ਹਰਦੀਪ ਗਰੇਵਾਲ ਆਪਣੀ ਆਉਣ ਵਾਲੀ ਫਿਲਮ 'ਬੈਚ 2013' ਦੀ ਰਿਲੀਜ਼ ਨੂੰ ਲੈ ਕੇ ਸੁਰਖੀਆਂ ਵਿੱਚ ਬਣੇ ਹੋਏ ਹਨ।
2015 ਵਿੱਚ ਆਪਣੇ ਗੀਤ 'ਠੋਕਰ' ਨਾਲ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਹਰਦੀਪ ਗਰੇਵਾਲ ਆਪਣੇ 'ਆਰਟ' ਪ੍ਰਤੀ ਆਪਣੀ ਲਗਨ ਅਤੇ ਸਖਤ ਮੇਹਨਤ ਲਈ ਪਛਾਣੇ ਜਾਂਦੇ ਹਨ।
ਆਪਣੇ ਕਿਰਦਾਰ ਦੇ ਅਸਲ ਰੰਗ ਵਿੱਚ ਢਲਣ ਲਈ ਜਿੱਥੇ ਹਰਦੀਪ ਨੇ 2021 ਵਿੱਚ ਰਿਲੀਜ਼ ਹੋਈ ਆਪਣੀ ਪਹਿਲੀ ਫਿਲਮ 'ਤੁਣਕਾ-ਤੁਣਕਾ' ਲਈ 20 ਕਿੱਲੋ ਭਾਰ ਘਟਾਇਆ ਸੀ ਉੱਥੇ ਹੀ ਹੁਣ 9 ਸਤੰਬਰ ਨੂੰ ਰਿਲੀਜ਼ ਹੋ ਰਹੀ ਆਪਣੀ ਨਵੀਂ ਫਿਲਮ 'ਬੈਚ 2013' ਲਈ ਹਰਦੀਪ ਨੇ ਲੱਗਭਗ 25 ਕਿੱਲੋ ਭਾਰ ਵਧਾ ਕੇ ਇੱਕ ਵਿਸ਼ਾਲ ਸਰੀਰਕ ਤਬਦੀਲੀ ਦਾ ਪ੍ਰਦਰਸ਼ਨ ਕੀਤਾ ਹੈ।
ਇਸ ਸਮੇਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਲਈ ਆਸਟ੍ਰੇਲੀਆ ਦਾ ਦੌਰਾ ਕਰ ਰਹੇ ਹਰਦੀਪ ਗਰੇਵਾਲ ਨੇ ਐਸ ਬੀ ਐਸ ਪੰਜਾਬੀ ਦੇ ਨਾਲ ਸਟੂਡੀਓ ਵਿੱਚ ਸਾਂਝ ਬਣਾਉਂਦੇ ਹੋਏ ਆਪਣੇ ਸੰਗੀਤ ਅਤੇ ਫਿਲਮ ਕਰੀਅਰ ਅਤੇ ਨਾਲ ਹੀ ਆਪਣੀ ਵਿਸ਼ਾਲ ਸਰੀਰਕ ਤਬਦੀਲੀ ਬਾਰੇ ਕੁਝ ਬਹੁਤ ਹੀ ਰੌਚਕ ਤੱਥ ਸਾਂਝੇ ਕੀਤੇ।
ਉਨ੍ਹਾਂ ਕਿਹਾ," ਜਦੋਂ ਮੈਂ ਆਪਣੀ ਫਿਲਮ ਤੁਣਕਾ ਤੁਣਕਾ ਲਈ ਸ਼ੂਟ ਕਰ ਰਿਹਾ ਸੀ ਤਾਂ ਸ਼ੂਟਿੰਗ ਦੇ ਅਖੀਰਲੇ 20-25 ਦਿਨ ਮੇਰੇ ਲਈ ਬਹੁਤ ਹੀ ਔਖੇ ਗੁਜ਼ਰੇ, ਭਾਰ ਘਟਾਉਣ ਕਰਕੇ ਪੈਦਾ ਹੋਈ ਸਰੀਰਕ ਕਮਜ਼ੋਰੀ ਕਰਕੇ ਮੈਨੂੰ ਉਹ 20-25 ਦਿਨ ਸਾਲਾਂ ਬੱਧੀ ਮਹਿਸੂਸ ਹੋ ਰਹੇ ਸੀ।"
"ਉਸੇ ਤਰ੍ਹਾਂ ਜਦੋਂ ਮੈਂ ਬੈਚ-2013 ਲਈ ਤਿਆਰੀ ਕਰਨੀ ਸ਼ੁਰੂ ਕੀਤੀ ਤਾਂ ਪਹਿਲਾਂ ਤਾਂ ਬਹੁਤ ਉਤਸੁਕਤਾ ਹੋਈ ਕਿਓਂਕਿ ਭਾਰ ਵਧਾਉਣ ਵੱਲ ਜਾਣਾ ਕੁਝ ਵੱਖਰਾ ਕਰਨ ਵਾਂਗ ਲੱਗ ਰਿਹਾ ਸੀ, ਪਰ ਜਿਵੇਂ-ਜਿਵੇਂ ਮੇਰਾ ਭਾਰ ਵੱਧਣਾ ਸ਼ੁਰੂ ਹੋਇਆ, ਤਾਂ
ਮੇਰਾ ਲਈ ਰੋਜ਼ਮੱਰਾ ਦੇ ਕੰਮ ਕਰਨੇ ਮੁਸ਼ਕਲ ਹੁੰਦੇ ਗਏ।"
"ਮੇਰੇ ਲਈ ਆਪਣੇ ਬੂਟਾਂ ਦੇ ਫੀਤੇ ਬੰਨਣੇ ਅਤੇ ਇੱਥੋਂ ਤੱਕ ਕਿ ਕਾਰ 'ਚ ਬੈਠਣਾ-ਉੱਠਣਾ ਵੀ ਔਖਾ ਹੋ ਗਿਆ ਸੀ ਅਤੇ ਗੱਲ ਕਰਦਿਆਂ ਹੋਇਆਂ ਵੀ ਸਾਹ ਚੜ੍ਹ ਜਾਂਦਾ ਸੀ," ਹਰਦੀਪ ਨੇ ਦੱਸਿਆ।
ਹਰਦੀਪ ਗਰੇਵਾਲ ਨਾਲ ਪੂਰੀ ਇੰਟਰਵਿਊ ਸੁਣਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ: