ਦਸੰਬਰ 2019 ਦੇ ਪਹਿਲੇ ਹਫ਼ਤੇ ਦੀ ਗੱਲ ਹੈ ਕਿ ਮੈਨੂੰ ਇੱਕ ਫੋਨ ਕਾਲ ਆਉਣ ਤੋਂ ਬਾਅਦ ਲਗਾਤਾਰ ਕਾਲਾਂ ਦਾ ਸਿਲਸਿਲਾ ਸ਼ੁਰੂ ਜਿਹਾ ਹੋ ਗਿਆ। ਨਿਊਜ਼ੀਲੈਂਡ ਤੋਂ ਕੈਨੇਡਾ, ਇੰਗਲੈਂਡ, ਭਾਰਤ ਅਤੇ ਆਸਟ੍ਰੇਲੀਆ ਕਈ ਸੱਜਣਾਂ ਨਾਲ ਗੱਲਬਾਤ ਚੱਲੀ। ਅਸਲ ਵਿੱਚ ਇਹ ਸਾਰੇ ਹੀ ਵ੍ਹਾਟਸਐਪ ਦੇ ਉੱਤੇ ਸਰਗਰਮ ਹਨ ਅਤੇ ਇਨ੍ਹਾਂ ਨੇ ਪੰਜਾਬੀ ਭਾਸ਼ਾ ਦੀ ਵਰਤੋਂ ਅਤੇ ਪਸਾਰ ਦੇ ਲਈ ਕਈ ਮੰਚ ਬਣਾ ਰੱਖੇ ਹੋਏ ਹਨ।
ਇਸ ਦੋ ਮਹੀਨੇ ਦੇ ਅਰਸੇ ਦੌਰਾਨ ਮੈਂ ਇਹ ਵੀ ਵੇਖਿਆ ਹੈ ਕਿ ਪੰਜਾਬੀ ਭਾਸ਼ਾ ਦੀ ਵਰਤੋਂ ਅਤੇ ਪਸਾਰ ਦੇ ਲਈ ਬਹੁਤ ਜੋਸ਼ ਹੈ। ਪਰ ਜਿਵੇਂ ਪੰਜਾਬੀ ਦੀ ਇਕ ਕਹਾਵਤ ਹੈ ਕਿ ਜੋਸ਼ ਦੇ ਨਾਲ ਹੋਸ਼ ਵੀ ਬਹੁਤ ਜ਼ਰੂਰੀ ਹੈ।

'ਗਲੋਬਲ ਪੰਜਾਬੀ': ਗੁਰਤੇਜ ਸਿੰਘ ਨਿਊਜ਼ੀਲੈਂਡ ਵਸਦੇ ਇੱਕ ਪੰਜਾਬੀ ਲੇਖਕ ਅਤੇ ਚਿੰਤਕ ਹਨ। Credit: Preetinder Grewal/SBS Punjabi
ਪਰ ਕਈ ਟੀਚਿਆਂ ਨੂੰ ਅਸੀਂ ਹੱਥ ਠੀਕ ਤਰ੍ਹਾਂ ਨਹੀਂ ਪਾਇਆ ਹੋਇਆ। ਤਾਂ ਜੋ ਕੋਈ ਪਛਾਣਿਆ ਨਾ ਜਾਵੇ ਇਸ ਕਰਕੇ ਮੈਂ ਤਰੀਕੇ ਬਾਰੇ ਇਕ ਪੁਰਾਣੀ ਮਿਸਾਲ ਦੇਣੀ ਚਾਹਵਾਂਗਾ। ਕੁਝ ਸਾਲ ਪਹਿਲਾਂ ਜਦ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਦੀ ਸੱਰੀ ਕੌਂਸਲ ਨੇ ਆਪਣਾ ਵੈੱਬਸਾਈਟ ਨਵਿਆਇਆ ਸੀ ਤਾਂ ਛੇਤੀ ਹੀ ਪੰਜਾਬੀ ਜਗਤ ਵਿੱਚ ਇਹ ਰੌਲਾ ਪੈ ਗਿਆ ਕਿ ਸੱਰੀ ਬੀਸੀ ਕੌਂਸਲ ਦੇ ਵੈੱਬਸਾਈਟ ਤੋਂ ਪੰਜਾਬੀ ਹੀ ਗਾਇਬ ਹੈ ਜਦਕਿ ਸੱਰੀ ਵਾਸੀਆਂ ਵਿੱਚ ਪੰਜਾਬੀਆਂ ਦੀ ਗਿਣਤੀ ਸਭ ਤੋਂ ਵੱਧ ਹੈ।

Children at a Punjabi writing workshop during Vaisakhi celebration in Melbourne. Source: Supplied
ਇਹ ਵੇਖ ਕੇ ਮੈਂ ਝੱਟ ਆਪਣੇ ਪੁਰਾਣੇ ਮਿੱਤਰ ਵੈਨਕੂਵਰ ਵਾਸੀ ਜਸਦੀਪ ਵਾਹਲਾ ਨੂੰ ਫੋਨ ਖੜਕਾ ਦਿੱਤਾ ਅਤੇ ਕਿਹਾ ਕਿ ਸੱਰੀ ਬੀਸੀ ਕੌਂਸਲ ਨਾਲ ਉਲਝ ਕੇ ਜੱਗ ਹਸਾਈ ਕਰਵਾਉਣ ਦੀ ਲੋੜ ਨਹੀਂ। ਜੇ ਪੰਗਾ ਲੈਣਾ ਹੈ ਤਾਂ ਗੂਗਲ ਨਾਲ ਲਵੋ ਅਤੇ ਪੁੱਛੋ ਕਿ ਪੰਜਾਬੀ ਦਾ ਕੰਮ ਹਾਲੇ ਤੱਕ ਸ਼ੁਰੂ ਕਿਉਂ ਨਹੀਂ ਕੀਤਾ ਹੈ? ਉਸ ਤੋਂ ਬਾਅਦ ਮੈਂ ਕੈਨੇਡਾ ਵਾਸੀ ਇਕ ਹੋਰ ਦੋਸਤ ਆਲਮ ਨੂੰ ਵੀ ਇਹ ਗੱਲਬਾਤ ਕਰਨ ਲਈ ਫ਼ੋਨ ਕੀਤਾ ਕਿ ਕਿਸ ਤਰ੍ਹਾਂ ਗੂਗਲ ਅਤੇ ਮਾਈਕ੍ਰੋਸਾਫਟ ਤੱਕ ਪਹੁੰਚ ਕੀਤੀ ਜਾਵੇ ਤਾਂ ਜੋ ਉਹ ਵੀ ਪੰਜਾਬੀ ਭਾਸ਼ਾ ਦਾ ਕੰਮ ਸ਼ੁਰੂ ਕਰਨ।
ਪੰਜਾਬੀ ਨੂੰ ਵਿਗਿਆਨ ਅਤੇ ਗਿਆਨ ਦੀ ਭਾਸ਼ਾ ਬਨਾਉਣ ਵਾਲੇ ਪਾਸੇ ਦਾ ਕੰਮ ਤਾਂ ਹਾਲੇ ਸ਼ੁਰੂ ਹੋਣਾ ਹੈ।
ਪਰ ਜਿਹੜੇ ਵ੍ਹਾਟਸਐਪ ਦੇ ਪੰਜਾਬੀ ਮੰਚਾਂ ਦੀ ਮੈਂ ਗੱਲ ਉੱਪਰ ਕੀਤੀ ਹੈ ਉਥੇ ਹੁੰਦੇ ਵਿਚਾਰ ਵਟਾਂਦਰੇ ਅਤੇ ਹੁੰਦੀਆਂ ਕਾਰਵਾਈਆਂ ਤੋਂ ਹੁਣ ਤੱਕ ਮੈਨੂੰ ਇਹੀ ਅਹਿਸਾਸ ਹੋਇਆ ਹੈ ਕਿ ਪੰਜਾਬੀ ਬਾਰੇ ਜੋਸ਼ ਹਾਲੇ ਤੱਕ ਸਭਿਆਚਾਰ ਦੇ ਪੱਧਰ ਤੱਕ ਹੀ ਸੀਮਤ ਹੈ।ਸਭਿਆਚਾਰ ਦਾ ਭਾਵ ਇਹ ਕਿ ਆਮ ਬੋਲਚਾਲ ਅਤੇ ਕਵਿਤਾ ਕਹਾਣੀਆਂ।
ਪਰ ਅਸੀਂ ਸਭਿਆਚਾਰ ਤੇ ਹੀ ਕਿਉਂ ਅਟਕੇ ਪਏ ਹਾਂ, ਵਿਗਿਆਨ ਅਤੇ ਗਿਆਨ ਵਾਲੇ ਪਾਸੇ ਕਿਉਂ ਨਹੀਂ ਚਾਲੇ ਪਾ ਸਕੇ? ਇਹ ਮੁੱਦਾ ਗੰਭੀਰਤਾ ਨਾਲ ਅੱਗੇ ਵਿਚਾਰ ਕਰਨ ਵਾਲਾ ਹੈ। ਇਥੇ ਮਿੱਤਰ ਸੈਨ ਮੀਤ ਅਤੇ ਹਰੀ ਚੰਦ ਅਰੋੜਾ ਹੋਰਾਂ ਦਾ ਵੀ ਧੰਨਵਾਦ ਕਰਨਾ ਬਣਦਾ ਹੈ ਜਿੰਨ੍ਹਾਂ ਨੇ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਨੁਮਾਇੰਦਗੀ ਕਰਦੇ ਹੋਏ ਆਪਣੀ ਵਕਾਲਤ ਦੇ ਜ਼ੋਰ ਤੇ ਪੰਜਾਬ ਦੇ ਕਈ ਦਫ਼ਤਰਾਂ ਨੂੰ ਪੰਜਾਬੀ ਵਰਤਣ ਵਾਲੇ ਪਾਸੇ ਲਾ ਦਿੱਤਾ ਹੈ।

Kids perform traditional dance, Bhangra at Melbourne's Federation Square. Source: Supplied
ਮੈਨੂੰ ਹੈਰਾਨੀ ਹੋਈ ਕਿ ਮੇਰੇ ਨਾਲ ਗੱਲਬਾਤ ਕਰਦੇ ਵੇਲ਼ੇ ਉਹ ਇਸ ਗੱਲ ਦੀ ਵੀ ਪਰਖ ਕਰਦੀ ਰਹੀ ਕਿ ਮੈਨੂੰ ਪੰਜਾਬੀ ਆਉਂਦੀ ਵੀ ਹੈ ਕਿ ਨਹੀਂ। ਪਰਵਾਸੀ ਭਾਈਚਾਰੇ ਦੇ ਕੰਮਾਂ ਵਿੱਚ ਸਰਗਰਮ ਹੋਣ ਕਰਕੇ ਉਨ੍ਹਾਂ ਦਿਨਾਂ ਵਿੱਚ ਮੈਨੂੰ ਅਕਸਰ ਹੀ ਨਿਊਜ਼ੀਲੈਂਡ ਦੇ ਮਹਿਕਮਿਆਂ ਅਤੇ ਵਜ਼ਾਰਤਾਂ ਦੇ ਸੈਮੀਨਾਰਾਂ ਅਤੇ ਵਰਕਸ਼ਾਪਾਂ ਦੇ ਸੱਦੇ ਮਿਲਦੇ ਰਹਿੰਦੇ ਸਨ।
ਜਦ ਉਸ ਬੀਬੀ ਦੀ ਪੂਰੀ ਤਰ੍ਹਾਂ ਤਸੱਲੀ ਹੋ ਗਈ ਕਿ ਮੈਨੂੰ ਵਾਕਿਆਂ ਹੀ ਚੰਗੀ ਤਰ੍ਹਾਂ ਪੰਜਾਬੀ ਆਉਂਦੀ ਹੈ ਤਾਂ ਗੱਲ ਖੁੱਲ੍ਹੀ ਕਿ ਇਸ ਪਰਖ ਦਾ ਪਿਛੋਕੜ ਕੀ ਸੀ? ਉਸ ਨੇ ਬੜੀ ਮਾਯੂਸੀ ਦੇ ਨਾਲ ਮੇਰੇ ਨਾਲ ਆਪਣੀ ਹੱਡ ਬੀਤੀ ਸਾਂਝੀ ਕੀਤੀ। ਉਹ ਬੀਬੀ ਵੈਲਿੰਗਟਨ ਤੋਂ ਬਾਹਰ ਕਿਸੇ ਹੋਰ ਖੇਤਰ ਤੋਂ ਸੀ ਅਤੇ ਸੋਸ਼ਲ ਵਰਕਰ ਸੀ।
ਉਸ ਖੇਤਰ ਵਿੱਚ ਬਹੁਤ ਸਾਰੇ ਪੰਜਾਬੀ ਵੱਸਦੇ ਵੇਖ ਕੇ ਉਸ ਨੇ ਪੰਜਾਬੀ ਸਿੱਖ ਲਈ ਅਤੇ ਉਸ ਨੇ ਸੋਚਿਆ ਕਿ ਚਲੋ ਪੰਜਾਬੀਆਂ ਨਾਲ ਵਿਹਾਰ ਕਰਦੇ ਵਕ਼ਤ ਸਿੱਖੀ ਹੋਈ ਪੰਜਾਬੀ ਉਸ ਨੂੰ ਬਹੁਤ ਕੰਮ ਦੇਵੇਗੀ।
ਪਰ ਪੰਜਾਬੀਆਂ ਦੇ ਨਾਲ ਮਿਲਾਪ ਦੇ ਵਿੱਚ ਆਉਣ ਤੋਂ ਬਾਅਦ ਉਸ ਨੂੰ ਛੇਤੀ ਹੀ ਪਤਾ ਲੱਗ ਗਿਆ ਕਿ ਬਹੁਤੇ ਪੰਜਾਬੀਆਂ ਨੂੰ ਪੰਜਾਬੀ ਚੱਜ ਨਾਲ ਲਿਖਣੀ-ਪੜ੍ਹਣੀ ਵੀ ਨਹੀਂ ਸੀ ਆਉਂਦੀ। ਇਨ੍ਹਾਂ ਪੰਜਾਬੀਆਂ ਦਾ ਬੋਲਚਾਲ ਦਾ ਪੰਜਾਬੀ ਸ਼ਬਦ-ਭੰਡਾਰ ਵੀ ਬਹੁਤ ਛੋਟਾ ਸੀ।
ਇਸ ਗੱਲ ਦਾ ਪਤਾ ਲੱਗਣ ਤੇ ਉਸ ਨੂੰ ਆਪਣੇ ਆਪ ਤੇ ਇਸ ਗੱਲ ਦੀ ਬੜੀ ਨਿਰਾਸਤਾ ਹੋਈ ਕਿ ਹੁਣ ਉਸ ਦੀ ਸਿੱਖੀ ਹੋਈ ਪੰਜਾਬੀ ਬਹੁਤਾ ਕੰਮ ਨਹੀਂ ਆਵੇਗੀ? ਫਿਰ ਉਸ ਨੇ ਹੱਸਦੇ ਹੱਸਦੇ ਇਹ ਕਿਹਾ ਕਿ ਉਸ ਦੇ ਅੰਦਰ ਹੋਰ ਪੰਜਾਬੀ ਸਿੱਖਣ ਦੀ ਭਾਵਨਾ ਹੀ ਮਰ ਗਈ ਤੇ ਮਜ਼ਾਕ ਦੇ ਵਿੱਚ ਕਿਹਾ ਕਿ ਪੰਜਾਬੀ ਤਾਂ ਮਾਂ-ਬੋਲੀ ਅਨਪੜ੍ਹ ਕੌਮ ਹੈ।

Developing language resources for global usage. Source: Pixabay
ਘਰਾਂ ਵਿੱਚ ਘਟਦੇ ਪੰਜਾਬੀ ਸ਼ਬਦ-ਭੰਡਾਰ ਅਤੇ ਪੰਜਾਬੀ ਸਰੋਤਾਂ ਦੀ ਕਮੀ ਕਰਕੇ ਭਾਵੇਂ ਪੰਜਾਬ ਹੋਵੇ ਤੇ ਭਾਵੇਂ ਬਾਹਰ, ਸਿਆਣੇ ਹੋ ਰਹੇ ਬੱਚੇ ਆਪਣੇ ਹਾਵ-ਭਾਵ ਜ਼ਾਹਰ ਕਰਣ ਲਈ ਛੇਤੀ ਹੀ ਕਿਸੇ ਦੂਜੀ ਭਾਸ਼ਾ ਦਾ ਆਸਰਾ ਲੈਣ ਲੱਗ ਪੈਂਦੇ ਹਨ।
ਮੁੱਕਦੀ ਗੱਲ। ਮਾਓਰੀ ਲੋਕ ਨਿਊਜ਼ੀਲੈਂਡ ਦੇ ਮੂਲ ਨਿਵਾਸੀ ਹਨ। ਨਿਊਜ਼ੀਲੈਂਡ ਦੀ ਪੰਜਤਾਲੀ ਲੱਖ ਆਬਾਦੀ ਵਿੱਚੋਂ ਇਹ ਸਿਰਫ ਵੀਹ ਕੁ ਫ਼ੀਸਦੀ ਹੀ ਹਨ। ਇਨ੍ਹਾਂ ਨੂੰ ਵੀ ਇਸ ਗੱਲ ਦਾ ਬਹੁਤ ਫਿਕਰ ਹੈ ਕਿ ਬਸਤੀਵਾਦ ਦੌਰਾਨ ਦੱਬੀ-ਕੁਚਲੀ ਗਈ ਮਾਓਰੀ ਭਾਸ਼ਾ ਦਾ ਭਵਿੱਖ ਬਚਾਉਣ ਦੀ ਲੋੜ ਹੈ।
ਇਸ ਕਰਕੇ ਪਿਛਲੇ ਦਸ ਕੁ ਸਾਲਾਂ ਤੋਂ ਇਹ ਕਾਫੀ ਸਰਗਰਮ ਹਨ। ਇਸ ਵਕਤ ਦੇ ਵਿੱਚ ਇਨ੍ਹਾਂ ਨੇ ਅੱਜ ਤਕਨੀਕੀ ਤੌਰ ਦੇ ਉੱਤੇ ਮਾਓਰੀ ਭਾਸ਼ਾ ਦੇ ਕਈ ਸਰੋਤ ਮੁਹੱਈਆ ਕਰਵਾ ਦਿੱਤੇ ਹਨ ਜੋ ਕਿ ਪੰਜਾਬੀ ਭਾਸ਼ਾ ਦੇ ਤਕਨੀਕੀ ਸਰੋਤਾਂ ਨਾਲੋਂ ਵੀ ਵੱਧ ਹਨ।
ਜੋਸ਼ ਅਤੇ ਹੋਸ਼ ਦੇ ਚੱਲਦੇ, ਮੈਂ ਇੱਕ ਮਾਓਰੀ ਅਖਾਣ ਵੀ ਏਥੇ ਸਾਂਝਾ ਕਰਦਾ ਹਾਂ ਜਿਸ ਨੂੰ ਪੰਜਾਬੀ ਰੂਪ ਵਿੱਚ ਕੁਝ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ: ਜਿਹੜਾ ਪੰਛੀ ਟੀਸੀ ਦਾ ਬੇਰ ਖਾਂਦਾ ਹੈ ਉਹ ਵਧ ਤੋਂ ਵੱਧ ਜੰਗਲ ਦਾ ਰਾਜਾ ਬਣ ਸਕਦਾ ਹੈ ਪਰ ਜਿਹੜਾ ਪੰਛੀ ਗਿਆਨ ਦਾ ਦਾਣਾ ਚੁਗਦਾ ਹੈ ਉਹ ਦੁਨੀਆਂ ਉੱਤੇ ਰਾਜ ਕਰਦਾ ਹੈ।

ਗੁਰਤੇਜ ਸਿੰਘ ਨਿਊਜ਼ੀਲੈਂਡ ਪਾਰਲੀਮੈਂਟ ਦੇ ਇੱਕ ਸਮਾਗਮ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਹੋਏ। Source: Supplied
ਗੁਰਤੇਜ ਸਿੰਘ ਨਿਊਜ਼ੀਲੈਂਡ ਵਸਦੇ ਇੱਕ ਪੰਜਾਬੀ ਲੇਖਕ ਅਤੇ ਚਿੰਤਕ ਹਨ ਜੋ ਅਕਸਰ ਪੰਜਾਬੀ ਬੋਲੀ ਅਤੇ ਪ੍ਰਦੇਸਾਂ ਵਿੱਚ ਵਸਦੇ ਪੰਜਾਬੀਆਂ ਨਾਲ਼ ਸਬੰਧਿਤ ਮਸਲਿਆਂ ਉੱਤੇ ਆਪਣੇ ਵਿਚਾਰ ਦਿੰਦੇ ਰਹਿੰਦੇ ਹਨ। ਇਸ ਲੇਖ ਵਿੱਚ ਪੇਸ਼ ਕੀਤੇ ਵਿਚਾਰ ਲੇਖਕ ਦੇ ਨਿੱਜੀ ਵਿਚਾਰ ਹਨ।






