਲੇ ਵਿੱਚ ਮਾਈ ਜਿੰਦਾ ਹਵੇਲੀ ਦੀ ਸਿੱਖ ਗੈਲਰੀ ਵਿੱਚ ਸਥਾਪਿਤ ਕੀਤਾ ਗਿਆ ਸੀ ਪਰ ਬਾਅਦ ਵਿੱਚ ਹੋਈ 'ਭੰਨ-ਤੋੜ' ਮਗਰੋਂ ਇਸਦੀ ਥਾਂ ਬਦਲ ਦਿੱਤੀ ਗਈ ਸੀ।
‘ਦਾ ਸਿੱਖਸ ਆਫ ਕਾਬਲ’ ਸਮੇਤ ਉਨ੍ਹਾਂ ਦੀਆਂ ਕਈ ਦਸਤਾਵੇਜ਼ੀ ਫਿਲਮਾਂ ਵੀ ਦਰਸ਼ਕਾਂ ਵੱਲੋਂ ਪਸੰਦ ਕੀਤੀਆਂ ਗਈਆਂ ਹਨ।

ਉਨ੍ਹਾਂ ਨੂੰ ਯੂ ਕੇ, ਪਾਕਿਸਤਾਨ ਤੇ ਭਾਰਤ ਦੀਆਂ ਕਈ ਯੂਨੀਵਰਸਿਟੀਆਂ ਅਤੇ ਸਮਾਗਮਾਂ ਵਿੱਚ ਅਕਸਰ ਗਿਆਨ ਭਰਪੂਰ ਭਾਸ਼ਣ ਦੇਣ ਦਾ ਮੌਕਾ ਮਿਲਦਾ ਹੈ।
ਸ. ਬਾਂਸਲ ਦੀ ਨਵੀਂ ਕਿਤਾਬ 'ਦੀ ਪੰਜਾਬ ਚੀਫਸ' ਅਤੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿਚਲੇ ਯੂਰੋਪੀਅਨ ਅਹਿਲਕਾਰਾਂ ਬਾਰੇ ਜਾਨਣ ਲਈ ਇਹ ਆਡੀਓ ਇੰਟਰਵਿਊ ਸੁਣੋ....



