Coming Up Thu 9:00 PM  AEST
Coming Up Live in 
Live
Punjabi radio

ਕੋਵਿਡ -19 ਸਬੰਧੀ ਲਾਗੂ ਨਿਯਮਾਂ, ਪਾਬੰਦੀਆਂ ਅਤੇ ਸਹੂਲਤਾਂ ਬਾਰੇ ਆਪਣੀ ਭਾਸ਼ਾ ਵਿੱਚ ਜਾਣੋ

Travellers returning from India onboard a waiting bus to begin their 14-day imposed quarantine. Source: AAP

ਐਸ ਬੀ ਐਸ ਆਸਟ੍ਰੇਲੀਅਨ ਲੋਕਾਂ ਨੂੰ ਆਪਣੀ ਭਾਸ਼ਾ ਵਿੱਚ ਕੋਵਿਡ-19 ਵਿਸ਼ਾਣੂ ਦੇ ਫੈਲਣ ਅਤੇ ਰੋਕਥਾਮ ਸੁਝਾਵਾਂ ਬਾਰੇ ਜਾਣੂ ਕਰਵਾ ਰਿਹਾ ਹੈ। ਇਹ ਤੱਥ-ਸ਼ੀਟ ਦੇਸ਼ ਦੇ ਸਾਰੇ ਵਸਨੀਕਾਂ ਲਈ ਜ਼ਰੂਰੀ ਜਾਣਕਾਰੀ ਨੂੰ ਇੱਕੋ ਜਗਾਹ ਪ੍ਰਦਾਨ ਕਰਦੀ ਹੈ।

ਘਰ ਰਹੋ।  ਸੁਰੱਖਿਅਤ ਰਹੋ।  ਜੁੜੇ ਰਹੋ।  ਜ਼ਿੰਦਗੀਆਂ ਬਚਾਓ।

ਵੱਖੋ-ਵੱਖਰੇ ਰਾਜਾਂ ਦੀਆਂ ਕੋਵਿਡ -19 ਪਾਬੰਧੀਆਂ ਸਬੰਧੀ ਜਾਣਕਾਰੀ ਲਈ ਇਥੇ ਕਲਿੱਕ ਕਰੋ


ਵਿੱਤੀ ਔਕੜਾਂ 

ਜੇ ਤੁਸੀਂ ਵਿੱਤੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੋ ਤਾਂ www.moneysmart.gov.au ਉੱਤੇ ਜਾਓ ਜਾਂ ਨੈਸ਼ਨਲ ਡੈਬਟ ਹੈਲਪਲਾਈਨਕਾਲ ਦੇ ਨੰਬਰ 1800 007 007 ਉੱਤੇ ਫੋਨ ਕਰੋ। 

ਮਹਾਂਮਾਰੀ ਦੌਰਾਨ ਛੁੱਟੀ ਦਾ ਭੁਗਤਾਨ

ਫੈਡਰਲ ਸਰਕਾਰ ਨੇ ਮਹਾਂਮਾਰੀ ਛੁੱਟੀ ਅਦਾਇਗੀ ਲਈ $ 1,500 ਦਾ "ਆਫ਼ਤ ਭੁਗਤਾਨ" ਦੀ ਪੇਸ਼ਕਸ਼ ਕੀਤੀ ਹੈ। ਇਹ ਵਿਕਟੋਰੀਆ, ਤਸਮਾਨੀਆ, ਪੱਛਮੀ ਆਸਟਰੇਲੀਆ ਅਤੇ ਜਲਦੀ ਹੀ (ਸਤੰਬਰ-ਅਕਤੂਬਰ 2020) ਨਿਊ ਸਾਊਥ ਵੇਲਜ਼ ਵਿਚਲੇ ਕਰਮਚਾਰੀਆਂ ਲਈ ਉਪਲਬਧ ਹੈ। ਕੁਈਨਜ਼ਲੈਂਡ ਫੈਡਰਲ ਸਰਕਾਰ ਨਾਲ ਸਮਝੌਤੇ ਨੂੰ ਆਖਰੀ ਰੂਪ ਦੇ ਰਿਹਾ ਹੈ ਅਤੇ ਉਸਦੇ ਇਸ ਵਿੱਚ ਜਲਦ ਸ਼ਾਮਲ ਹੋਣ ਦੀ ਸੰਭਾਵਨਾ ਹੈ। 

ਭੁਗਤਾਨ ਉਨ੍ਹਾਂ ਕਾਮਿਆਂ ਲਈ ਲਾਗੂ ਹੈ ਜਿਨ੍ਹਾਂ ਨੂੰ ਸਵੈ-ਅਲੱਗ-ਥਲੱਗ ਕਰਨ ਦੀ ਜ਼ਰੂਰਤ ਹੁੰਦੀ ਹੈ ਪਰ ਉਨ੍ਹਾਂ ਕੋਲ ਜੋਬਕੀਪਰ ਜਾਂ ਜੌਬਸੀਕਰ ਦੁਆਰਾ ਬਿਮਾਰੀ ਦੀ ਛੁੱਟੀ ਦਾ ਭੁਗਤਾਨ ਨਹੀਂ ਹੁੰਦਾ। ਉਮੀਦ ਕੀਤੀ ਜਾਂਦੀ ਹੈ ਕਿ ਥੋੜ੍ਹੇ ਸਮੇਂ ਦੇ ਵੀਜ਼ਾ ਧਾਰਕਾਂ ਨੂੰ ਵੀ ਇਸਦਾ ਲਾਭ ਹੋਵੇਗਾ।

ਜੌਬਸੀਕਰ ਅਤੇ ਜੌਬਕੀਪਰ ਭੁਗਤਾਨ

ਜੌਬਕਿੱਪਰ ਦੀਆਂ ਅਦਾਇਗੀਆਂ ਮਾਰਚ 2021 ਤੱਕ ਅਤੇ ਜੌਬਸਿੱਕਰ ਦਸੰਬਰ 2020 ਤੱਕ ਵਧਾ ਦਿੱਤੀਆਂ ਗਈਆਂ ਹਨ। ਆਉਣ ਵਾਲੇ ਮਹੀਨਿਆਂ ਵਿੱਚ, ਸਰਕਾਰ ਜੌਬਸੀਕਰ ਲਈ 2021 ਦੀ ਯੋਜਨਾ ਦਾ ਐਲਾਨ ਕਰੇਗੀ।

ਸਤੰਬਰ 2020 ਦੇ ਅੰਤ ਤੋਂ ਇਹ ਰਕਮਾਂ ਘੱਟ ਹੋ ਜਾਣਗੀਆਂ।

ਜੌਬਸੀਕਰ

ਜੇ ਤੁਸੀਂ ਬੇਰੁਜ਼ਗਾਰ ਹੋ ਅਤੇ ਕੰਮ ਦੀ ਭਾਲ ਕਰ ਰਹੇ ਹੋ, ਜਾਂ ਨੌਕਰੀ ਲੱਭਣ ਲਈ ਮਨਜ਼ੂਰਸ਼ੁਦਾ ਕੰਮ ਵਿੱਚ ਲੱਗੇ ਹੋ ਤਾਂ ਜੌਬਸੀਕਰ ਦੀ ਅਦਾਇਗੀ ਹੋ ਸਕਦੀ ਹੈ ਜੋ 22 ਸਾਲ ਅਤੇ ਪੈਨਸ਼ਨ ਦੀ ਉਮਰ ਦੇ ਲੋਕਾਂ ਲਈ ਹੁੰਦੀ ਹੈ। ਇਹ ਉਦੋਂ ਵੀ ਲਾਗੂ ਹੁੰਦਾ ਹੈ ਜਦੋਂ ਤੁਸੀਂ ਬਿਮਾਰ ਜਾਂ ਜ਼ਖ਼ਮੀ ਹੋ ਅਤੇ ਆਪਣਾ ਆਮ ਕੰਮ ਨਹੀਂ ਕਰ ਸਕਦੇ।

- ਹੁਣ $1,115

- ਸਤੰਬਰ 2020 ਤੋਂ $815

ਇਸ ਤੋਂ ਇਲਾਵਾ, ਹੁਣ ਜੌਬਸੀਕਰ ਦੀ ਅਦਾਇਗੀ ਪ੍ਰਭਾਵਤ ਹੋਣ ਤੋਂ ਪਹਿਲਾਂ, ਸਤੰਬਰ ਦੇ ਅੰਤ ਤੋਂ, ਪਿਛਲੇ $106 ਦੀ ਬਜਾਏ ਹਰ ਪੰਦਰਵਾੜੇ $300 ਦੀ ਰਕਮ ਮਿਲੇਗੀ।

4 ਅਗਸਤ ਤੋਂ ਕਿਸੇ ਵੀ ਵਿਅਕਤੀ ਨੂੰ ਬੇਰੁਜ਼ਗਾਰੀ ਭੱਤੇ ਦਾ ਲਾਭ ਲੈਣ ਲਈ ਲਾਜ਼ਮੀ ਸੇਵਾਵਾਂ ਨਾਲ ਜੁੜਨਾ ਪਏਗਾ ਅਤੇ ਭੁਗਤਾਨ ਪ੍ਰਾਪਤ ਕਰਨਾ ਜਾਰੀ ਰੱਖਣ ਲਈ ਇੱਕ ਮਹੀਨੇ ਵਿੱਚ ਘੱਟੋ-ਘੱਟ ਚਾਰ ਨੌਕਰੀਆਂ ਲੱਭਣੀਆਂ ਚਾਹੀਦੀਆਂ ਹਨ।

ਜੌਬਕੀਪਰ

ਜੌਬਕੀਪਰ ਦੀ ਅਦਾਇਗੀ ਘੱਟੋ-ਘੱਟ 16 ਸਾਲ ਦੀ ਉਮਰ ਦੇ ਲੋਕਾਂ ਤੇ ਲਾਗੂ ਹੁੰਦੀ ਹੈ, ਜੋ ਇਕੱਲੇ ਕਾਰੋਬਾਰੀ, ਫੁਲ-ਟਾਈਮ, ਪਾਰਟ-ਟਾਈਮ, ਜਾਂ ਲੰਬੇ ਸਮੇਂ ਤੋਂ ਕੈਜ਼ੂਅਲ ਕਾਮੇ ਹਨ ਜੋ ਨਿਯਮਤ ਤੌਰ ਉੱਤੇ 12 ਮਹੀਨੇ ਤੋਂ ਵੱਧ ਸਮੇਂ ਲਈ 1 ਮਾਰਚ 2020 ਤੱਕ ਨੌਕਰੀ ਕਰਦੇ ਹਨ। ਯੋਗਤਾ ਪੂਰੀ ਕਰਨ ਲਈ 16 ਜਾਂ 17 ਸਾਲ ਦੀ ਉਮਰ ਵਾਲ਼ੇ ਲੋਕ ਵਿੱਤੀ ਤੌਰ ਉੱਤੇ  'ਇੰਡੀਪੈਂਡੈਂਟ' ਹੋਣੇ ਚਾਹੀਦੇ ਹਨ।

ਅਦਾਇਗੀ "ਦੋ ਪੱਧਰਾਂ" ਵਿੱਚ ਵੰਡੀ ਗਈ ਹੈ: ਇੱਕ ਫੁਲ-ਟਾਈਮ ਅਤੇ ਦੂਜਾ ਪਾਰਟ-ਟਾਈਮ ਕਰਮਚਾਰੀਆਂ ਲਈ।

ਪੂਰੇ ਸਮੇਂ ਦੇ ਕਾਮਿਆਂ ਲਈ ਹਰ ਪੰਦਰਵਾੜੇ ਹੋਣ ਵਾਲੇ ਭੁਗਤਾਨ:

- ਹੁਣ $1,500

- ਸਤੰਬਰ 2020 ਤੋਂ $1,200

- ਜਨਵਰੀ 2021 ਤੋਂ $1000

ਪਾਰਟ ਟਾਈਮ ਕਾਮਿਆਂ ਲਈ ਹਰ ਪੰਦਰਵਾੜੇ ਹੋਣ ਵਾਲੇ ਭੁਗਤਾਨ:

- ਹੁਣ $1,500

- ਸਤੰਬਰ 2020 ਤੋਂ $750

- ਜਨਵਰੀ 2021 ਤੋਂ $650

ਕਰੋਨਾਵਾਇਰਸ ਕਿਵੇਂ ਫੈਲਦਾ ਹੈ?

ਕੋਵਿਡ-19 ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਓਦੋਂ ਫੈਲਦਾ ਹੈ:

 • ਕਿਸੇ ਅਜਿਹੇ ਵਿਅਕਤੀ ਨਾਲ ਨਜ਼ਦੀਕੀ ਸੰਪਰਕ ਰੱਖਣ ਨਾਲ਼ ਜਦੋਂ ਉਹ ਇਹ ਛੂਤ ਦੀ ਬਿਮਾਰੀ ਤੋਂ ਪੀੜਤ ਹੋਵੇ, ਜਾਂ ਉਸ ਵਿੱਚ ਇਸਦੇ ਦੇ ਲੱਛਣ ਪ੍ਰਗਟ ਹੋਣ ਤੋਂ 24 ਘੰਟੇ ਪਹਿਲਾਂ।
 • ਇਸਦੇ ਬਿਮਾਰਾਂ ਨਾਲ਼ ਉਸ ਵੇਲ਼ੇ ਨਜ਼ਦੀਕੀ ਸੰਪਰਕ ਦੌਰਾਨ ਜਦੋਂ ਉਹ ਖੰਘਦੇ ਹੋਣ ਜਾਂ ਛਿੱਕ ਮਾਰਦੇ ਹੋਣ।
 • ਉਨ੍ਹਾਂ ਵਸਤੂਆਂ ਜਾਂ ਸਤਹਾਂ ਨੂੰ ਛੂਹਣ (ਜਿਵੇਂ ਕਿ ਦਰਵਾਜ਼ੇ ਦੇ ਹੈਂਡਲ ਜਾਂ ਮੇਜ਼-ਕੁਰਸੀਆਂ) ਅਤੇ ਫਿਰ ਆਪਣੇ ਮੂੰਹ ਜਾਂ ਚਿਹਰੇ ਨੂੰ ਛੂਹਣ ਪਿੱਛੋਂ, ਜੋ ਸੰਕਰਮਿਤ ਲਾਗ ਵਾਲੇ ਵਿਅਕਤੀ ਦੇ ਖੰਘਣ ਜਾਂ ਛਿੱਕਣ ਪਿੱਛੋਂ ਦੂਸ਼ਿਤ ਹੋਏ ਹੋਣ।

ਆਸਟ੍ਰੇਲੀਅਨ ਸਰਕਾਰ ਸਲਾਹ ਦਿੰਦੀ ਹੈ ਕਿ ਸਾਰੇ ਹੀ ਆਸਟ੍ਰੇਲੀਅਨ ਲੋਕਾਂ ਨੂੰ ਕੋਵਿਡਸੇਫ ਐਪ ਡਾਊਨਲੋਡ ਕਰਨੀ ਚਾਹੀਦੀ ਹੈ। ਜਿਆਦਾ ਜਾਣਕਾਰੀ ਲਈ ਇੱਥੇ ਕਲਿੱਕ ਕਰੋ। 

ਕੋਵਿਡ-19 ਦੇ ਲੱਛਣ ਕੀ ਹਨ?

ਫੈਡਰਲ ਸਰਕਾਰ ਦੀ ਵੈਬਸਾਈਟ ਦੇ ਅਨੁਸਾਰ, ਕਰੋਨਾਵਾਇਰਸ ਦੇ ਲੱਛਣ ਹਲਕੀ ਬਿਮਾਰੀ ਤੋਂ ਲੈ ਕੇ ਨਮੂਨੀਆ ਤੱਕ ਹੋ ਸਕਦੇ ਹਨ।

ਕੋਵਿਡ-19 ਦੇ ਲੱਛਣ ਕਿਸੇ ਹੋਰ ਪ੍ਰਕਾਰ ਦੇ ਜ਼ੁਕਾਮ ਅਤੇ ਫਲੂ ਦੇ ਕੇਸਾਂ ਵਾਂਗ ਹੀ ਹਨ ਜਿਸ ਵਿੱਚ ਸ਼ਾਮਿਲ ਹੈ:

 • ਬੁਖਾਰ
 • ਸਾਹ ਦੇ ਲੱਛਣ
 • ਖੰਘ
 • ਗਲੇ ਵਿੱਚ ਖਰਾਸ਼
 • ਸਾਹ ਲੈਣ ਵਿਚ ਮੁਸ਼ਕਿਲ
 • ਹੋਰ ਲੱਛਣਾਂ ਵਿੱਚ ਨੱਕ ਦਾ ਚੋਣਾ, ਸਿਰ ਦਰਦ, ਮਾਸਪੇਸ਼ੀ ਜਾਂ ਜੋੜਾਂ ਦੇ ਦਰਦ, ਚੱਕਰ ਆਉਣਾ, ਦਸਤ, ਉਲਟੀਆਂ, ਸੁੰਘਣ-ਸ਼ਕਤੀ ਦਾ ਘਟਾਅ, ਸੁਆਦ ਵਿੱਚ ਬਦਲਾਵ, ਭੁੱਖ ਅਤੇ ਥਕਾਵਟ ਵੀ ਹੋ ਸਕਦੇ ਹਨ।

ਅਧਿਕਾਰੀਆਂ ਨੇ ਕੋਵਿਡ-19 ਲੱਛਣ ਜਾਂਚ-ਕਰਤਾ ਸਾਧਨ ਤਿਆਰ ਕੀਤਾ ਹੈ ਜੋ ਤੁਸੀਂ ਆਨਲਾਈਨ ਘਰ ਤੋਂ ਹੀ ਵਰਤ ਸਕਦੇ ਹੋ: https://www.healthdirect.gov.au/symptom-checker/tool/basic-details

ਕਰੋਨਾਵਾਇਰਸ ਦਾ ਕੋਈ ਖਾਸ ਇਲਾਜ਼ ਨਹੀਂ ਹੈ, ਪਰ ਜ਼ਿਆਦਾਤਰ ਲੱਛਣਾਂ ਦੇ ਰੋਕਥਾਮ ਵਾਲੀ ਡਾਕਟਰੀ ਦੇਖਭਾਲ ਕੀਤੀ ਜਾ ਸਕਦੀ ਹੈ। ਐਂਟੀਬਾਇਓਟਿਕਸ ਵਾਇਰਸ ਵਿਰੁੱਧ ਪ੍ਰਭਾਵਸ਼ਾਲੀ ਨਹੀਂ ਹੁੰਦੇ।

ਜੇ ਇਹ ਲੱਛਣ ਹੋਣ ਤਾਂ ਕੀ ਕੀਤਾ ਜਾ ਸਕਦਾ ਹੈ?

ਜੇ ਤੁਸੀਂ ਆਸਟ੍ਰੇਲੀਆ ਪਹੁੰਚਣ ਦੇ 14 ਦਿਨਾਂ ਦੇ ਅੰਦਰ ਜਾਂ ਕਿਸੇ ਪੁਸ਼ਟੀ ਹੋਏ ਕੇਸ ਨਾਲ਼ ਸੰਪਰਕ ਦੇ 14 ਦਿਨਾਂ ਦੇ ਅੰਦਰ-ਅੰਦਰ ਇਸ ਬਿਮਾਰੀ ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਕਰੋਨਾਵਇਰਸ ਇਨਫੋਰਮੇਸ਼ਨ ਹਾਟਲਾਈਨ ਨੂੰ 1800 020 080 ਉੱਤੇ ਫੋਨ ਕਰੋ। ਹਸਪਤਾਲ ਜਾਂ ਸਿਹਤ ਸੰਸਥਾ ਵਿੱਚ ਜਾਣ ਤੋਂ ਪਹਿਲਾਂ ਉਹਨਾਂ ਨੂੰ ਆਪਣੇ ਲੱਛਣਾ ਬਾਰੇ ਜਰੂਰ ਦੱਸੋ।

ਜੇ ਤੁਸੀਂ ਆਪਣੀ ਬਿਮਾਰੀ ਦੇ ਲੱਛਣਾਂ ਬਾਰੇ ਕਿਸੇ ਨਾਲ ਗੱਲ ਕਰਨਾ ਚਾਹੁੰਦੇ ਹੋ ਤਾਂ ਨੈਸ਼ਨਲ ਕਰੋਨਾਵਇਰਸ ਹੈਲਪਲਾਈਨ ਨੂੰ ਫੋਨ ਕਰ ਸਕਦੇ ਹੋ। ਇਹ 1800 020 080 ਵਾਲੀ ਹੋਟਲਾਈਨ 24 ਘੰਟੇ ਸੱਤੋ ਦਿਨ ਕੰਮ ਕਰਦੀ ਹੈ।

ਆਪਣੇ ਨੇੜਲੇ ਜੀਪੀ ਰੈਸਪੀਰੇਟਰੀ ਕਲੀਨਿਕ ਦਾ ਟਿਕਾਣਾ ਪਤਾ ਕਰਨ ਅਤੇ ਰਜਿਸਟਰ ਹੋਣ ਲਈ ਇੱਥੇ ਕਲਿੱਕ ਕਰੋ।

ਜੇ ਤੁਹਾਡੇ ਨੇੜਲੇ ਇਲਾਕੇ ਵਿੱਚ ਅਜਿਹਾ ਕਲੀਨਿਕ ਅਜੇ ਸਥਾਪਤ ਨਹੀਂ ਹੋ ਸਕਿਆ ਹੈ ਤਾਂ ਆਪਣੇ ਰਾਜ ਜਾਂ ਸੂਬੇ ਦੇ ਸਿਹਤ ਵਿਭਾਗ ਦੀ ਵੈੱਬਸਾਈਟ ਤੇ ਜਾ ਕੇ ‘ਫੀਵਰ ਕਲੀਨਿਕਸ’ ਬਾਰੇ ਜਾਣਕਾਰੀ ਹਾਸਲ ਕਰੋ।

ਜੇ ਤੁਸੀਂ ਸਾਹ ਲੈਣ ਜਾਂ ਮੈਡੀਕਲ ਐਮਰਜੈਂਸੀ ਦਾ ਅਨੁਭਵ ਕਰ ਰਹੇ ਹੋ, ਤਾਂ 000 ਨੂੰ ਕਾਲ ਕਰੋ।

ਇਸ ਗੰਭੀਰ ਬਿਮਾਰੀ ਦਾ ਸਭ ਤੋਂ ਵੱਧ ਖ਼ਤਰਾ ਕਿਸ ਨੂੰ ਹੈ?

ਕੁਝ ਲੋਕ ਜਿੰਨ੍ਹਾਂ ਨੂੰ ਵਾਇਰਸ ਦੀ ਲਾਗ ਲੱਗੀ ਹੈ ਕਦੇ ਵੀ ਬਿਮਾਰ ਨਹੀਂ ਹੋਣਗੇ, ਕੁਝ ਵਿੱਚ ਹਲਕੇ ਲੱਛਣ ਮਿਲਣਗੇ ਜਿੰਨ੍ਹਾਂ ਤੋਂ ਉਹ ਅਸਾਨੀ ਨਾਲ ਠੀਕ ਹੋ ਜਾਣਗੇ, ਅਤੇ ਕੁਝ ਹੋਰ ਬਹੁਤ ਜਲਦੀ ਜ਼ਿਆਦਾ ਬਿਮਾਰ ਹੋ ਸਕਦੇ ਹਨ। ਦੂਜੀ ਕਿਸਮ ਦੇ ਕਰੋਨਵਾਇਰਸ ਦੇ ਪਿਛਲੇ ਤਜਰਬੇ ਦੀ ਮੰਨੀਏ ਤਾਂ ਇਸ ਗੰਭੀਰ ਲਾਗ ਦੀ ਬਿਮਾਰੀ ਦਾ ਜ਼ਿਆਦਾਤਰ ਖਤਰਾ ਇਹਨਾਂ ਲੋਕਾਂ ਵਿੱਚ ਹੈ:

 • ਆਦਿਵਾਸੀ ਅਤੇ ਟੋਰਸ ਸਟਰੇਟ ਆਈਲੈਂਡਰ ਲੋਕ, ਜੋ 50 ਸਾਲ ਜਾਂ ਇਸਤੋਂ ਵੱਧ ਉਮਰ ਦੇ ਹੋਣ ਅਤੇ ਇੱਕ ਜਾਂ ਇਸ ਤੋਂ ਵੱਧ ਗੰਭੀਰ ਬਿਮਾਰੀ ਤੋਂ ਪੀੜ੍ਹਤ ਹੋਣ
 • 65 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਉਹ ਲੋਕ ਜੋ ਗੰਭੀਰ ਬਿਮਾਰੀ ਵਰਗੀਆਂ ਸਥਿਤੀਆਂ ਨਾਲ਼ ਜੂਝ ਰਹੇ ਹੋਣ। 'ਪੁਰਾਣੀ ਮੈਡੀਕਲ ਸਥਿਤੀ' ਦੀ ਪਰਿਭਾਸ਼ਾ ਵਿੱਚ ਸ਼ਾਮਿਲ ਸੂਰਤਾਂ ਨੂੰ ਹੋਰ ਜਾਣਕਾਰੀ ਮਿਲਣ 'ਤੇ ਸੁਧਾਰਿਆ ਜਾਵੇਗਾ
 • 70 ਸਾਲ ਜਾਂ ਇਸਤੋਂ ਵੱਧ ਉਮਰ ਦੇ ਲੋਕ
 • ਉਹ ਲੋਕ ਜਿੰਨ੍ਹਾਂ ਦੀ ਰੋਗ ਨਾਲ਼ ਲੜਣ ਦੀ ਅੰਦਰੂਨੀ ਸ਼ਕਤੀ ਘੱਟ ਹੋਵੇ

ਤੁਸੀਂ ਕਰੋਨਾਵਾਇਰਸ ਦੇ ਫੈਲਣ ਨੂੰ ਰੋਕਣ ਵਿੱਚ ਕਿਵੇਂ ਮਦਦ ਕਰ ਸਕਦੇ ਹਾਂ?

ਸਾਫ਼-ਸੁਥਰੇ ਹੱਥਾਂ ਅਤੇ ਛਿੱਕ/ਖੰਘ ਦੌਰਾਨ ਸਾਵਧਾਨੀ ਵਰਤਣ ਦਾ ਅਭਿਆਸ ਕਰਨਾ ਅਤੇ ਜਦੋਂ ਤੁਸੀਂ ਬਿਮਾਰ ਹੁੰਦੇ ਹੋ ਤਾਂ ਦੂਜਿਆਂ ਤੋਂ ਦੂਰੀ ਬਣਾਈ ਰੱਖਣਾ ਜ਼ਿਆਦਾਤਰ ਜੀਵਾਣੂੰਆਂ ਜਾਂ ਕੀਟਾਣੂਆਂ ਤੋਂ ਬਚਾਅ ਦਾ ਵਧੀਆ ਤਰੀਕਾ ਹੈ।

ਤੁਹਾਨੂੰ ਚਾਹੀਦਾ ਹੈ:

 • ਘਰ ਤੋਂ ਓਦੋਂ ਤੱਕ ਬਾਹਰ ਨਾ ਨਿਕਲੋ ਜਦੋਂ ਤੱਕ ਜ਼ਰੂਰੀ ਨਾ ਹੋਵੇ
 • ਘੱਟੋ ਘੱਟ 1.5 ਮੀਟਰ ਦੀ ਸਮਾਜਿਕ  ਦੂਰੀ ਬਣਾਈ ਰੱਖੋ ਅਤੇ 1 ਵਿਅਕਤੀ ਪ੍ਰਤੀ 4 ਵਰਗ ਮੀਟਰ ਦੇ ਨਿਯਮ ਦਾ ਪਾਲਣ ਕਰੋ
 • ਖਾਣ ਤੋਂ ਪਹਿਲਾਂ ਤੇ ਬਾਅਦ ਵਿੱਚ ਅਤੇ ਟਾਇਲਟ ਜਾਣ ਤੋਂ ਬਾਅਦ ਆਪਣੇ ਹੱਥ ਸਾਬਣ ਅਤੇ ਪਾਣੀ ਨਾਲ਼ ਜ਼ਰੂਰ ਧੋਵੋ।
 • ਖੰਘ ਅਤੇ ਛਿੱਕ ਪਿੱਛੋਂ ਫੈਲਾਅ ਨੂੰ ਰੋਕਣ ਲਈ ਨੱਕ-ਮੂੰਹ ਜ਼ਰੂਰ ਢਕੋ, ਵਰਤੇ ਗਏ ਟਿਸ਼ੂਆਂ ਨੂੰ ਸਹੀ ਥਾਂ ਸੁੱਟੋ, ਅਤੇ ਅਲਕੋਹਲ-ਯੁਕਤ ਹੈਂਡ-ਸੈਨੀਟਾਈਜ਼ਰ ਦੀ ਵਰਤੋਂ ਕਰੋ।
 • ਜੇ ਬਿਮਾਰ ਹੋ, ਤਾਂ ਦੂਜਿਆਂ ਨਾਲ ਸੰਪਰਕ ਕਰਨ ਤੋਂ ਪਰਹੇਜ਼ ਕਰੋ (ਲੋਕਾਂ ਤੋਂ ਘੱਟੋ-ਘੱਟ 1.5 ਮੀਟਰ ਤੋਂ ਵੱਧ ਦੂਰੀ ਉੱਤੇ ਰਹੋ)।
 • ਸਮਾਜਿਕ ਪੱਧਰ 'ਤੇ ਦੂਰੀ ਬਣਾਕੇ ਰੱਖਣ ਲਈ ਨਿੱਜੀ ਜ਼ਿੰਮੇਵਾਰੀ ਉੱਤੇ ਧਿਆਨ ਦੇਵੋ ਅਤੇ ਵੱਧ ਤੋਂ ਵੱਧ ਸਮਾਂ ਘਰ ਰਹੋ।

ਯਾਤਰਾ ਸਬੰਧੀ ਨਿਯਮ

ਜਨਤਕ ਆਵਾਜਾਈ ਰਾਸ਼ਟਰੀ ਸਿਧਾਂਤ

ਜਨਤਕ ਆਵਾਜਾਈ ਸੇਵਾਵਾਂ, ਰਾਜਾਂ ਅਤੇ ਪ੍ਰਦੇਸ਼ਾਂ ਦੀ ਜ਼ਿੰਮੇਵਾਰੀ ਹੁੰਦੀਆਂ ਹਨ ਅਤੇ ਰਾਸ਼ਟਰੀ ਕੈਬਨਿਟ ਜਨਤਕ ਟ੍ਰਾਂਸਪੋਰਟ ਨੈਟਵਰਕ, ਕਰਮਚਾਰੀਆਂ ਅਤੇ ਯਾਤਰੀਆਂ ਦੀ ਸਿਹਤ ਅਤੇ ਸੁਰੱਖਿਆ ਦੇ ਪ੍ਰਬੰਧ ਵਿੱਚ ਸਹਾਇਤਾ ਕਰਨ ਲਈ ਕਈ ਸਿਧਾਂਤਾਂ ਦੀ ਹਮਾਇਤ ਕਰਦੀ ਹੈ, ਇਸ ਵਿੱਚ ਸ਼ਾਮਿਲ ਹੈ : ਬਿਮਾਰੀ ਹੋਣ ਵੇਲੇ ਸਫ਼ਰ ਨਾ ਕਰਨਾ, ਡਰਾਈਵਰਾਂ ਅਤੇ ਹੋਰ ਯਾਤਰੀਆਂ ਤੋਂ ਸਰੀਰਕ ਦੂਰੀ, ਅਤੇ ਨਕਦੀ ਦੇ ਇਸਤੇਮਾਲ ਤੋਂ ਪ੍ਰਹੇਜ਼ ਕਰਨਾ। ਜਨਤਕ ਟ੍ਰਾਂਸਪੋਰਟ ਉਪਭੋਗਤਾਵਾਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਪਰ ਸਵੈਇੱਛੁਕ ਅਧਾਰ 'ਤੇ ਉਹ ਅਜਿਹਾ ਕਰ ਸਕਦੇ ਹਨ। ਕੋਵਿਡ-19 ਪਬਲਿਕ ਟ੍ਰਾਂਸਪੋਰਟ ਓਪਰੇਸ਼ਨਾਂ ਦੇ ਸਿਧਾਂਤ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕ੍ਲਿਕ ਕਰੋ https://www.infrastructure.gov.au/transport/files/COVID19_public_transport_principles_29052020.pdf

ਅੰਤਰਰਾਸ਼ਟਰੀ ਯਾਤਰੀ

ਘੱਟੋ-ਘੱਟ 24 ਅਕਤੂਬਰ 2020 ਤੱਕ ਅੰਤਰਰਾਸ਼ਟਰੀ ਯਾਤਰੀਆਂ ਦੀ ਆਮਦ ਉੱਤੇ ਹੱਦਬੰਦੀ ਲਾਗੂ ਹੈ:
ਮੈਲਬੌਰਨ - ਕੋਈ ਅੰਤਰਰਾਸ਼ਟਰੀ ਯਾਤਰੀ ਨਹੀਂ ;
ਸਿਡਨੀ - ਪ੍ਰਤੀ ਦਿਨ 350 ਯਾਤਰੀਆਂ ਦੀ ਆਮਦ ਦੀ ਸੀਮਾ;
ਪਰਥ - ਹਰ ਹਫਤੇ 525 ਯਾਤਰੀਆਂ ਦੀ ਆਮਦ ਦੀ ਸੀਮਾ;
ਬ੍ਰਿਸਬੇਨ - ਹਰ ਹਫਤੇ 500 ਯਾਤਰੀਆਂ ਦੀ ਆਮਦ ਦੀ ਸੀਮਾ;
ਐਡੀਲੇਡ - ਹਰ ਹਫਤੇ 500 ਯਾਤਰੀਆਂ ਦੀ ਆਮਦ ਦੀ ਸੀਮਾ;
ਕੈਨਬਰਾ, ਡਾਰਵਿਨ - ਹਰ ਇਕ ਫਲਾਈਟ ਦੀ ਯਾਤਰੀ ਸੀਮਾ ਕੇਸ ਡਰ ਕੇਸ ਦੇ ਅਧਾਰ ਉੱਤੇ ਅਤੇ ਅਧਿਕਾਰ ਖੇਤਰਾਂ ਨਾਲ ਵਿਚਾਰ ਵਟਾਂਦਰੇ ਲਈ;
ਹੋਬਾਰਟ - ਕੋਈ ਅੰਤਰਰਾਸ਼ਟਰੀ ਉਡਾਣਾਂ ਨਹੀਂ।

ਤਾਜ਼ਾ ਅਪਡੇਟ

• ਨਿਊ ਸਾਊਥ ਵੇਲਜ਼ 27 ਸਤੰਬਰ 2020 ਤਕ ਪ੍ਰਤੀ ਹਫਤੇ ਵਿੱਚ 500 ਵਾਧੂ ਲੋਕ ਲਵੇਗਾ

• ਕੁਈਨਜ਼ਲੈਂਡ ਅਤੇ ਪੱਛਮੀ ਆਸਟਰੇਲੀਆ 27 ਸਤੰਬਰ ਤੋਂ ਹਰ ਹਫਤੇ 200 ਵਾਧੂ ਯਾਤਰੀ ਲੈਣਗੇ

• ਕੁਈਨਜ਼ਲੈਂਡ (4 ਅਕਤੂਬਰ) ਅਤੇ ਪੱਛਮੀ ਆਸਟਰੇਲੀਆ (11 ਅਕਤੂਬਰ) ਤੋਂ 300 ਹੋਰ ਯਾਤਰੀ ਲਵੇਗਾ (500 ਹਫਤਾਵਾਰੀ ਵਾਧੇ ਤੱਕ ਪਹੁੰਚਣ ਲਈ)

ਆਸਟ੍ਰੇਲੀਆ ਆਉਣ ਵਾਲੇ ਸਾਰੇ ਵਿਅਕਤੀਆਂ ਲਈ ਬੇਸ਼ਕ ਉਹ ਕਿਸੇ ਵੀ ਦੇਸ਼ ਜਾਂ ਕੌਮੀਅਤ ਤੋਂ ਹੀ ਕਿਉਂ ਨਾ ਹੋਣ, ਆਪਣੇ ਘਰਾਂ ਨੂੰ ਜਾਣ ਤੋਂ ਪਹਿਲਾਂ 14 ਦਿਨਾਂ ਦੀ ਇਕੱਲਤਾ ਨਿਰਧਾਰਤ ਸਥਾਨਾ ਉੱਤੇ ਬਿਤਾਉਣੀ ਲਾਜ਼ਮੀ ਹੋਵੇਗੀ। ਸਾਰੇ ਯਾਤਰੀਆਂ ਦਾ ਕੁਆਰਨਟੀਨ ਹੋਣ ਵੇਲ਼ੇ ਅਤੇ ਫਿਰ ਘਰ ਜਾਣ ਤੋਂ ਪਹਿਲਾਂ ਕਰੋਨਵਾਇਰਸ ਲਈ ਟੈਸਟ ਕੀਤਾ ਜਾਵੇਗਾ।

ਤੁਹਾਨੂੰ ਕੁਆਰੰਟੀਨ ਵੇਲੇ ਆਏ ਖਰਚ ਵਿੱਚ ਹਿੱਸਾ ਪਾਉਣਾ ਪੈ ਸਕਦਾ ਹੈ। ਇਹ ਨਿਯਮ ਰਾਜ ਅਤੇ ਪ੍ਰਦੇਸ਼ ਸਰਕਾਰਾਂ ਪ੍ਰਬੰਧਿਤ ਅਤੇ ਲਾਗੂ ਕੀਤੇ ਜਾਂਦੇ ਹਨ।

ਟਰਾਂਜ਼ਿਟ

ਯਾਤਰਾ ਸਬੰਧੀ ਨਿਯਮ ਸਮੇਂ-ਸਮੇਂ 'ਤੇ ਬਦਲਦੇ ਰਹਿੰਦੇ ਹਨ। ਇਸ ਲਈ ਵਾਪਸੀ ਦੀ ਤਿਆਰੀ ਕਰਨ ਸਮੇਂ:

 • ਆਪਣੇ ਯਾਤਰਾ ਵਾਲੇ ਰਸਤੇ ਅਤੇ ਟਰੈਵਲ ਏਜੰਟ ਜਾਂ ਏਅਰਲਾਈਨ ਨਾਲ ਲਗਾਤਾਰ ਜੁੜੇ ਰਹੋ।
 • ਪੜਾਅ ਵਾਲੇ ਦੇਸ਼, ਹਵਾਈ ਅੱਡਿਆਂ ਅਤੇ ਅਧਿਕਾਰੀਆਂ ਵਲੋਂ ਕੀਤੇ ਐਲਾਨਾਂ ਬਾਰੇ ਜਾਗਰੂਕ ਰਹੋ।
 • ਪੜਾਅ ਵਾਲੇ ਦੇਸ਼ ਵਿੱਚ ਸਥਾਪਤ ਦੂਤਘਰਾਂ ਤੋਂ ਕਿਸੇ ਵੀ ਕਿਸਮ ਦੀ ਜਾਣਕਾਰੀ ਲੈਣ ਲਈ ਸੰਪਰਕ ਕਰ ਸਕਦੇ ਹੋ।

ਜਿਆਦਾ ਜਾਣਕਾਰੀ ਲਈ ਕਲਿੱਕ www.smartraveller.gov.au ਕਰੋ।

ਸਵੈ-ਇੱਛੁਕ ਇਕਲੱਤਾ ਧਾਰਨ ਕਰਨਾ ਕਿਸ ਲਈ ਜ਼ਰੂਰੀ ਹੈ?

1) ਉਹ ਸਾਰੇ ਲੋਕ ਜੋ ਆਸਟ੍ਰੇਲੀਆ ਆ ਰਹੇ ਹਨ, ਜਾਂ ਸੋਚਦੇ ਹਨ ਕਿ ਉਹ ਕੋਵਿਦ-19 ਦੇ ਕਿਸੇ ਪੁਸ਼ਟੀ ਹੋਏ ਕੇਸ ਨਾਲ ਨੇੜਲੇ ਸੰਪਰਕ ਵਿੱਚ ਰਹੇ ਹਨ, ਨੂੰ 14 ਦਿਨਾਂ ਲਈ ਸਵੈ-ਇੱਛੁਕ ਤੌਰ ਉੱਤੇ ਅਲੱਗ-ਥਲੱਗ ਰਹਿਣ ਦੀ ਲੋੜ ਹੈ।

2) ਆਸਟ੍ਰੇਲੀਆ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਨਿਰਧਾਰਤ ਸਹੂਲਤਾਂ (ਉਦਾਹਰਣ ਵਜੋਂ, ਇੱਕ ਹੋਟਲ) ਵਿੱਚ 14 ਦਿਨਾਂ ਦਾ ਸਵੈ-ਇਕੱਲਤਾ ਸਮਾਂ ਲਾਜ਼ਮੀ ਤੌਰ 'ਤੇ ਬਿਤਾਉਣ ਦੀ ਲੋੜ ਹੋਵੇਗੀ। ਯਾਤਰੀਆਂ ਨੂੰ ਇਮੀਗ੍ਰੇਸ਼ਨ ਨਿਯਮਾਂ ਅਤੇ ਵਧੀਆਂ ਸਿਹਤ ਜਾਂਚ ਤੋਂ ਬਾਅਦ ਨਿਰਧਾਰਤ ਸਹੂਲਤਾਂ 'ਤੇ ਸਿੱਧਾ ਲਿਜਾਇਆ ਜਾਵੇਗਾ। 

3) ਜੇ ਤੁਹਾਨੂੰ ਆਪਣੇ ਵਿੱਚ ਕੋਵਿਡ -19 ਹੋਣ ਦਾ ਪਤਾ ਲੱਗ ਗਿਆ ਹੈ, ਤਾਂ ਤੁਹਾਨੂੰ ਘਰ ਰਹਿਣਾ ਲਾਜ਼ਮੀ ਹੈ:

 • ਜਨਤਕ ਥਾਵਾਂ ਜਿਵੇਂ ਕੰਮ, ਸਕੂਲ, ਖਰੀਦਦਾਰੀ ਕੇਂਦਰ, ਚਾਈਲਡ ਕੇਅਰ ਜਾਂ ਯੂਨੀਵਰਸਿਟੀ ਵਿੱਚ ਨਾ ਜਾਓ
 • ਕਿਸੇ ਨੂੰ ਭੋਜਨ ਅਤੇ ਹੋਰ ਲੋੜੀਂਦੀਆਂ ਚੀਜ਼ਾਂ ਲੈਣ ਲਈ ਕਹੋ ਅਤੇ ਆਪਣੇ ਸਾਹਮਣੇ ਦਰਵਾਜ਼ੇ 'ਤੇ ਛੱਡਣ ਲਈ ਆਖੋ
 • ਕਿਸੇ ਨੂੰ ਘਰ ਅੰਦਰ ਨਾ ਆਉਣ ਦਿਓ - ਸਿਰਫ ਉਹ ਲੋਕ ਜੋ ਆਮ ਤੌਰ 'ਤੇ ਤੁਹਾਡੇ ਨਾਲ ਰਹਿੰਦੇ ਹਨ ਤੁਹਾਡੇ ਘਰ ਵਿੱਚ ਹੋਣੇ ਚਾਹੀਦੇ ਹਨ।

ਸਮਾਜਿਕ ਪੱਧਰ ਉੱਤੇ ਲਾਗੂ ਸਰੀਰਕ ਦੂਰੀਆਂ

ਸਮਾਜਿਕ ਦੂਰੀਆਂ ਅਜਿਹੇ ਉਪਰਾਲੇ ਹਨ ਜਿਨਾਂ ਨਾਲ਼ ਕੋਵਿਡ-19 ਵਰਗੇ ਵਾਇਰਸਾਂ ਦੇ ਫੈਲਣ ਦੀ ਰਫਤਾਰ ਨੂੰ ਹੌਲੀ ਕੀਤਾ ਜਾ ਸਕਦਾ ਹੈ। ਤੁਹਾਡੇ ਅਤੇ ਦੂਜਿਆਂ ਵਿਚਾਲੇ ਦੂਰੀ ਜਿੰਨੀ ਜਿਆਦਾ ਹੋਵੇਗੀ, ਵਾਇਰਸ ਦੇ ਫੈਲਣ ਦਾ ਖਤਰਾ ਵੀ ਓਨਾ ਹੀ ਘੱਟ ਹੋਵੇਗਾ।

ਇਹਨਾਂ ਉਪਰਾਲਿਆਂ ਵਿੱਚ ਦੂਸ਼ਿਤ ਚੀਜ਼ਾਂ ਜਾਂ ਸਤਹਾਂ (ਜਿਵੇਂ ਕਿ ਦਰਵਾਜਿਆਂ ਦੇ ਹੈਂਡਲ ਜਾਂ ਮੇਜ਼ ਆਦਿ) ਨੂੰ ਛੂਹਣ ਤੋਂ ਪਰਹੇਜ਼ ਕਰਨਾ, ਜਾਂ ਕੋਵਿਡ-19 ਤੋਂ ਸੰਕਰਮਿਤ ਹੋਏ ਵਿਅਕਤੀ ਦੀ ਖੰਘ ਜਾਂ ਛਿੱਕ ਤੋਂ ਦੂਰ ਰਹਿਣਾ ਆਦਿ ਵੀ ਸ਼ਾਮਲ ਹੈ।

ਘਰਾਂ ਵਿੱਚ ਹੀ ਰਹਿਣਾ

ਰਾਸ਼ਟਰੀ ਕੈਬਿਨਟ ਦੀ ਸਾਰੇ ਆਸਟ੍ਰੇਲੀਅਨ ਲੋਕਾਂ ਨੂੰ ਹਿਦਾਇਤ ਹੈ ਕਿ ਉਹ ਕੁਝ ਖਾਸ ਸੂਰਤਾਂ ਵਿੱਚ ਹੀ ਘਰ ਵਿੱਚੋਂ ਨਿੱਕਲਣ:

 • ਖਾਣਾ ਅਤੇ ਹੋਰ ਜਰੂਰੀ ਵਸਤਾਂ ਦੀ ਖਰੀਦਦਾਰੀ ਕਰਨੀ ਹੋਵੇ।
 • ਡਾਕਟਰੀ ਜਾਂ ਸਿਹਤ ਦੇਖਭਾਲ ਅਤੇ ਸਮਾਜਕ ਹਮਦਰਦੀ ਵਰਗੀਆਂ ਸੇਵਾਵਾਂ ਲੈਣੀਆਂ ਹੋਣ।
 • ਜਨਤਕ ਇਕੱਠਾਂ ਵਾਲੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਕਸਰਤ ਕਰਨੀ ਹੋਵੇ।
 • ਕੰਮ ਜਾਂ ਪੜਾਈ ਕਰਨ ਵਾਸਤੇ, ਜੇਕਰ ਇਹ ਤੁਸੀਂ ਰਿਮੋਟਲੀ ਨਾ ਕਰ ਸਕਦੇ ਹੋਵੋ। 

ਕੀ ਬਿਰਧ-ਦੇਖਭਾਲ ਕੇਂਦਰ ਵਿੱਚ ਪਰਿਵਾਰ ਅਤੇ ਦੋਸਤਾਂ ਨੂੰ ਮਿਲਿਆ ਜਾ ਸਕਦਾ ਹੈ?

ਆਸਟ੍ਰੇਲੀਆ ਭਰ ਵਿੱਚ ਆਮ ਨਿਯਮ ਇਹ ਹੈ ਕਿ ਏਜਡ ਕੇਅਰ ਅਦਾਰਿਆਂ ਵਿੱਚ ਉਸ ਸਮੇਂ ਨਾ ਜਾਓ ਜਦੋਂ ਤੁਹਾਨੂੰ:

 • ਜੇ ਪਿਛਲੇ 14 ਦਿਨਾਂ ਦੌਰਾਨ ਵਿਦੇਸ਼ ਤੋਂ ਆਏ ਹੋ
 • ਜੇ ਪਿਛਲੇ 14 ਦਿਨਾਂ ਵਿੱਚ ਕੋਵਿਡ-19 ਦੇ ਪੁਸ਼ਟੀ ਹੋਏ ਕੇਸ ਦੇ ਸੰਪਰਕ ਵਿੱਚ ਰਹੇ ਹੋਵੋ
 • ਬੁਖਾਰ ਜਾਂ ਸਾਹ ਦੀ ਬਿਮਾਰੀ ਦੇ ਲਾਗ ਦੇ ਲੱਛਣ (ਜਿਵੇਂ ਕਿ ਖੰਘ, ਗਲੇ ਵਿਚ ਖਰਾਸ਼, ਸਾਹ ਚੜ੍ਹਣਾ)

ਬਿਰਧ-ਦੇਖਭਾਲ ਕੇਂਦਰ ਦਾ ਦੌਰਾ ਕਰਨ ਲਈ ਤੁਹਾਨੂੰ ਆਪਣਾ ਇਨਫਲੂਐਂਜ਼ਾ ਟੀਕਾਕਰਣ ਕਰਾਉਣਾ ਲਾਜ਼ਮੀ ਹੈ। 

ਬੇਸ਼ਕ ਰਾਜਾਂ ਅਤੇ ਪ੍ਰਦੇਸ਼ਾਂ ਦੇ ਆਪਣੇ ਨਿਯਮ ਅਤੇ ਅਧਿਕਾਰ ਖੇਤਰ ਹੁੰਦੇ ਹਨ ਪਰ ਉਹ ਨੈਸ਼ਨਲ ਕਮੇਟੀ ਦੀਆਂ ਸਿਫਾਰਸ਼ਾਂ ਦੇ ਉਲਟ ਨਹੀਂ ਜਾ ਸਕਦੇ।

ਕੀ ਮੈਨੂੰ ਸਰਜੀਕਲ-ਮਾਸਕ ਪਾਉਣਾ ਚਾਹੀਦਾ ਹੈ?

ਆਸਟ੍ਰੇਲੀਆ ਵਿੱਚ ਕੋਵਿਡ -19 ਦੀ ਭਾਈਚਾਰੇ ਵਿਚਲੀ ਲਾਗ ਦੇ ਹਾਲ ਹੀ ਵਿਚ ਹੋਏ ਵਾਧੇ ਕਾਰਨ ਕੁਝ ਰਾਜ ਅਤੇ ਪ੍ਰਦੇਸ਼ ਹੁਣ ਮਾਸਕ ਦੀ ਵਰਤੋਂ ਦੀ ਸਿਫਾਰਸ਼ ਕਰਦੇ ਹਨ ਜਾਂ ਉਹਨਾਂ ਦੀ ਜ਼ਰੂਰਤ ਮਹਿਸੂਸ ਕਰਦੇ ਹਨ।

ਵਿਕਟੋਰੀਆ ਵਿੱਚ ਹੁਣ ਕਰੋਨਵਾਇਰਸ ਦੀ ਕਮਿਊਨਿਟੀ ਵਿਚਲੀ ਲਾਗ ਦੀ ਉੱਚੀ ਦਰ ਹੋਣ ਕਾਰਨ ਜਾਂ ਤਾਂ ਫੇਸ ਮਾਸਕ ਦੀ ਜ਼ਰੂਰਤ ਜਾਂ ਸਿਫਾਰਸ਼ (ਇਸ ਗੱਲ ਉੱਤੇ ਨਿਰਭਰ ਕਿ ਵਿਕਟੋਰੀਆ ਵਿੱਚ ਤੁਸੀਂ ਕਿਥੇ ਰਹਿੰਦੇ ਹੋ) ਕੀਤੀ ਜਾਂਦੀ ਹੈ।

ਨਿਊ ਸਾਉਥ ਵੇਲਜ਼ ਦੇ ਲੋਕਾਂ ਨੂੰ ਫੇਸ ਮਾਸਕ ਪਹਿਨਣ 'ਤੇ ਵਿਚਾਰ ਕਰਨ ਲਈ ਕਿਹਾ ਗਿਆ ਹੈ, ਖਾਸ ਕਰ ਜੇ ਉਹ 'ਹਾਟ ਸਪਾਟਸ' ਵਿੱਚ ਰਹਿੰਦੇ ਹਨ ਜਾਂ ਕੰਮ ਕਰਦੇ ਹਨ ਅਤੇ ਜਿੱਥੇ ਸਰੀਰਕ ਦੂਰੀ ਸੰਭਵ ਨਹੀਂ ਹੈ।

ਭਾਵੇਂ ਮਾਸਕ ਨੂੰ ਇੱਕ ਵਾਧੂ ਸਾਵਧਾਨੀ ਦੇ ਤੌਰ 'ਤੇ ਵਰਤਿਆ ਜਾ ਸਕਦਾ ਹੈ, ਤੁਹਾਨੂੰ ਇਸ ਦੀ ਵਰਤੋਂ ਜਾਰੀ ਰੱਖਣੀ ਚਾਹੀਦੀ ਹੈ:

 • ਜੇ ਬਿਮਾਰ ਹੋ ਤਾਂ ਘਰ ਰਹੋ
 • ਜਦੋਂ ਬਾਹਰ ਹੋਵੇ, ਦੂਜੇ ਲੋਕਾਂ ਤੋਂ ਸਰੀਰਕ ਦੂਰੀ (1.5 ਮੀਟਰ ਤੋਂ ਵੱਧ) ਬਣਾਈ ਰੱਖੋ
 • ਵੱਡੇ ਇਕੱਠਾਂ ਅਤੇ ਭੀੜ-ਭੜੱਕੇ ਵਾਲੀਆਂ ਇਨਡੋਰ ਥਾਵਾਂ ਤੋਂ ਪ੍ਰਹੇਜ ਕਰਨਾ
 • ਹੱਥ ਅਤੇ ਸਾਹ ਲੈਣ ਦੇ ਸਹੀ ਢੰਗ ਦਾ ਅਭਿਆਸ ਕਰੋ

ਜੇ ਤੁਹਾਡੇ ਰਾਜ ਜਾਂ ਪ੍ਰਦੇਸ਼ ਵਿਚ ਹਾਲਾਤ ਬਦਲਦੇ ਹਨ ਤਾਂ ਮਾਸਕ ਬਾਰੇ ਸਲਾਹ ਬਦਲਣੀ ਪੈ ਸਕਦੀ ਹੈ। ਆਪਣੇ ਸਥਾਨਕ ਖੇਤਰ ਵਿੱਚ ਸਲਾਹ ਦੇ ਨਾਲ ਜਾਣੂ ਰਹਿਣਾ ਮਹੱਤਵਪੂਰਨ ਹੈ। ਤੁਹਾਡਾ ਰਾਜ ਜਾਂ ਪ੍ਰਦੇਸ਼ ਸਰਕਾਰ ਇਹ ਜਾਣਕਾਰੀ ਪ੍ਰਦਾਨ ਕਰੇਗੀ।

ਆਸਟ੍ਰੇਲੀਆ ਦੇ ਘਰੇਲੂ ਅਤੇ ਵਿਦੇਸ਼ ਯਾਤਰਾ ਨਿਯਮ

ਆਸਟ੍ਰੇਲੀਅਨ ਲੋਕਾਂ ਨੂੰ ਆਪਣੀਆਂ ਗ਼ੈਰ-ਜ਼ਰੂਰੀ ਘਰੇਲੂ ਯਾਤਰਾ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ।

ਲਾਜ਼ਮੀ ਡਾਟਾ ਇਕੱਠਾ ਕਰਨਾ

1 ਅਕਤੂਬਰ 2020 ਤੋਂ, ਰਾਜਾਂ ਅਤੇ ਪ੍ਰਦੇਸ਼ਾਂ ਦੀ ਸਹਾਇਤਾ ਕਰਨ ਲਈ ਘਰੇਲੂ ਉਡਾਣਾਂ 'ਤੇ ਲਾਜ਼ਮੀ ਡਾਟਾ ਇਕੱਤਰ ਕੀਤਾ ਜਾਇਗਾ ਜੋ ਸੰਪਰਕ ਟਰੇਸਿੰਗ ਵਿੱਚ ਮਦਦ ਕਰੇਗਾ: ਨਾਮ, ਈਮੇਲ ਪਤਾ, ਮੋਬਾਈਲ ਸੰਪਰਕ ਨੰਬਰ ਅਤੇ ਨਿਵਾਸ ਦੀ ਸਥਿਤੀ।

ਬੋਰਡਿੰਗ ਸਕੂਲ

ਦੇਸ਼ ਭਰ ਦੇ ਬੋਰਡਿੰਗ ਸਕੂਲਾਂ ਵਿੱਚ ਬੱਚਿਆਂ ਨੂੰ ਸਤੰਬਰ - ਅਕਤੂਬਰ 2020 ਦੀਆਂ ਸਕੂਲ ਦੀਆਂ ਛੁੱਟੀਆਂ ਹਨ, ਖਾਸ ਕਰਕੇ ਜਿਹੜੇ ਬੋਰਡਿੰਗ ਸਕੂਲੋਂ ਬਾਹਰ ਆਉਂਦੇ ਹਨ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਜਾਂਦੇ ਹਨ, ਨੂੰ ਘਰ ਜਾਣ ਦੀ। 

ਰਾਜ ਅਤੇ ਪ੍ਰਦੇਸ਼ ਆਪਣੀਆਂ ਸਰਹੱਦਾਂ ਨੂੰ ਬੰਦ ਕਰਨ ਸਮੇਤ ਕੁਝ ਹੋਰ ਪਾਬੰਦੀਆਂ ਵੀ ਲਾਗੂ ਕਰ ਸਕਦੇ ਹਨ।

ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਏ ਸੀ ਟੀ ਨੇ ਆਪਣੀਆਂ ਸਰਹੱਦਾਂ ਬੰਦ ਨਹੀਂ ਕੀਤੀਆਂ ਹਨ।

25 ਮਾਰਚ 2020 ਨੂੰ ਰਾਤ 9 ਵਜੇ ਤੋਂ, ਸਿਰਫ ਆਸਟ੍ਰੇਲੀਅਨ ਨਾਗਰਿਕ, ਵਸਨੀਕ ਅਤੇ ਪਰਿਵਾਰ ਦੇ ਨਜ਼ਦੀਕੀ ਮੈਂਬਰ ਹੀ ਆਸਟ੍ਰੇਲੀਆ ਦੀ ਯਾਤਰਾ ਕਰ ਸਕਦੇ ਹਨ।

ਆਸਟ੍ਰੇਲੀਆ ਆਉਣ ਵਾਲੇ ਸਾਰੇ ਯਾਤਰੀਆਂ ਨੂੰ ਘਰ ਵਿੱਚ ਜਾਂ ਇੱਕ ਹੋਟਲ ਵਿੱਚ 14 ਦਿਨਾਂ ਲਈ ਆਪਣੇ-ਆਪ ਨੂੰ ਅਲੱਗ ਰੱਖਣਾ ਪੈਂਦਾ ਹੈ।

ਜੇ ਇਹ ਲੋਕ 14 ਦਿਨਾਂ ਲਈ ਅਲੱਗ-ਥਲੱਗ ਰਹਿਣ ਦੇ ਨਿਯਮ ਦੀ ਪਾਲਣਾ ਨਹੀਂ ਕਰਦੇ, ਤਾਂ ਉਹਨਾਂ ਨੂੰ ਭਾਰੀ ਜ਼ੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੋ ਹੁਣ ਹਰੇਕ ਰਾਜ ਜਾਂ ਪ੍ਰਦੇਸ਼ ਵਿੱਚ ਲਾਗੂ ਹਨ.

ਵਧੇਰੇ ਜਾਣਕਾਰੀ ਲਈ www.smartraveller.gov.au 'ਤੇ ਜਾਓ। 

ਆਸਟ੍ਰੇਲੀਅਨ ਸਰਕਾਰ ਕੀ ਉਪਰਾਲੇ ਕਰ ਰਹੀ ਹੈ?

ਪ੍ਰਧਾਨਮੰਤਰੀ ਨੇ ਕਰੋਨਾਵਾਇਰਸ (ਕੋਵਿਡ -19) ਲਈ ਐਮਰਜੈਂਸੀ ਪ੍ਰਤਿਕਿਰਿਆ ਯੋਜਨਾ ਲਾਗੂ ਕਰ ਦਿੱਤੀ ਹੈ। 

ਸਿਹਤ ਸੇਵਾਵਾਂ, ਖ਼ਾਸਕਰ ਮਾਨਸਿਕ ਸਿਹਤ ਦੇ ਜ਼ਰੀਏ ਵਧੇਰੇ ਆਸਟ੍ਰੇਲੀਅਨ ਲੋਕਾਂ ਤੱਕ ਪਹੁੰਚਣ ਲਈ ਛੇ ਮਹੀਨਿਆਂ ਲਈ ਟੈਲੀਹੈਲਥ ਸੇਵਾਵਾਂ ਵਧਾਉਣ ਲਈ ਅਕਤੂਬਰ 2020 ਤੋਂ ਮਾਰਚ 2021 ਤੱਕ 2 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾ ਰਿਹਾ ਹੈ ।

ਊਰਜਾ, ਪਾਣੀ ਅਤੇ ਹੋਰ ਦਰਾਂ ਲਈ ਆਰਥਿਕ ਤੰਗੀ ਦੇ ਪ੍ਰਬੰਧ

ਵਿੱਤੀ ਤਣਾਅ ਦੇ ਚਲਦਿਆਂ ਘਰਾਂ ਅਤੇ ਛੋਟੇ ਕਾਰੋਬਾਰਾਂ ਨੂੰ ਲਚਕੀਲੇ ਭੁਗਤਾਨ ਵਿਕਲਪ ਪੇਸ਼ ਕੀਤੇ ਜਾ ਰਹੇ ਹਨ:

 • ਆਰਥਿਕ ਤੰਗੀ ਵਾਲੇ ਲੋਕਾਂ ਲਈ ਸਪਲਾਈ/ਸੇਵਾਵਾਂ ਨੂੰ ਸੀਮਤ ਨਾ ਕਰਨਾ ਜਾਂ ਕੰਨੈਕਸ਼ਨ ਨਾ ਕੱਟਣਾ
 • ਕਰਜ਼ੇ ਦੀ ਮੁੜ ਵਸੂਲੀ ਦੀ ਪ੍ਰਕਿਰਿਆ ਅਤੇ ਕ੍ਰੈਡਿਟ ਡਿਫਾਲਟ ਸੂਚੀ ਨੂੰ ਨਿਰਧਾਰਤ ਕਰਨਾ;
 • ਕਰਜ਼ੇ 'ਤੇ ਦੇਰੀ-ਫੀਸਾਂ ਅਤੇ ਵਿਆਜ ਦੇ ਖਰਚਿਆਂ ਨੂੰ ਮੁਆਫ ਕਰਨਾ; ਅਤੇ
 • ਜ਼ਰੂਰੀ ਕੰਮਕਾਜ ਦੀਆਂ ਥਾਵਾਂ ਲਈ ਯੋਗ ਪ੍ਰਬੰਧ
 • ਜਿਹੜੇ ਆਪਣੇ ਬਿੱਲਾਂ ਦਾ ਭੁਗਤਾਨ ਜਾਰੀ ਰੱਖ ਸਕਦੇ ਹਨ ਉਨ੍ਹਾਂ ਨੂੰ ਅਜਿਹਾ ਕਰਦੇ ਰਹਿਣ ਦੀ ਜ਼ਰੂਰਤ ਹੈ - ਇਹ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲਿਆਂ ਦੀ ਚੱਲ ਰਹੀ ਵਿਵਹਾਰਕਤਾ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਣ ਹੈ

ਕੁਝ ਵੀਜ਼ਾ ਧਾਰਕਾਂ ਲਈ ਲਚਕੀਲੇ ਨਿਯਮਾਂ ਦਾ ਐਲਾਨ

ਬੈਕਪੈਕਰ ਵੀਜ਼ਾਧਾਰਕਾਂ ਨੂੰ ਆਪਣੇ ਇੱਕੋ ਰੁਜ਼ਗਾਰਦਾਤਾ ਨਾਲ਼ ਕੰਮ ਕਰਨ ਦੀ ਸੀਮਾ ਤੋਂ ਛੋਟ ਦਿੱਤੀ ਗਈ ਹੈ; ਜੇ ਉਹ ਕਿਸੇ ਮਹੱਤਵਪੂਰਨ ਉਦਯੋਗ ਜਿਵੇਂ ਕਿ ਸਿਹਤ, ਬੁਢਾਪਾ ਜਾਂ ਅਪੰਗ ਦੇਖਭਾਲ਼, ਬੱਚਿਆਂ ਦੀ ਦੇਖਭਾਲ਼, ਖੇਤੀਬਾੜੀ ਅਤੇ ਭੋਜਨ ਸਨਅਤ ਵਿੱਚ ਕੰਮ ਕਰਦੇ ਹੋਣ, ਅਤੇ ਉਹਨਾਂ ਦਾ ਮੌਜੂਦਾ ਵੀਜ਼ਾ ਅਗਲੇ ਛੇ ਮਹੀਨੇ ਦੌਰਾਨ ਖਤਮ ਹੋ ਰਿਹਾ ਹੈ, ਤਾਂ ਉਹ ਵੀਜ਼ਾ ਵਧਾਉਣ ਦੇ ਯੋਗ ਹੋਣਗੇ।

ਸੀਜ਼ਨਲ ਵਰਕਰ ਪ੍ਰੋਗਰਾਮ ਅਤੇ ਪਸਿਫਿਕ ਲੇਬਰ ਸਕੀਮ ਵਾਲ਼ੇ ਕਾਮੇ ਆਪਣਾ ਵੀਜ਼ਾ ਇੱਕ ਸਾਲ ਤੱਕ ਵਧਾ ਸਕਦੇ ਹਨ।

ਟੈਮਪਰਰੀ ਸਕਿਲਡ ਵੀਜ਼ਾ ਹੋਲ੍ਡਰ: ਅਸਥਾਈ ਹੁਨਰਮੰਦ ਵੀਜ਼ਾ ਧਾਰਕ, ਜਿਵੇਂ ਕਿ ਸਬਕਲਾਸ 457 ਅਤੇ 482, ਜੇ ਉਨ੍ਹਾਂ ਦੀ ਨੌਕਰੀ ਚਲੀ ਗਈ ਹੈ ਤਾਂ ਉਨ੍ਹਾਂ ਕੋਲ ਇੱਕ ਹੋਰ ਸਪਾਂਸਰ ਲੱਭਣ ਲਈ ਜਾਂ ਆਸਟ੍ਰੇਲੀਆ ਤੋਂ ਜਾਣ ਲਈ 60 ਦਿਨ ਹਨ।

ਜੇ ਉਨ੍ਹਾਂ ਦੇ ਕੰਮ ਨੂੰ ਆਰਜ਼ੀ ਤੌਰ ਉੱਤੇ ਰੋਕ ਦਿੱਤਾ ਗਿਆ ਹੈ ਪਰ ਬੰਦ ਨਹੀਂ ਕੀਤਾ ਗਿਆ ਹੈ ਜਾਂ ਉਨ੍ਹਾਂ ਦੇ ਰੋਸਟਰ ਵਿਚਲੇ ਘੰਟੇ ਘਟੇ ਹਨ, ਤਾਂ ਇਹ ਉਨ੍ਹਾਂ ਦੀ ਵੀਜ਼ਾ ਸਥਿਤੀ ਦੀ ਉਲੰਘਣਾ ਨਹੀਂ ਮੰਨਿਆ ਜਾਵੇਗਾ।

ਉਹ ਇਸ ਵਿੱਤੀ ਸਾਲ ਵਿੱਚ ਆਪਣੇ ਸੁਪਰਅਨੁਐਸ਼ਨ ਫੰਡਾਂ ਵਿੱਚੋਂ 10,000 ਡਾਲਰ ਤੱਕ ਕਢਵਾ ਸਕਦੇ ਹਨ। 

ਅੰਤਰਰਾਸ਼ਟਰੀ ਵਿਦਿਆਰਥੀ

 • ਜੇ ਉਨ੍ਹਾਂ ਕੋਲ ਅਜੇ ਵੀ ਨੌਕਰੀ ਹੈ ਤਾਂ ਉਹ ਰਹਿ ਸਕਦੇ ਹਨ - ਜੇ ਉਨ੍ਹਾਂ ਕੋਲ ਨੌਕਰੀ, ਪਰਿਵਾਰਕ ਸਹਾਇਤਾ ਜਾਂ ਬਚਤ ਨਹੀਂ ਹੈ ਤਾਂ ਉਨ੍ਹਾਂ ਨੂੰ ਕੋਈ ਹੋਰ ਇੰਤਜ਼ਾਮ ਦੇਖਣਾ ਚਾਹੀਦਾ ਹੈ।
 • ਬਜ਼ੁਰਗ ਦੇਖਭਾਲ ਸੈਕਟਰ ਅਤੇ ਨਰਸਾਂ ਵਜੋਂ ਕੰਮ ਕਰ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿਚ 20 ਘੰਟੇ ਤੋਂ ਵੱਧ ਕੰਮ ਕਰਨ ਦੀ ਆਗਿਆ ਹੈ।
 • ਜੇ ਉਹ ਆਸਟ੍ਰੇਲੀਆ ਵਿੱਚ ਘੱਟੋ-ਘੱਟ 12 ਮਹੀਨਿਆਂ ਤੋਂ ਹੋਣ ਤਾਂ ਉਹ ਆਪਣੇ ਸੁਪਰਅਨੁਏਸ਼ਨ ਵਿੱਚੋਂ ਰਕਮ ਕਢਵਾ ਸਕਦੇ ਹਨ।
 • ਵਿਕਟੋਰੀਆ ਸੂਬੇ ਵਿੱਚ, ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 1100 ਡਾਲਰਾਂ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ ਜੋ ਕਿ ਵਿਕਟੋਰੀਆ ਸਰਕਾਰ ਦੇ ਹੰਗਾਮੀ ਮਦਦ ਵਾਲੇ ਪੈਕੇਜ ਦਾ ਹਿੱਸਾ ਹੈ ਅਤੇ ਇਸ ਨਾਲ ਹਜਾਰਾਂ ਹੀ ਲੋਕਾਂ ਨੂੰ ਲਾਭ ਮਿਲ ਸਕੇਗਾ।

ਸੈਲਾਨੀ: ਉਨ੍ਹਾਂ ਨੂੰ ਆਪਣੇ ਦੇਸ਼ ਪਰਤਣਾ ਚਾਹੀਦਾ ਹੈ, ਖ਼ਾਸਕਰ ਉਹ ਜਿਹੜੇ ਪਰਿਵਾਰਕ ਸਹਾਇਤਾ ਤੋਂ ਬਿਨਾਂ ਰਹਿ ਰਹੇ ਹਨ।

ਮਾਨਸਿਕ ਸਿਹਤ ਸਹਾਇਤਾ

ਸਰਕਾਰ ਨੇ ਕੋਵਿਡ -19 ਮਹਾਂਮਾਰੀ ਦੀ ਦੂਜੀ ਲਹਿਰ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਹੋਰ ਪਾਬੰਦੀਆਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਲਈ ਮੈਡੀਕੇਅਰ ਸਬਸਿਡੀ ਵਾਲੀ ਮਨੋਵਿਗਿਆਨਕ ਥੈਰੇਪੀ ਦੇ 10 ਸੈਸ਼ਨ ਸ਼ਾਮਲ ਕੀਤੇ ਹਨ।

ਲੋਕਾਂ ਆਪਣੇ ਮਨੋਚਿਕਿਤਸਕ ਜਾਂ ਜੀਪੀ ਦੁਆਰਾ ਮਾਨਸਿਕ ਸਿਹਤ ਇਲਾਜ ਯੋਜਨਾ ਨੂੰ ਅਧਿਕਾਰਤ ਕਰਾਕੇ ਮਾਨਸਿਕ ਸਿਹਤ ਦੇਖਭਾਲ ਸਹੂਲਤ ਪ੍ਰਾਪਤ ਕਰਨਾ ਜਾਰੀ ਰੱਖ ਸਕਦੇ ਹਨ (https://www.healthdirect.gov.au/mental-health-care-plan)।

ਸਰਕਾਰ ਦਾ ਡਿਜੀਟਲ ਮਾਨਸਿਕ ਸਿਹਤ ਪੋਰਟਲ, ਹੈਡ ਟੂ ਹੈਲਥ (www.headtohealth.gov.au) ਮਾਰਗਦਰਸ਼ਨ ਦਾ ਵਿਸ਼ੇਸ਼ ਸਰੋਤ ਹੋਵੇਗਾ ਅਤੇ ਜਾਣਕਾਰੀ ਪ੍ਰਦਾਨ ਕਰੇਗਾ ਕਿ ਕਿਸ ਤਰ੍ਹਾਂ ਇਸ  ਮਹਾਂਮਾਰੀ ਦੌਰਾਨ ਚੰਗੀ ਮਾਨਸਿਕ ਸਿਹਤ ਬਣਾਈ ਰੱਖੀ ਜਾ ਸਕਦੀ ਹੈ ਅਤੇ ਸਵੈ-ਇਕੱਲਤਾ ਦੇ ਦੌਰ ਵਿੱਚ ਕਿਵੇਂ ਸਹਾਇਤਾ ਕੀਤੀ ਜਾ ਸਕਦੀ ਹੈ। ਪੋਰਟਲ ਉੱਤੇ ਮਾਨਸਿਕ ਸਿਹਤ ਸੇਵਾਵਾਂ ਤੱਕ ਪਹੁੰਚ ਬਣਾਉਣ ਸਬੰਧੀ ਵੀ ਜਾਣਕਾਰੀ ਹੋਵੇਗੀ।

ਚਾਈਲਡ ਕੇਅਰ

ਕਰੋਨਵਾਇਰਸ ਮਹਾਂਮਾਰੀ ਦੇ ਦੌਰਾਨ ਲਗਭਗ 10 ਲੱਖ ਪਰਿਵਾਰ ਬੱਚਿਆਂ ਦੀ ਮੁਫਤ ਦੇਖਭਾਲ ਪ੍ਰਾਪਤ ਕਰਨ ਲਈ ਤੈਅ ਹੋਏ ਹਨ। ਯੋਜਨਾ ਦੇ ਤਹਿਤ, ਸਰਕਾਰ ਮੌਜੂਦਾ ਘੰਟਿਆਂ ਦੀ ਦਰ ਦੀ ਹੱਦ ਤੱਕ ਫੀਸ ਦਾ 50 ਪ੍ਰਤੀਸ਼ਤ ਤੱਕ ਦਾ ਭੁਗਤਾਨ ਕਰੇਗੀ।


ਇਹ ਜਾਨਣ ਲਈ ਕਿ ਆਸਟ੍ਰੇਲੀਅਨ ਸਰਕਾਰ ਕੋਵਿਡ-19 ਬਾਰੇ ਕੀ ਪ੍ਰਬੰਧ ਕਰ ਰਹੀ ਹੈ ਇਸ ਲਿੰਕ 'ਤੇ ਜਾਓ

ਅੰਗਰੇਜ਼ੀ ਵਿੱਚ ਸਮੁੱਚੀ ਜਾਣਕਾਰੀ ਲੈਣ ਲਈ ਇਸ ਵੈੱਬਪੇਜ 'ਤੇ ਜਾਓ health.gov.au/news/health-alerts/novel-coronavirus-2019-ncov-health-alert 

ਪੰਜਾਬੀ ਵਿੱਚ ਜਾਣਕਾਰੀ ਲੈਣ ਲਈ ਇਸ ਵੈੱਬਪੇਜ 'ਤੇ ਜਾਓ homeaffairs.gov.au/covid-19/Pages/covid-19-Punjabi

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਇਥੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਘਰ ਰਹੋ ਅਤੇ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਕੋਵਿਡ-19 ਬਾਰੇ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ 63 ਭਾਸ਼ਾਵਾਂ ਵਿੱਚ SBS.com.au/coronavirus ਉੱਤੇ ਉਪਲਬਧ ਹੈ।

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ