ਨਿਊ ਸਾਊਥ ਵੇਲਜ਼ ਸੂਬੇ ਦਾ ਮੱਧ-ਉੱਤਰੀ ਕੋਸਟਲ ਇਲਾਕਾ, ਜਿਸ ਨੂੰ ਕਾਫਸ ਹਾਰਬਰ ਵੀ ਕਿਹਾ ਜਾਂਦਾ ਹੈ, ਆਪਣੇ ਨਿਵੇਕਲੇ ‘ਬਿਗ ਬਨਾਨਾ’ ਦੇ ਨਾਮ ਕਾਰਨ ਸਾਰੇ ਮੁਲਕ ਵਿੱਚ ਜਾਣਿਆ ਜਾਂਦਾ ਹੈ।
ਪਰ ਇਸ ਸਮੇਂ ਇਸ ਇਲਾਕੇ ਵਿੱਚ ਖੇਤੀ ਦੇ ਰੰਗ ਢੰਗ ਪਿਛਲੀ ਇੱਕ ਸਦੀ ਤੋਂ ਕਾਫੀ ਬਦਲ ਗਏ ਹਨ, ਅਤੇ ਹੁਣ ਇਸ ਥਾਂ ਤੇ ਬੈਰੀਆਂ ਦੀ ਖੇਤੀ ਹੀ ਪ੍ਰਮੁੱਖ ਤੌਰ ਤੇ ਕੀਤੀ ਜਾ ਰਹੀ ਹੈ, ਅਤੇ ਦੇਸ਼ ਭਰ ਦੀ ਬੈਰੀਆਂ ਦੀ ਜਰੂਰਤ ਦਾ 80% ਇਸੇ ਖੇਤਰ ਤੋਂ ਪੂਰਾ ਹੁੰਦਾ ਹੈ।
ਹਰੀ ਦਿੱਖ ਵਾਲੇ ਸਮੁੰਦਰ ਦੇ ਕੰਢੇ ਤੇ ਵਸੇ ਇਸ ਇਲਾਕੇ ਵਿਚ, ਬੇਸ਼ਕ ਉਪਰਲੀ ਸਤਾਹ ਤੋਂ ਦੇਖਣ ਤੇ ਸਭ ਹਰਿਆ ਹੀ ਲਗ ਰਿਹਾ ਹੈ, ਪਰ ਕਿਸਾਨਾਂ ਦੀ ਹਾਲਤ ਸੌਕੇ ਦੀ ਮਾਰ ਕਾਰਨ ਖਾਸੀ ਪਤਲੀ ਹੋਈ ਪਈ ਹੈ। ਅਤੇ ਅਜਿਹੇ ਹੀ ਹਨ ਸਿਡ ਸਿੱਧੂ ਵੀ ਜੋ ਕਿ ਪਿਛਲੇ 37 ਕੂ ਸਾਲਾਂ ਤੋਂ ਇਸੇ ਇਲਾਕੇ ਵਿੱਚ ਖੇਤੀ ਦੇ ਖੇਤਰ ਨਾਲ ਜੁੜੇ ਹੋਏ ਹਨ।
ਇਸੇ ਸੌਕੇ ਦੀ ਮਾਰ ਕਾਰਨ ਹੋ ਸਕਦਾ ਹੈ ਕਿ ਸਿਡ ਸਿੱਧੂ ਦੀ ਬਲੂ-ਬੈਰੀਆਂ ਦੀ ਖੇਤੀ ਵਿੱਚ ਕੀਤੇ ਹੋਏ ਨਿਵੇਸ਼ ਨੂੰ ਤਕਰੀਬਨ ਅੱਧੇ ਮਿਲਿਅਨ ਡਾਲਰਾਂ ਦਾ ਘਾਟਾ ਹੋ ਸਕਦਾ ਹੈ। ਇਹਨਾਂ ਨੇ ਤਕਰੀਬਨ 26,000 ਬਲੂ-ਬੈਰੀਆਂ ਦੇ ਪੌਦੇ ਨੂੰ ਬੱਚਿਆਂ ਵਾਂਗ ਪਾਲਿਆ ਹੋਇਆ ਹੈ।
ਇਸ ਸਮੇਂ ਸ਼੍ਰੀ ਸਿੱਧੂ ਅਤੇ ਇਹਨਾਂ ਦੇ ਲੜਕੇ ਆਪਣੀ ਖੀਰਿਆਂ ਦੀ ਖੇਤੀ ਉੱਤੇ ਜਿਆਦਾ ਧਿਆਨ ਲਈ ਮਜਬੂਰ ਹੋ ਰਹੇ ਹਨ ਜੋ ਕਿ ਹਾਈਡ੍ਰੋਪੋਨਿਕ ਵਿਧੀ ਨਾਲ ਉਗਾਏ ਜਾ ਰਹੇ ਹਨ, ਜਿਸ ਨੂੰ ਕੁਦਰਤੀ ਮੀਂਹ ਅਤੇ ਆਮ ਖੇਤੀ ਵਾਲੀ ਜਮੀਨ ਦੀ ਜਰੂਰਤ ਨਹੀਂ ਹੁੰਦੀ।ਸ਼੍ਰੀ ਸਿੱਧੂ ਬਹੁਤ ਹੀ ਫਿਕਰਮੰਦ ਹਨ ਕਿਉਂਕਿ ਇਸ ਇਲਾਕੇ ਵਿੱਚ ਪਾਣੀ ਬਹੁਤ ਹੀ ਘੱਟ ਹੋ ਗਿਆ ਹੈ।
ਵੂਲਗੂਲਗਾ ਇਲਾਕੇ ਵਿੱਚ ਰਹਿਣ ਵਾਲੇ ਸ਼੍ਰੀ ਸਿੱਧੂ ਤਕਰੀਬਨ 150 ਹੋਰ ਸਿੱਖ ਭਾਈਚਾਰੇ ਨਾਲ ਸਬੰਧਤ ਪਰਿਵਾਰਾਂ ਵਿੱਚੋਂ ਇੱਕ ਹਨ ਜਿਨਾਂ ਨੇ ਇਸ ਇਲਾਕੇ ਦੀ ਅਤੇ ਦੇਸ਼ ਵਿਆਪੀ ਅਰਥ ਵਿਵਸਥਾ ਵਿੱਚ ਕੋਈ 1900ਵਿਆਂ ਦੇ ਸ਼ੁਰੂ ਤੋਂ ਹੀ ਚੰਗਾ ਯੋਗਦਾਨ ਪਾਇਆ ਹੈ।
ਗੁਰਮੲਸ਼ ਸਿੰਘ ਜੋ ਕਿ ਇਸ ਸਮੇਂ ਤੀਜੀ ਪੀੜੀ ਦੀ ਕਿਸਾਨੀ ਨੂੰ ਅੱਗੇ ਲੈ ਕਿ ਜਾ ਰਹੇ ਹਨ, ਦੇ ਵੀ 200 ਏਕੜਾਂ ਵਿੱਚ ਫੈਲੇ ਹੋਏ ਬਲੂ-ਬੈਰੀਆਂ ਅਤੇ ਮੈਕਾਡੈਮੀਆਂ ਦੇ ਫਾਰਮ ਹਨ। ਪਰ ਇਹਨਾਂ ਦੀ ਬਲੂ-ਬੈਰੀਆਂ ਦੀ ਖੇਤੀ ਜੋ ਕਿ ਇਸ ਸਮੇਂ ਪੂਰੇ ਜੋਬਨ ਤੇ ਹੈ, ਨੂੰ ਭਰਵਾਂ ਹੁੰਗਾਰਾ ਨਹੀਂ ਮਿਲ ਰਿਹਾ। ਬਗੈਰ ਚੰਗੇ ਭਰਵੇਂ ਮੀਂਹ ਅਤੇ ਵਗਣ ਵਾਲੇ ਪਾਣੀਆਂ ਦੀ ਘਾਟ ਕਾਰਨ ਇਹਨਾਂ ਨੂੰ ਨਹੀਂ ਲੱਗ ਰਿਹਾ ਕਿ ਇਸ ਸਾਲ ਇਸ ਦੀ ਖੇਤੀ ਤੋਂ ਕੋਈ ਵੀ ਲਾਭ ਹੋ ਸਕੇਗਾ।
ਇਸੇ ਤਰਾਂ ਮਾਈਕਲ ਸਿੰਘ ਦੇ ਵੀ 12 ਹੈਕਟੇਅਰਾਂ ਵਿੱਚ ਫੈਲੇ ਹੋਏ ਕੇਲਿਆਂ ਦੇ ਫਾਰਮਾਂ ਨੂੰ ਵੀ ਸੌਕੇ ਨੇ ਅੰਤਾਂ ਦੀ ਮਾਰ ਮਾਰੀ ਹੈ। ਉਹ ਕਹਿੰਦੇ ਹਨ ਕਿ ਇਸ ਸਾਲ ਉਹਨਾਂ ਨੂੰ 40% ਦਾ ਘਾਟਾ ਸਹਿਣਾ ਪੈ ਸਕਦਾ ਹੈ।
ਨਾਲ ਹੀ ਇਸ ਸਮੇਂ ਇਸ ਖੇਤਰ ਵਿੱਚ ਕੁਸ਼ਲ ਕਾਮਿਆਂ ਦੀ ਵੀ ਬਹੁਤ ਜਿਆਦਾ ਘਾਟ ਹੈ। ਕਿਸਾਨਾਂ ਨੂੰ ਸਰਕਾਰ ਵਲੋਂ ਮਿਲਣ ਵਾਲੀ ਮਦਦ ਦੀ ਬਹੁਤ ਜਰੂਰਤ ਹੈ ਤਾਂ ਕਿ ਉਹ ਸਥਾਨਕ ਵਸਨੀਕਾਂ ਨੂੰ ਆਪਣੇ ਨਾਲ ਕੰਮ ਕਰਨ ਲਈ ਪਰੇਰ ਸਕਣ। ਇਸ ਦੇ ਨਾਲ ਗੁਰਮੇਸ਼ ਇਹ ਵੀ ਆਖਦੇ ਹਨ ਕਿ ਲੰਬੇ ਸਮੇਂ ਤੱਕ ਕਾਇਮ ਰਹਿਣ ਵਾਸਤੇ ਹੋਰ ਵੀ ਕਈ ਪ੍ਰਕਾਰ ਦੇ ਢੰਗ ਤਰੀਕੇ ਅਪਨਾਉਣ ਦੀ ਲੋੜ ਹੈ।