ਸਿੱਖ ਡਾਕਟਰਾਂ ਦਾ ਕਹਿਣਾ ਹੈ ਕਿ ਇਹਨਾਂ ਵਲੋਂ ਕੀਤੀ ਜਾ ਰਹੀ ਇਸ ਮੰਗ ਦਾ ਹੋਰਨਾਂ ਧਰਮਾਂ ਦੇ ਉਹਨਾਂ ਡਾਕਟਰਾਂ ਨੂੰ ਵੀ ਲਾਭ ਹੋਵੇਗਾ ਜੋ ਕਿ ਧਾਰਮਿਕ ਕਾਰਨਾਂ ਕਰਕੇ ਆਪਣੀ ਦਾਹੜੀ ਰੱਖਦੇ ਹਨ ।
ਕੋਵਿਡ-19 ਨੇ ਸੰਸਾਰ ਭਰ ਦੇ ਉਹਨਾਂ ਸਿਹਤ ਕਰਮਚਾਰੀਆਂ ਲਈ ਇੱਕ ਨਵੀਂ ਚੁਣੋਤੀ ਖੜੀ ਕਰ ਦਿੱਤੀ ਹੈ, ਜੋ ਕਿ ਧਾਰਮਿਕ ਕਾਰਨਾਂ ਕਰਕੇ ਆਪਣੀ ਦਾਹੜੀ ਨਹੀਂ ਕਟਵਾ ਸਕਦੇ ਅਤੇ ਐਨ-95 ਵਰਗੇ ਮਾਸਕ ਉਹਨਾਂ ਦੇ ਚੇਹਰੇ ਉੱਤੇ ਪੂਰੀ ਤਰਾਂ ਨਾਲ ਫਿੱਟ ਨਹੀਂ ਬੈਠਦੇ ਹਨ। ਇਸ ਕਾਰਨ ਉਹਨਾਂ ਨੂੰ ਕੋਵਿਡ-19 ਦਾ ਖਤਰਾ ਬਣਿਆ ਰਹਿੰਦਾ ਹੈ।
‘ਟਰਬਨਡ ਸਿੱਖ ਡਾਕਟਰਸ ਗਰੁੱਪ’ ਨਾਮੀ ਵਟਸਐਪ ਗਰੁੱਪ ਜਿਸ ਵਿੱਚ ਜਿਆਦਾਤਰ ਸਿੱਖ ਕੇਸਧਾਰੀ ਡਾਕਟਰ ਹਨ ਨੇ ਇਸ ਚੁਣੋਤੀ ਦਾ ਹੱਲ ਲੱਭਣ ਦੀ ਠਾਣੀ ਹੋਈ ਹੈ।

ਸਿੱਖ ਯੂਥ ਆਸਟ੍ਰੇਲੀਆ ਦੇ ਪ੍ਰਧਾਨ ਸਤਵੰਤ ਕੈਲੇ ਨੂੰ ਕਈ ਅਜਿਹੇ ਡਾਕਟਰਾਂ ਵਲੋਂ ਪਹੁੰਚ ਕੀਤੀ ਗਈ ਹੈ ਅਤੇ ਇਹਨਾਂ ਨੇ ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਅਤੇ ਨਿਊ ਸਾਊਥ ਵੇਲਜ਼ ਦੇ ਸਿਹਤ ਮੰਤਰੀ ਬਰੈਡ ਹੈਜ਼ਾਰਡ ਨੂੰ ਇੱਕ ਪੱਤਰ ਭੇਜਦੇ ਹੋਏ ਇਸ ਦਾ ਹੱਲ ਲੱਭਣ ਲਈ ਬੇਨਤੀ ਕੀਤੀ ਗਈ ਹੈ।
ਡਾ ਗੁਰਦਿਆਲ ਸਿੰਘ ਆਖਦੇ ਹਨ ਕਿ ਇਸ ਦਾ ਇੱਕ ਹੱਲ ‘ਪਾਵਰਡ ਏਅਰ ਪੀਊਰੀਫਾਇੰਗ ਰੈਸਪੀਰੇਟਰਸ’ ਵੀ ਹਨ ਜੋ ਕਿ ਵੈਲਡਰਸ ਪਾਉਂਦੇ ਹਨ। ਇਸ ਵਿੱਚ ਨਾਲੀਆਂ ਦੁਆਰਾ ਨੱਕ ਨੂੰ ਸਾਹ ਪਹੁੰਚਾਇਆ ਜਾਂਦਾ ਹੈ।

ਖੇਤਰੀ ਨਿਊ ਸਾਊਥ ਵੇਲਜ਼ ਦੇ ਬੋਵਰਲ ਹਸਪਤਾਲ ਵਿੱਚ ਕੰਮ ਕਰਨ ਵਾਲੇ ਡਾ ਅਮਨਦੀਪ ਸਿੰਘ ਬਮਰਾ ਨੂੰ ਇਹ ਉਪਕਰਣ ਹਸਪਤਾਲ ਵਲੋਂ ਦਿੱਤਾ ਹੋਇਆ ਹੈ ਅਤੇ ਉਹਨਾਂ ਅਨੁਸਾਰ ਉਹ ਕੋਵਿਡ-19 ਦੇ ਮਰੀਜ਼ਾਂ ਦਾ ਇਲਾਜ ਕਰਨ ਲਈ ਸਮਰੱਥ ਹਨ।
ਜਿੱਥੇ ਇਹ ਉਪਕਰਣ ਦਾਹੜੀ ਵਾਲੇ ਸਿਹਤ ਮਾਹਰਾਂ ਲਈ ਲਾਭਦਾਇਕ ਮੰਨੇ ਜਾ ਰਹੇ ਹਨ ਉੱਥੇ ਨਾਲ ਹੀ ਇਹ ਕਾਫੀ ਮਹਿੰਗੇ ਵੀ ਹਨ। ਇੱਕ ਉਪਕਰਣ ਦੀ ਕੀਮਤ 4000 ਡਾਲਰਾਂ ਦੇ ਕਰੀਬ ਹੈ
ਸ਼੍ਰੀ ਕੈਲੇ ਦੇ ਪੱਤਰ ਦੇ ਜਵਾਬ ਵਿੱਚ ਪਾਰਲੀਆਮਾਨੀ ਸਕੱਤਰ ਨਤਾਸ਼ਾ ਮੈਕਲਾਰਨ ਜੋਨਸ ਦਾ ਕਹਿਣਾ ਹੈ ਕਿ, ‘ਵਿਭਾਗ ਨੂੰ ਦਾਹੜੀ ਵਾਲੇ ਸਿਹਤ ਮਾਹਰਾਂ ਦਰਪੇਸ਼ ਆ ਰਹੀ ਮੁਸ਼ਕਲ ਕਰਕੇ ਦੁੱਖ ਹੈ। ਪਰ ਪੀ ਏ ਪੀ ਆਰ ਦਾ ਇਸਤੇਮਾਲ ਅਤੇ ਸਾਫ ਸਫਾਈ ਕਾਫੀ ਗੁੰਝਲਦਾਰ ਵੀ ਹੈ’।

ਸਿੱਖਾਂ ਲਈ ਆਪਣੇ ਕੇਸ ਕਟਵਾਉਣੇ ਧਰਮ ਦੇ ਉਲਟ ਹੈ। ਸਿਡਨੀ ਦੇ ਰਹਿਣ ਵਾਲੇ ਡਾ ਪਵਿੱਤਰ ਸੁੱਨਰ ਕਹਿੰਦੇ ਹਨ ਕਿ, ‘ਹੰਗਾਮੀ ਡਿਊਟੀ ਨਾ ਕਰ ਪਾਉਣ ਕਾਰਨ ਬਹੁਤ ਸਾਰੇ ਸਿੱਖ ਡਾਕਟਰਾਂ ਦੀ ਮਾਲੀ ਹਾਲਤ ਪਤਲੀ ਹੋ ਰਹੀ ਹੈ’।
ਇਸ ਤੋਂ ਪਹਿਲਾਂ ਕੈਨੇਡਾ ਰਹਿਣ ਵਾਲੇ ਦੋ ਡਾਕਟਰਾਂ ਨੇ ਆਪਣੀ ਦਾਹੜੀ ਕਟਵਾ ਦਿੱਤੀ ਸੀ ਕਿਉਂਕਿ ਉਹਨਾਂ ਨੂੰ ਪੀ ਪੀ ਈ ਕਿੱਟ ਪਾਉਣ ਵਿੱਚ ਮੁਸ਼ਕਲ ਆ ਰਹੀ ਸੀ।

ਸਿੱਖ ਯੂਥ ਆਸਟ੍ਰੇਲੀਆ ਦੇ ਪੱਤਰ ਵਿੱਚ ਇਹ ਵੀ ਮੰਗ ਕੀਤੀ ਹੈ ਕਿ ਇਸ ਦਾ ਸਥਾਈ ਹੱਲ ਲੱਭਿਆ ਜਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਬਹੁਤ ਸਾਰੇ ਧਰਮਾਂ ਦੇ ਲੋਕਾਂ ਨੂੰ ਫਾਇਦਾ ਹੈ ਸਕਦਾ ਹੈ।
ਇਸ ਬਾਰੇ ਵਿਸਥਾਰਤ ਜਾਣਕਾਰੀ ਉੱਪਰ ਫੋਟੋ ਵਿਚਲੇ ‘ਸਪੀਕਰ’ ਉੱਤੇ ਕਲਿੱਕ ਕਰਕੇ ਲਈ ਜਾ ਸਕਦੀ ਹੈ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਆਪਣੇ ਰਾਜ ਅਤੇ ਪ੍ਰਦੇਸ਼ ਦੇ ਨਿਯਮਾਂ ਬਾਰੇ ਜਾਣੋ।
ਕਰੋਨਾਵਾਇਰਸ ਦੀ ਜਾਂਚ ਹੁਣ ਆਸਟ੍ਰੇਲੀਆ ਭਰ ਵਿੱਚ ਵਿਆਪਕ ਤੌਰ 'ਤੇ ਉਪਲੱਬਧ ਹੈ।
ਜੇਤੁਸੀਂ ਠੰਡ ਜਾਂ ਫਲੂ ਦੇ ਲੱਛਣਾਂ ਦਾ ਸਾਹਮਣਾ ਕਰ ਰਹੇ ਹੋ ਤਾਂ ਆਪਣੇ ਡਾਕਟਰ ਨੂੰ ਫੋਨਕਰਕੇ ਟੈਸਟ ਦਾ ਪ੍ਰਬੰਧ ਕਰੋ ਜਾਂ ਕਰੋਨਾਵਇਰਸ ਸਿਹਤ ਜਾਣਕਾਰੀ ਨੂੰ 1800 020 080 ਤੇਸੰਪਰਕ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵਿਭਿੰਨ ਭਾਈਚਾਰਿਆਂ ਨੂੰ ਕੋਵਿਡ-19 ਦੇ ਵਿਕਾਸ ਬਾਰੇ ਤਾਜ਼ਾ ਜਾਣਕਾਰੀ ਦੇਣ ਲਈ ਵਚਨਬੱਧ ਹੈ।
ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ 63 ਭਾਸ਼ਾਵਾਂ ਵਿੱਚ sbs.com.au/coronavirus ਉੱਤੇ ਉਪਲੱਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ







