Key Points
- ਆਸਟ੍ਰੇਲੀਆ ਦੇ ਮੂਲ ਵਾਸੀ ਲੋਕ ਇੱਕ ਸਮਾਨ ਸਮੂਹ ਨਹੀਂ ਹਨ।
- ਲਗਭਗ 500 ਰਾਸ਼ਟਰ ਹਨ, ਜਿਨ੍ਹਾਂ ਵਿੱਚ ਹਰੇਕ ਦੇ ਸਭਿਆਚਾਰ, ਭਾਸ਼ਾ, ਜੀਵਨ ਸ਼ੈਲੀ ਅਤੇ ਰਿਸ਼ਤੇਦਾਰੀ ਢਾਂਚੇ ਵੱਖੋ-ਵੱਖ ਹਨ।
- ਇਸ ਵਿਭਿੰਨਤਾ ਨੂੰ ਸਮਝਣਾ ਮੂਲ ਵਾਸੀ ਲੋਕਾਂ ਨਾਲ ਅਰਥਪੂਰਨ ਸਬੰਧ ਬਣਾਉਣ ਲਈ ਮਹੱਤਵਪੂਰਨ ਹੈ।
ਆਸਟ੍ਰੇਲੀਆ ਦੀ ਮੂਲ ਨਿਵਾਸੀ ਆਬਾਦੀ ਦੇ ਅੰਦਰ ਅਮੀਰ ਵਿਭਿੰਨਤਾ ਇੱਕ ਮਨਮੋਹਕ ਪਹਿਲੂ ਹੈ, ਜੋ ਆਮ ਗਲਤ ਧਾਰਨਾ ਨੂੰ ਨਕਾਰਦਾ ਹੈ ਕਿ ਸਾਰੇ ਮੂਲ ਨਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕ ਇੱਕ ਸਮਾਨ ਸਮੂਹ ਨਾਲ ਸਬੰਧਤ ਹਨ।
ਅਸਲ ਵਿੱਚ, ਮੂਲ ਨਿਵਾਸੀ ਲੋਕ ਸਭਿਆਚਾਰਾਂ, ਭਾਸ਼ਾਵਾਂ, ਜੀਵਨਸ਼ੈਲੀ ਅਤੇ ਰਿਸ਼ਤੇਦਾਰੀ ਢਾਂਚੇ ਦੇ ਸੁਮੇਲ ਦੀ ਨੁਮਾਇੰਦਗੀ ਕਰਦੇ ਹਨ।
ਪੱਛਮੀ ਆਸਟ੍ਰੇਲੀਆ ਦੇ ਕਿੰਬਰਲੇ ਖੇਤਰ ਵਿੱਚ ਬਾਰਡੀ ਦੇਸ਼ ਦੀ ਇੱਕ ਬਜ਼ੁਰਗ ਆਂਟੀ ਮੁਨਿਆ ਐਂਡਰਿਊਜ਼ ਦੱਸਦੀ ਹੈ ਕਿ ਇਸ ਵਿਭਿੰਨਤਾ ਨੂੰ ਸ਼ਾਮਲ ਕਰਨ ਦਾ ਇੱਕ ਸਭ ਤੋਂ ਵਧੀਆ ਤਰੀਕਾ ਹੈ ਆਸਟ੍ਰੇਲੀਆ ਦੇ ਮੂਲ ਨਿਵਾਸੀ ਨਕਸ਼ੇ ਨੂੰ ਦੇਖਣਾ।
"ਅਸੀਂ ਲੋਕਾਂ ਨੂੰ ਇਸ 'ਤੇ ਇੱਕ ਨਜ਼ਰ ਮਾਰਨ ਲਈ ਸੱਦਾ ਦਿੰਦੇ ਹਾਂ ਕਿਉਂਕਿ ਇਸ ਨਕਸ਼ੇ 'ਤੇ ਲਗਭਗ 500 ਰਾਸ਼ਟਰ ਹਨ। ਹਰੇਕ ਕੌਮ ਦੀ ਆਪਣੀ ਭਾਸ਼ਾ ਹੁੰਦੀ ਹੈ ਜਾਂ ਕਿਸੇ ਹੋਰ ਕੌਮ ਨਾਲ ਆਮ ਭਾਸ਼ਾ ਸਾਂਝੀ ਹੁੰਦੀ ਹੈ।”

ਆਂਟੀ ਮੁਨਿਆ ਕਹਿੰਦੀ ਹੈ, "ਇੱਥੇ 250 ਤੋਂ ਵੱਧ ਮੂਲ ਭਾਸ਼ਾਵਾਂ ਹਨ, ਜਿਨ੍ਹਾਂ ਵਿੱਚ 800 ਉਪਭਾਸ਼ਾਵਾਂ ਸ਼ਾਮਲ ਹਨ, ਅਤੇ ਉਨ੍ਹਾਂ ਦਾ ਸੱਭਿਆਚਾਰ, ਜੀਵਨ ਸ਼ੈਲੀ ਅਤੇ ਰਿਸ਼ਤੇਦਾਰੀ ਬਣਤਰ ਸਾਰੇ ਰਾਸ਼ਟਰਾਂ ਵਿੱਚ ਵੱਖੋ-ਵੱਖਰੇ ਹਨ- ਇੱਥੋਂ ਤੱਕ ਕਿ ਕਲਾ ਵੀ।"
“ਮੈਂ ਐਬੋਰਿਜਿਨਲ ਆਰਟ ਨੂੰ ਦੇਖ ਕੇ ਦੱਸ ਸਕਦੀ ਹਾਂ, ਮੈਨੂੰ ਬਿਲਕੁਲ ਪਤਾ ਹੈ ਕਿ ਇਹ ਆਸਟ੍ਰੇਲੀਆ ਦੇ ਕਿਸ ਖੇਤਰ ਤੋਂ ਆਉਂਦੀ ਹੈ। ਇਹ ਖਾਸ ਹੈ। ਜ਼ਿਆਦਾਤਰ ਲੋਕ ਡੌਟ ਪੇਂਟਿੰਗ ਨੂੰ ਮੂਲ ਨਿਵਾਸੀ ਸੱਭਿਆਚਾਰ ਨਾਲ ਜੋੜਦੇ ਹਨ, ਪਰ ਇਹ ਸਿਰਫ਼ ਇੱਕ ਰਾਸ਼ਟਰ ਹੈ।"
"ਜਦੋਂ ਤੁਸੀਂ ਬਾਰਡੀ ਦੇ ਲੋਕਾਂ ਨੂੰ ਦੇਖਦੇ ਹੋ, ਮੇਰੇ ਲੋਕ, ਅਸੀਂ ਖਾਰੇ ਪਾਣੀ ਦੇ ਲੋਕ ਹਾਂ, ਸਾਡੀ ਕਲਾ ਦੁਨੀਆ ਭਰ ਦੇ ਦੂਜੇ ਟਾਪੂਆਂ ਨਾਲ ਬਹੁਤ ਮਿਲਦੀ ਜੁਲਦੀ ਹੈ ਕਿਉਂਕਿ ਉਹ ਜਿਓਮੈਟ੍ਰਿਕ ਪੇਂਟਿੰਗ ਕਰਦੇ ਹਨ ਜੋ ਲਹਿਰਾਂ ਨੂੰ ਦਰਸਾਉਂਦੀਆਂ ਹਨ ਅਤੇ ਇਹ ਬਿੰਦੀ ਪੇਂਟਿੰਗ ਨਹੀਂ ਹੈ," ਉਹ ਕਹਿੰਦੀ ਹੈ।
ਆਂਟੀ ਮੁਨਿਆ, ਜੋ ਇੱਕ ਲੇਖਕ, ਬੈਰਿਸਟਰ, ਅਤੇ “ਈਵੋਲਵ ਕਮਿਊਨਿਟੀਜ਼” ਦੀ ਸਹਿ-ਨਿਰਦੇਸ਼ਕ ਹੈ। ਉਹ ਮੂਲ਼ ਨਿਵਾਸੀ ਲੋਕਾਂ ਨਾਲ ਜੁੜਦੇ ਹੋਏ ਅਤੇ ਅਰਥਪੂਰਨ ਸਬੰਧ ਬਣਾਉਣ ਵੇਲੇ ਇਹ ਸਮਝਣ ਦੀ ਮਹੱਤਤਾ 'ਤੇ ਜ਼ੋਰ ਦਿੰਦੀ ਹੈ ਕਿ 'ਇੱਕ ਆਕਾਰ ਸਭ ਲਈ ਫਿੱਟ ਨਹੀਂ ਹੁੰਦਾ'।
ਇਹ ਇੱਕ ਭਾਈਚਾਰੇ ਦੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਲਈ ਸਤਿਕਾਰ ਦਿਖਾਉਣ ਵੱਲ ਇੱਕ ਮਹੱਤਵਪੂਰਨ ਕਦਮ ਹੈ, ਜਿਸ ਨਾਲ ਤੁਸੀਂ ਵਧੇਰੇ ਅਰਥਪੂਰਨ ਰਿਸ਼ਤੇ ਬਣਾ ਸਕਦੇ ਹੋ।
ਕਾਰਲਾ ਰੋਜਰਸ ਇੱਕ ਮੂਲਨਿਵਾਸੀ ਸਹਿਯੋਗੀ ਹੈ ਜੋ ਆਂਟੀ ਮੁਨਿਆ ਦੇ ਨਾਲ ਮਿਲ ਕੇ ਕੰਮ ਕਰਦੀ ਹੈ। ਉਹ ਅੱਗੇ ਕਹਿੰਦੀ ਹੈ ਕਿ ਵਿਭਿੰਨਤਾ ਦਾ ਇਹ ਗਿਆਨ ਆਸਟ੍ਰੇਲੀਆ ਦੇ ਸਾਂਝੇ ਇਤਿਹਾਸ ਨੂੰ ਸਮਝਣ ਲਈ ਮਹੱਤਵਪੂਰਨ ਹੈ ਅਤੇ ਇਹ ਵੀ ਕਿ ਕਿ ਮੂਲ ਨਿਵਾਸੀਆਂ ਅਤੇ ਗ਼ੈਰ ਮੂਲ ਨਿਵਾਸੀਆਂ ਵਿਚਕਾਰ ਪਾੜਾ ਅੱਜ ਵੀ ਕਿਉਂ ਮੌਜੂਦ ਹੈ?
"ਜਦੋਂ ਆਸਟ੍ਰੇਲੀਆ ਨੂੰ ਪਹਿਲੀ ਵਾਰ ਉਪਨਿਵੇਸ਼ ਕੀਤਾ ਗਿਆ ਸੀ ਅਤੇ [ਜਾਰੀ ਹੈ], ਇਹ ਇਸ ਵਿਭਿੰਨਤਾ ਬਾਰੇ ਜਾਗਰੂਕਤਾ ਦੀ ਘਾਟ ਹੀ ਸਾਡੀ ਸਮੱਸਿਆ ਦਾ ਮੂਲ ਰਿਹਾ ਹੈ। ਸਾਡੀਆਂ ਬਹੁਤ ਸਾਰੀਆਂ ਸਮੱਸਿਆਵਾਂ ਜੋ ਹੁਣ ਮੌਜੂਦ ਹਨ [ਉਹ] ਮੂਲ ਨਿਵਾਸੀ ਅਤੇ ਟੋਰੇਸ ਸਟ੍ਰੇਟ ਆਈਲੈਂਡਰ ਲੋਕਾਂ ਨੂੰ ਇੱਕ ਸਮਰੂਪ ਸਮੂਹ ਦੇ ਰੂਪ ਵਿੱਚ ਵੇਖਣ ਅਤੇ ਇਸ ਅਮੀਰ ਵਿਭਿੰਨਤਾ ਨੂੰ ਸਵੀਕਾਰ ਨਾ ਕਰਨ ਦੇ ਕਾਰਨ ਹਨ," ਉਹ ਕਹਿੰਦੀ ਹੈ।

ਆਸਟ੍ਰੇਲੀਆ ਹਮੇਸ਼ਾ ਬਹੁ-ਸੱਭਿਆਚਾਰਕ ਰਿਹਾ ਹੈ
ਮੂਲ ਨਿਵਾਸੀ ਲੋਕ ਬਹੁ-ਸੱਭਿਆਚਾਰਵਾਦ ਵਿੱਚ 'ਮਾਹਿਰ' ਹਨ, ਆਂਟੀ ਮੁਨਿਆ ਕਹਿੰਦੀ ਹੈ ।
“ਮੇਰੇ ਲੋਕ ਹਜ਼ਾਰਾਂ ਸਾਲਾਂ ਤੋਂ ਬਹੁ-ਸੱਭਿਆਚਾਰਵਾਦ ਨਾਲ ਨਜਿੱਠ ਰਹੇ ਹਨ। ਅਸੀਂ ਹੋਰ ਮੂਲ ਨਿਵਾਸੀ ਸਮੂਹਾਂ ਨਾਲ ਗੱਲਬਾਤ ਕਰਨਾ ਸਿੱਖ ਲਿਆ ਹੈ, ਕੁਝ ਵੱਖ-ਵੱਖ ਭਾਸ਼ਾਵਾਂ ਬੋਲਣਾ ਸਿੱਖ ਲਿਆ ਹੈ," ਉਹ ਦੱਸਦੀ ਹੈ।
ਡਾ: ਮੈਰੀਕੋ ਸਮਿਥ ਵਰਗੇ ਵਿਅਕਤੀਆਂ ਨੂੰ ਮਾਨਤਾ ਦੇਣਾ ਮਹੱਤਵਪੂਰਨ ਹੈ, ਜਿਨ੍ਹਾਂ ਕੋਲ ਮੂਲ ਅਤੇ ਸੱਭਿਆਚਾਰਕ ਵਿਰਾਸਤ ਹੈ, ਜੋ ਇਸ ਤਰ੍ਹਾਂ ਪਹਿਲੇ ਆਸਟ੍ਰੇਲੀਆਈ ਲੋਕਾਂ ਦੀ ਵਿਭਿੰਨਤਾ ਨੂੰ ਵਧਾਉਂਦਾ ਹੈ ।
ਉਸਦਾ ਪਿਤਾ ਨਿਊ ਸਾਊਥ ਵੇਲਜ਼ ਦੇ ਦੱਖਣ ਤੱਟ 'ਤੇ ਯੂਇਨ ਰਾਸ਼ਟਰ ਤੋਂ ਹੈ, ਜਦੋਂ ਕਿ ਉਸਦੀ ਮਾਂ ਜਾਪਾਨ ਦੇ ਕਿਊਸ਼ੂ ਵਿੱਚ ਪੈਂਦੇ ਕੋਕੁਰਾ ਤੋਂ ਹੈ।
"ਕੁਝ ਲੋਕ ਮੇਰੀ ਜਾਪਾਨੀ ਅਤੇ ਮੂਲ ਨਿਵਾਸੀ ਵਿਰਾਸਤ ਦੇ ਕਾਰਨ ਇਹ ਮੰਨਦੇ ਹਨ ਕਿ ਮੈਂ ਉੱਤਰੀ ਅਤੇ ਉੱਤਰ-ਪੱਛਮੀ ਆਸਟ੍ਰੇਲੀਆ ਤੋਂ ਹਾਂ, ਜਿੱਥੇ ਜਾਪਾਨ ਦਾ ਮੋਤੀ ਉਦਯੋਗ ਸੀ,
“ਪਰ ਮੇਰੇ ਮਾਤਾ-ਪਿਤਾ ਕਿਯੂਸ਼ੂ ਦੀ ਇੱਕ ਕੌਫੀ ਸ਼ਾਪ ਵਿੱਚ ਮਿਲੇ ਸਨ ਜਦੋਂ ਮੇਰੇ ਪਿਤਾ ਜਾਪਾਨ ਦੇ ਆਲੇ-ਦੁਆਲੇ ਘੁੰਮ ਰਹੇ ਸਨ। ਉਨ੍ਹਾਂ ਨੇ ਜਾਪਾਨ ਵਿੱਚ ਵਿਆਹ ਕੀਤਾ ਅਤੇ ਫਿਰ ਉਹ ਉਸਨੂੰ ਆਸਟ੍ਰੇਲੀਆ ਲੈ ਆਇਆ।"
ਡਾ. ਸਮਿਥ ਨੂੰ ਵੱਡੇ ਹੋ ਕੇ, ਏਸ਼ੀਅਨ ਦਿੱਖ ਲਈ ਬਹੁਤ ਸਾਰਾ "ਨਸਲੀ ਅਪਮਾਨ" ਸਹਿਣਾ ਪਿਆ ਪਰ ਉਨ੍ਹਾਂ ਦਾ ਕਹਿਣਾ ਹੈ ਉਹ ਟਿੱਪਣੀਆਂ 'ਅਗਲੇ ਪੱਧਰ' 'ਤੇ ਚਲੀਆਂ ਗਈਆਂ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਉਹ ਵੀ ਮੂਲ ਨਿਵਾਸੀ ਸੀ।

ਡਾ: ਸਮਿਥ ਦੱਸਦੇ ਹਨ ਕਿ ਇਸਦਾ ਕਾਰਨ ਮੂਲਵਾਸੀ ਲੋਕਾਂ ਬਾਰੇ ਲੋਕਾਂ ਦੀ ਚਮੜੀ ਦਾ ਰੰਗ ਜਾਂ ਸਭਿਅਤਾ ਦਾ ਪੱਧਰ ਵਰਗੀਆਂ ਰੂੜ੍ਹੀਵਾਦੀ ਸੋਚਾਂ ਅਤੇ ਤੰਗ ਧਾਰਨਾਵਾਂ ਹਨ ਜੋ ਲਿਖਤੀ ਇਤਿਹਾਸ ਤੋਂ ਸਿੱਖੀਆਂ ਗਈਆਂ ਹਨ ।
"ਲੋਕ ਸੋਚ ਸਕਦੇ ਹਨ ਕਿ ਉਹ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਕਿਸੇ ਮੂਲ ਵਾਸੀ ਵਿਅਕਤੀ ਨੂੰ ਨਹੀਂ ਮਿਲੇ ਹਨ, ਪਰ ਸੰਭਾਵਨਾ ਹੈ ਕਿ ਉਹ ਮਿਲੇ ਹੋਣਗੇ, ਗੱਲ ਸਿਰਫ ਇੰਨੀ ਹੈ ਕਿ ਉਹ ਲੋਕਾਂ ਦੇ ਰੂੜ੍ਹੀਵਾਦੀ ਸੋਚ ਅਤੇ ਧਾਰਨਾਵਾਂ ਦੀ ਪੁਸ਼ਟੀ ਨਹੀਂ ਕਰਨਗੇ।"
ਡਾ: ਸਮਿਥ ਦਾ ਕਹਿਣਾ ਹੈ, ਆਸਟ੍ਰੇਲੀਆ ਨੂੰ ਸਚੁਮੱਚ ਸ਼ਾਮਿਲ ਹੋਣ ਲਈ ਇਸ ਵਿਭਿੰਨਤਾ ਨੂੰ ਪਛਾਣਨ ਅਤੇ ਅਪਣਾਉਣ ਦੀ ਲੋੜ ਹੈ।
“ਜੇਕਰ ਤੁਸੀਂ ਮੂਲ ਵਾਸੀ ਲੋਕਾਂ ਬਾਰੇ ਬਹੁਤ ਹੀ ਸਰਲ ਤਰੀਕੇ ਨਾਲ ਸੋਚ ਰਹੇ ਹੋ, ਤਾਂ ਅਸਲ ਵਿੱਚ ਸਿਰਫ਼ ਸਰਲ ਹੱਲ ਹੀ ਹਨ। ਇਹ ਏਨਾ ਗੁੰਝਲਦਾਰ, ਵਿਭਿੰਨ, ਸੰਕਲਪ ਹੈ ਜਿਸ ਲਈ ਵਿਆਪਕ ਅਤੇ ਵਿਭਿੰਨ ਹੱਲਾਂ ਦੇ ਨਾਲ-ਨਾਲ ਵਿਚਾਰ ਕਰਨ ਦੀ ਵੀ ਲੋੜ ਹੈ।"
ਕਾਰਲਾ ਰੋਜਰਸ ਦੱਸਦੀ ਹੈ ਕਿ ਜਦੋਂ ਗੈਰ ਮੂਲ ਨਿਵਾਸੀ ਲੋਕ ਇਸ ਵਿਭਿੰਨਤਾ ਨੂੰ ਨਹੀਂ ਸਮਝਦੇ, ਉਦੋਂ ਓਹ ਗਲਤੀਆਂ ਕਰ ਸਕਦੇ ਹਨ ।
“ਅਸੀਂ ਕੁਝ ਅਜਿਹਾ ਕਹਿ ਸਕਦੇ ਹਾਂ ਜੋ ਬਹੁਤ ਦੁਖਦਾਈ ਹੋ ਸਕਦਾ ਹੈ, ਕੁਝ ਅਜਿਹਾ ਜੋ ਸੰਭਾਵੀ ਤੌਰ 'ਤੇ ਨਸਲਵਾਦੀ ਹੋ ਸਕਦਾ ਹੈ। ਇਹ ਸਮਝਣਾ ਮੁਸ਼ਕਿਲ ਹੈ।"

ਅਸੀਂ ਮੂਲ ਨਿਵਾਸੀ ਵਿਭਿੰਨਤਾ ਬਾਰੇ ਹੋਰ ਕਿੱਥੋਂ ਸਿੱਖ ਸਕਦੇ ਹਾਂ?
ਇਸ ਲਈ, ਨਕਸ਼ੇ ਨੂੰ ਦੇਖ ਕੇ ਸ਼ੁਰੂ ਕਰੋ, ਅਤੇ ਉਸ ਦੇਸ਼ ਅਤੇ ਉਨ੍ਹਾਂ ਦੇ ਸੱਭਿਆਚਾਰ ਅਤੇ ਭਾਸ਼ਾ ਬਾਰੇ ਪਤਾ ਲਗਾਓ ਜਿਵੇਂ ਤੁਸੀਂ ਤੁਸੀਂ ਯੂਰਪ ਦੀ ਯਾਤਰਾ ਦੌਰਾਨ ਕਰ ਰਹੇ ਸੀ।
"ਜੇ ਤੁਸੀਂ ਦੋ ਘੰਟਿਆਂ ਤੋਂ ਵੱਧ ਸਮੇਂ ਲਈ ਸਫ਼ਰ ਕਰ ਰਹੇ ਹੋ, ਮਿਸਾਲ ਦੇ ਤੌਰ 'ਤੇ ਸਿਡਨੀ ਤੋਂ, ਤਾਂ ਤੁਸੀਂ ਵੱਖ-ਵੱਖ ਦੇਸ਼ਾਂ ਵਿੱਚੋਂ ਲੰਘ ਰਹੇ ਹੋ," ਰੋਜਰਜ਼ ਕਹਿੰਦੀ ਹੈ।
ਇਸ ਦੇ ਰਵਾਇਤੀ ਮਾਲਕਾਂ ਅਤੇ ਇਤਿਹਾਸ ਸਮੇਤ ਦੇਸ਼ ਬਾਰੇ ਡੂੰਘੀ ਸਮਝ ਪ੍ਰਾਪਤ ਕਰਨ ਲਈ, ਲੈਂਡ ਕੌਂਸਲ ਅਤੇ ਸਥਾਨਕ ਕੌਂਸਲਾਂ ਚੰਗੇ ਸ਼ੁਰੂਆਤੀ ਬਿੰਦੂ ਹਨ।
ਆਂਟੀ ਮੁਨਿਆ ਕਹਿੰਦੀ ਹੈ ਕਿ ਇਹ "ਸਵੈ-ਸਿੱਖਿਆ" ਬਾਰੇ ਹੈ।
“ਜਿੰਨਾ ਤੁਸੀਂ ਕਰ ਸਕਦੇ ਹੋ ਸਿੱਖੋ, ਸ਼ਾਮਲ ਹੋਵੋ, ਖਾਸ ਤੌਰ 'ਤੇ ਮੂਲ ਨਿਵਾਸੀ ਲੋਕਾਂ ਨਾਲ। ਡਰਨ ਦੀ ਕੋਈ ਲੋੜ ਨਹੀਂ, ਬੱਸ ਆਪਣੇ ਆਪ ਨੂੰ ਪੇਸ਼ ਕਰੋ, ਭਾਈਚਾਰਕ ਸਮਾਗਮਾਂ ਵਿੱਚ ਸ਼ਾਮਲ ਹੋਵੋ।”
ਇਹ ਮੂਲ ਵਾਸੀਆਂ ਨੂੰ ਜਾਨਣ ਬਾਰੇ ਕਦਮ ਚੁੱਕਣ ਲਈ ਕਾਫੀ ਹੈ।






