ਆਸਟ੍ਰੇਲੀਅਨ ਲੋਕਾਂ ਦੇ ਹੱਕਾਂ ਦੀ ਪੈਰਵੀ ਕਰਨ ਵਾਲ਼ੇ ਕੁਝ ਸਮੂਹਾਂ ਨੇ ਸਮਾਜਿਕ ਪੱਧਰ ਉੱਤੇ ਲਾਗੂ ਸਰੀਰਕ ਦੂਰੀਆਂ ਅਤੇ ਪਾਬੰਦੀਆਂ ਨੂੰ ਲਾਗੂ ਕਰਨ ਲਈ ਆਏ ਨਵੇਂ ਨਿਯਮਾਂ ਦਾ ਸਵਾਗਤ ਕੀਤਾ ਹੈ।
ਉਹਨਾਂ, ਇਹਨਾਂ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਉੱਤੇ ਜ਼ੁਰਮਾਨੇ ਲਾਉਣ ਦੀ ਵੀ ‘ਕੁਝ ਹੱਦ ਤੱਕ’ ਪੈਰਵੀ ਕੀਤੀ ਹੈ।
ਦੱਸਣਯੋਗ ਹੈ ਕਿ ਸਮਾਜਿਕ/ਸਰੀਰਕ-ਦੂਰੀਆਂ ਅਜਿਹੇ ਉਪਰਾਲੇ ਹਨ ਜਿੰਨ੍ਹਾਂ ਨਾਲ਼ ਕੋਵਿਡ-19 ਵਰਗੇ ਵਾਇਰਸਾਂ ਦੇ ਫੈਲਣ ਦੀ ਰਫਤਾਰ ਨੂੰ ਹੌਲ਼ੀ ਕੀਤਾ ਜਾ ਸਕਦਾ ਹੈ।
ਤੁਹਾਡੇ ਅਤੇ ਦੂਜਿਆਂ ਵਿਚਾਲੇ ਦੂਰੀ ਜਿਤਨੀ ਜਿਆਦਾ ਹੋਵੇਗੀ, ਵਾਇਰਸਾਂ ਦੇ ਫੈਲਣ ਦਾ ਖਤਰਾ ਵੀ ਓਨਾ ਹੀ ਘੱਟ ਹੋਵੇਗਾ।
ਇਹਨਾਂ ਉਪਰਾਲਿਆਂ ਵਿੱਚ ਦੂਸ਼ਿਤ ਚੀਜ਼ਾਂ ਜਾਂ ਸਤਹਾਂ (ਜਿਵੇਂ ਕਿ ਦਰਵਾਜਿਆਂ ਦੇ ਹੈਂਡਲ ਜਾਂ ਮੇਜ਼ ਆਦਿ) ਨੂੰ ਛੂਹਣ ਤੋਂ ਪਰਹੇਜ਼ ਕਰਨਾ, ਜਾਂ ਕੋਵਿਡ-19 ਤੋਂ ਸੰਕਰਮਿਤ ਹੋਏ ਵਿਅਕਤੀ ਦੀ ਖੰਘ ਜਾਂ ਛਿੱਕ ਤੋਂ ਦੂਰ ਰਹਿਣਾ ਆਦਿ ਵੀ ਸ਼ਾਮਲ ਹੈ।
ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਸਲਾਹ ਦਿੱਤੀ ਗਈ ਹੈ ਕਿ ਕਿ ਜ਼ਰੂਰੀ ਕੰਮਾਂ ਦੇ ਚਲਦਿਆਂ ਹੀ ਘਰ ਤੋਂ ਬਾਹਰ ਨਿਕਲਣਾ ਚਾਹੀਦਾ ਹੈ - ਇਸਦਾ ਅਰਥ ਹੈ ਕਿ ਕੰਮ ਜਾਂ ਸਕੂਲ ਜਾਣ ਲਈ ਖਾਸ ਤੌਰ ਉੱਤੇ ਓਦੋਂ ਜਦ ਤੁਸੀਂ ਘਰ ਤੋਂ ਕੰਮ ਨਹੀਂ ਕਰ ਸਕਦੇ, ਜ਼ਰੂਰੀ ਚੀਜ਼ਾਂ ਦੀ ਖਰੀਦਾਰੀ ਵੇਲ਼ੇ, ਡਾਕਟਰੀ ਦੇਖਭਾਲ, ਸੈਰ ਜਾਂ ਕਸਰਤ ਵੇਲ਼ੇ ਹੀ ਇਹਨਾਂ ਨਿਯਮਾਂ ਤੋਂ ਛੋਟ ਮਿਲ ਸਕਦੀ ਹੈ।
ਕਰੋਨਾਵਾਇਰਸ ਫੈਲਾਅ ਨੂੰ ਰੋਕਣ ਲਈ ਮੰਗਲਵਾਰ ਤੱਕ ਘਰ ਦੇ ਅੰਦਰ ਅਤੇ ਬਾਹਰ ਦਾ ਇਕੱਠ ਹੁਣ ਸਿਰਫ਼ ਦੋ ਲੋਕਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ।

ਨਵੇਂ ਨਿਯਮ ਕਿਵੇਂ ਲਾਗੂ ਹੋਣਗੇ?
ਨਿਯਮਾਂ ਦੀ ਉਲੰਘਣਾ ਕਰਨ ਵਾਲ਼ਿਆਂ ਨੂੰ ਹੁਣ ਰਾਜ ਦੇ ਅਧਿਕਾਰ ਖੇਤਰਾਂ ਤਹਿਤ ਸਖਤ ਵਿੱਤੀ ਜ਼ੁਰਮਾਨੇ ਹੋਣਗੇ ਅਤੇ ਰਾਜ-ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਉਹ ਇਹ ਉਪਾਅ ਲਾਗੂ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।
ਐਨ ਐਸ ਡਬਲਯੂ ਵਿੱਚ ਉਹ ਲੋਕ ਜੋ ਬਿਨਾਂ ਕਿਸੇ ਵਾਜਬ ਕਾਰਣ ਘਰ ਤੋਂ ਬਾਹਰ ਨਿੱਕਲਦੇ ਹਨ ਉਹਨਾਂ ਨੂੰ ਛੇ ਮਹੀਨੇ ਦੀ ਕੈਦ ਜਾਂ ਉਸੇ ਜਗ੍ਹਾ 'ਤੇ 11,000 ਡਾਲਰ ਦਾ ਜੁਰਮਾਨਾ ਹੋ ਸਕਦਾ ਹੈ।
ਦੂਜੇ ਰਾਜਾਂ ਨੇ ਹੇਠ-ਲਿਖਤ ਜੁਰਮਾਨਿਆਂ ਨੂੰ ਲਾਜ਼ਮੀ ਕੀਤਾ ਹੈ:
ਵਿਕਟੋਰੀਆ: 1,600 ਡਾਲਰ ਜਾਂ ਇਸ ਤੋਂ ਵੱਧ ਦੇ ਜੁਰਮਾਨੇ
ਦੱਖਣੀ ਆਸਟ੍ਰੇਲੀਆ: ਪੁਲਿਸ ਰਾਸ਼ਟਰੀ ਨਿਰਦੇਸ਼ਾਂ ਨੂੰ ਲਾਗੂ ਨਹੀਂ ਕਰੇਗੀ
ਏ ਸੀ ਟੀ/ਕੈਨਬਰਾ : ਚੇਤਾਵਨੀ, ਇਸਦੇ ਬਾਅਦ 8,000 ਡਾਲਰ ਤੱਕ ਦੇ ਜੁਰਮਾਨੇ
ਕੁਈਨਜ਼ਲੈਂਡ: 1,330 ਡਾਲਰ ਤੱਕ ਦੇ ਜੁਰਮਾਨੇ
ਪੱਛਮੀ ਆਸਟ੍ਰੇਲੀਆ: ਨਿਯਮਾਂ ਦੀ ਉਲੰਘਣਾ ਕਰਨ ਉੱਤੇ 1000 ਡਾਲਰ ਤੱਕ ਦੇ ਜੁਰਮਾਨੇ
ਨੋਰਦਰਨ ਟ੍ਰਰੀਟੋਰੀ: ਪੁਲਿਸ ਰਾਸ਼ਟਰੀ ਨਿਰਦੇਸ਼ਾਂ ਨੂੰ ਲਾਗੂ ਨਹੀਂ ਕਰੇਗੀ
ਤਸਮਾਨੀਆ: ਜੁਰਮਾਨਾ ਜਾਰੀ ਕਰਨ ਦੀ ਸਮਰੱਥਾ

ਜੇ ਤੁਹਾਨੂੰ ਪੁਲਿਸ ਦੁਆਰਾ ਰੋਕਿਆ ਜਾਂਦਾ ਹੈ ਤਾਂ ਤੁਹਾਡੇ ਅਧਿਕਾਰ ਕੀ ਹਨ?
ਲੋਕਾਂ ਦੇ ਹੱਕਾਂ ਦੀ ਪੈਰਵੀ ਕਰਨ ਵਾਲ਼ੇ ਕੁਝ ਸਮੂਹਾਂ ਦੇ ਨੁਮਾਇੰਦਿਆਂ ਨੇ ਐਸ ਬੀ ਐਸ ਨਿਊਜ਼ ਨੂੰ ਦੱਸਿਆ ਹੈ ਕਿ ਪੁਲਿਸ ਲੋਕਾਂ ਨੂੰ ਘਰ ਤੋਂ ਬਾਹਰ ਨਿਕਲਣ ਬਾਰੇ ਪੁੱਛਗਿੱਛ ਕਰਨ ਅਧਿਕਾਰ ਰੱਖਦੀ ਹੈ।
ਪੁਲਿਸ ਅਧਿਕਾਰੀਆਂ ਮੁਤਾਬਿਕ ਪੁਲਿਸ ਕਰਮਚਾਰੀ ਲੋਕਾਂ ਤੋਂ ਇਹ ਜਾਨਣ ਦੀ ਕੋਸ਼ਿਸ਼ ਕਰਨਗੇ ਕਿ ਉਹ ਆਪਣੀ ਮੁਢਲੀ ਰਿਹਾਇਸ਼ 'ਤੇ ਕਿਉਂ ਨਹੀਂ ਹਨ।
ਉਨ੍ਹਾਂ ਕਿਹਾ ਕਿ ਪੁਲਿਸ ਨੂੰ “ਸਿਆਣੇ ਫੈਸਲੇ” ਕਰਨ ਲਈ ਕਿਹਾ ਜਾਏਗਾ ਪਰ ਨਾਲ ਹੀ ਨਿਯਮ ਤੋੜਨ ਵਾਲ਼ੇ ਲੋਕਾਂ ਖਿਲਾਫ ਸਖਤ ਕਾਰਵਾਈ ਦੀ ਗੱਲ ਵੀ ਆਖੀ ਗਈ ਹੈ।
“ਪੁਲਿਸ ਕੋਲ ਇਸ ਸਿਲਸਿਲੇ ਵਿੱਚ ਅਸਾਧਾਰਣ ਸ਼ਕਤੀਆਂ ਹਨ ਜੋ ਉਹ ਵਰਤ ਸਕਦੇ ਹਨ। ਉਹ ਉਨ੍ਹਾਂ ਲੋਕਾਂ ਖ਼ਿਲਾਫ਼ ਕਾਰਵਾਈ ਕਰ ਸਕਦੇ ਹਨ ਜਿਹੜੇ ਇਹਨਾਂ ਹਾਲਾਤਾਂ ਵਿੱਚ ਸਹਿਯੋਗ ਦੇਣ ਤੋਂ ਆਨਾ-ਕਾਨੀ ਕਰ ਰਹੇ ਹਨ।”
ਏ ਸੀ ਟੀ ਦੇ ਮੁੱਖ ਮੰਤਰੀ ਐਂਡਰਿਊ ਬਾਰ ਨੇ ਇਹਨਾਂ ਨਿਯਮਾਂ ਨੂੰ ਸਹਿਜਿਤਾ ਨਾਲ਼ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਹਰੀ ਝੰਡੀ ਦਿੱਤੀ ਹੈ ਜਿਸ ਵਿਚ ਮੌਕੇ 'ਤੇ ਜੁਰਮਾਨੇ ਲਾਗੂ ਕਰਨ ਤੋਂ ਪਹਿਲਾਂ ਚੇਤਾਵਨੀਆਂ ਵੀ ਸ਼ਾਮਿਲ ਕੀਤੀਆਂ ਜਾਣਗੀਆਂ।
ਐਨ ਐਸ ਡਬਲਯੂ ਦੇ ਪੁਲਿਸ ਕਮਿਸ਼ਨਰ ਮਿਕ ਫੁੱਲਰ ਨੇ ਪੁਸ਼ਟੀ ਕੀਤੀ ਹੈ ਕਿ ਨਵੇਂ ਪਾਬੰਧੀ ਨਿਯਮਾਂ ਤਹਿਤ ਪਹਿਲਾਂ ਹੀ ਵੱਖਰੇ ਉਲੰਘਣਾ ਕਾਨੂੰਨ ਲਾਗੂ ਕਰ ਦਿੱਤੇ ਗਏ ਹਨ।

ਕਿਹੜੇ ਕਾਰਨਾਂ ਅਤੇ ਸੂਰਤਾਂ ਵਿੱਚ ਘਰ ਤੋਂ ਬਾਹਰ ਜਾਇਆ ਜਾ ਸਕਦਾ ਹੈ?
ਫੈਡਰਲ ਅਤੇ ਰਾਜ ਸਰਕਾਰ ਦੇ ਨੁਮਾਇੰਦਿਆਂ ਨੇ ਕੰਮ ਜਾਂ ਸਕੂਲ ਜਾਣ, ਜ਼ਰੂਰੀ ਚੀਜ਼ਾਂ ਖਰੀਦਣ, ਡਾਕਟਰੀ ਦੇਖਭਾਲ ਅਤੇ ਕਸਰਤ ਵਜੋਂ ਘਰ ਤੋਂ ਨਿੱਕਲਣ ਦੇ ਕਾਰਨਾਂ ਨੂੰ ਮੰਨਦਿਆਂ ਇਹਨਾਂ ਸਬੰਧੀ ਵੱਖਰੇ ਤੌਰ ਉੱਤੇ ਨਰਮਾਈ ਰੱਖਣ ਬਾਰੇ ਸਹਿਮਤੀ ਪ੍ਰਗਟਾਈ ਹੈ।
ਐਨ ਐਸ ਡਬਲਯੂ ਪਬਲਿਕ ਹੈਲਥ ਐਕਟ ਦੇ ਤਹਿਤ ਕੁੱਲ 16 ਅਜਿਹੇ 'ਕਾਰਨ/ਸੂਰਤਾਂ' ਹਨ ਜੋ ਲੋਕ ਘਰ ਤੋਂ ਨਿੱਕਲਣ ਨੂੰ ਜਾਇਜ਼ ਠਹਿਰਾਉਣ ਲਈ ਇਸਤੇਮਾਲ ਕਰ ਸਕਦੇ ਹਨ।
ਇਸ ਵਿੱਚ ਭੋਜਨ ਜਾਂ ਹੋਰ ਚੀਜ਼ਾਂ ਜਾਂ ਸੇਵਾਵਾਂ ਪ੍ਰਾਪਤ ਕਰਨਾ (ਪਾਲਤੂ ਰਾਖੇ ਜਾਨਵਰਾਂ ਲਈ ਵੀ ਸ਼ਾਮਲ ਹੈ), ਬੱਚਿਆਂ ਨੂੰ ਦੇਖਭਾਲ਼ ਕੇਂਦਰਾਂ ਵਿੱਚ ਲਿਜਾਣਾ, ਦੇਖਭਾਲ਼ ਕਰਨ ਵਾਲ਼ੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਨਾ, ਵਿਆਹ ਜਾਂ ਸੰਸਕਾਰ ਵਿੱਚ ਜਾਣਾ ਅਤੇ ਘਰ ਆਉਣਾ, ਐਮਰਜੈਂਸੀ ਸਹਾਇਤਾ ਪ੍ਰਦਾਨ ਕਰਨਾ ਅਤੇ ਖੂਨਦਾਨ ਕਰਨਾ ਸ਼ਾਮਿਲ ਹੈ।
ਇਸ ਵਿੱਚ ਕਾਨੂੰਨੀ ਫਰਜ਼ਾਂ ਨੂੰ ਨਿਭਾਉਣਾ, ਸਰਵਜਨਕ ਸੇਵਾਵਾਂ ਜਿਵੇਂ ਕਿ ਸੈਂਟਰਲਿੰਕ ਜਾਂ ਘਰੇਲੂ ਹਿੰਸਾ ਸਹਾਇਤਾ ਤੱਕ ਪਹੁੰਚ ਬਣਾਉਣਾ ਸ਼ਾਮਿਲ ਹੈ ਅਤੇ ਉਹ ਬੱਚੇ ਜੋ ਇੱਕ ਪਰਿਵਾਰ ਵਿੱਚ ਨਹੀਂ ਰਹਿੰਦੇ ਆਪਣੇ ਮਾਪਿਆਂ ਜਾਂ ਭੈਣਾਂ-ਭਰਾਵਾਂ ਨੂੰ ਵੀ ਮਿਲਣ ਜਾ ਸਕਦੇ ਹਨ।
ਇਸਤੋਂ ਇਲਾਵਾ ਪੇਸਟੋਰਲ ਦੇਖਭਾਲ, ਸੱਟ ਜਾਂ ਬਿਮਾਰੀ ਤੋਂ ਬਚਣ ਅਤੇ ਐਮਰਜੈਂਸੀ ਜਾਂ ਹਮਦਰਦੀ ਦੇ ਕਾਰਨਾਂ ਕਰਕੇ ਵੀ ਵਿਸ਼ੇਸ਼ ਆਗਿਆ ਦਿੱਤੀ ਜਾਂਦੀ ਹੈ।
ਇਹ ਵੀ ਜ਼ਿਕਰਯੋਗ ਹੈ ਕਿ ਦੋ-ਵਿਅਕਤੀਆਂ ਤੋਂ ਵੱਧ ਦੇ ਇਕੱਠ ਦਾ ਨਿਯਮ ਤੁਹਾਡੇ ਪਰਿਵਾਰ ਦੇ ਅੰਦਰ ਲਾਗੂ ਨਹੀਂ ਹੁੰਦਾ ਜਿਸਦਾ ਅਰਥ ਹੈ ਕਿ ਨਜ਼ਦੀਕੀ ਪਰਿਵਾਰ ਮੈਂਬਰ ਅਜੇ ਵੀ ਇਕੱਠੇ ਮਿਲ ਸਕਦੇ ਹਨ।

ਇਹ ਪਾਬੰਦੀਆਂ ਕਿੰਨੀ ਦੇਰ ਤੱਕ ਲਾਗੂ ਰਹਿ ਸਕਦੀਆਂ ਹਨ?
ਆਸਟ੍ਰੇਲੀਆ ਵਿੱਚ ਇਹਨਾਂ ਪਾਬੰਦੀਆਂ ਨੂੰ ਅਣਮਿਥੇ ਸਮੇਂ ਲਈ ਲਾਗੂ ਕੀਤਾ ਗਿਆ ਹੈ।
ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਿਹਾ ਹੈ ਕਿ ਮਹਾਂਮਾਰੀ ਦਾ ਅਸਰ ਲਗਭਗ ਛੇ ਮਹੀਨਿਆਂ ਤੱਕ ਰਹਿਣ ਦੀ ਉਮੀਦ ਹੈ - ਪਰ ਇਹ ਉਪਾਅ ਕਿੰਨੇ ਸਮੇਂ ਤੱਕ ਰਹਿਣਗੇ ਇਸ ਗੱਲ ਉੱਤੇ ਨਿਰਭਰ ਕਰੇਗਾ ਕਿ ਅਸੀਂ ਵਾਇਰਸ ਦੇ ਫੈਲਾਅ ਨੂੰ ਰੋਕਣ ਵਿੱਚ ਕਿੰਨੀ ਸਫਲਤਾ ਹਾਸਿਲ ਕਰਦੇ ਹਾਂ।
ਪਰ ਸ੍ਰੀ ਮੌਰਿਸਨ ਨੇ “ਲਾਕਡਾਊਨ” ਸ਼ਬਦ ਦੀ ਵਰਤੋਂ ਕਰਦਿਆਂ ਸਾਵਧਾਨ ਕੀਤਾ ਹੈ ਕਿ ਉਹ “ਬੇਲੋੜੀ ਚਿੰਤਾ” ਪੈਦਾ ਨਹੀਂ ਕਰਨਾ ਚਾਹੁੰਦੇ।
ਅਧਿਕਾਰ ਸਮੂਹਾਂ ਦੇ ਨੁਮਾਇੰਦੇ ਨੇ ਕਿਹਾ ਕਿ ਵਧੀਆਂ ਹੋਈਆਂ ਪਾਬੰਦੀਆਂ ਜਨਤਕ ਸੁਰੱਖਿਆ ਦੇ ਮੱਦੇਨਜ਼ਰ ਹੋਣ ਦੇ ਬਾਵਜੂਦ ਜਨਤਕ ਬੇਚੈਨੀ ਨੂੰ ਵਧਾ ਸਕਦੀਆਂ ਹਨ।
ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ 'ਤੇ ਰਹਿਣਾ ਚਾਹੀਦਾ ਹੈ ਅਤੇ ਹੁਣ ਇਕੱਠ ਸਿਰਫ ਦੋ ਲੋਕਾਂ ਤੱਕ ਸੀਮਤ ਹੈ ਪਰ ਇਹ ਨਿਯਮ ਆਪਣੇ ਘਰ ਪਰਿਵਾਰ ਵਿੱਚ ਵਿਚਰਦਿਆਂ ਲਾਗੂ ਨਹੀਂ ਹੁੰਦੀ।
ਜੇ ਤੁਸੀਂ ਵਿਦੇਸ਼ ਤੋਂ ਵਾਪਸ ਆਉਣ ਦੇ 14 ਦਿਨਾਂ ਦੇ ਅੰਦਰ-ਅੰਦਰ ਕੋਵਿਡ-19 ਦੇ ਲੱਛਣ ਵਧਦੇ ਹੋਏ ਵੇਖਦੇ ਹੋ ਤਾਂ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਕੋਈ ਵੀ ਲੱਛਣ ਨਹੀਂ ਹਨ ਪਰੰਤੂ ਤੁਸੀਂ ਕੋਵਿਡ-19 ਦੇ ਕਿਸੇ ਪੀੜ੍ਹਤ ਨਾਲ ਸੰਪਰਕ ਵਿੱਚ ਰਹੇ ਹੋ ਤਾਂ ਵੀ ਤੁਹਾਨੂੰ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ।
ਜੇ ਤੁਹਾਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਟੈਸਟ ਕਰਵਾਉਣ ਦੀ ਲੋੜ ਹੋ ਸਕਦੀ ਹੈ, ਆਪਣੇ ਡਾਕਟਰ ਨੂੰ ਸਹੂਲਤ ਲਈ ਸਿਰਫ ਕਾਲ ਕਰੋ, ਪਰ ਉਸ ਕੋਲ਼ ਨਾ ਜਾਓ, ਜਾਂ ਰਾਸ਼ਟਰੀ ਕਰੋਨਾਵਾਇਰਸ ਸਿਹਤ ਜਾਣਕਾਰੀ ਹਾਟਲਾਈਨ ਨਾਲ 1800 020 080 'ਤੇ ਸੰਪਰਕ ਕਰੋ।
ਜੇ ਤੁਸੀਂ ਸਾਹ ਲੈਣ ਵਿੱਚ ਔਖਿਆਈ ਮਹਿਸੂਸ ਕਰਦੇ ਹੋ ਜਾਂ ਤੁਹਾਨੂੰ ਮੈਡੀਕਲ ਐਮਰਜੈਂਸੀ ਦੇ ਚਲਦਿਆਂ ਲੋੜ ਹੈ ਤਾਂ 000 ਨੂੰ ਕਾਲ ਕਰੋ।
ਐਸ ਬੀ ਐਸ, ਆਸਟ੍ਰੇਲੀਆ ਦੇ ਵੱਖੋ-ਵੱਖਰੇ ਭਾਈਚਾਰਿਆਂ ਨੂੰ ਕਰੋਨਾਵਾਇਰਸ/ਕੋਵਿਡ-19 ਬਾਰੇ ਸਮੁੱਚੀ ਅਤੇ ਤਾਜ਼ਾ-ਤਰੀਨ ਜਾਣਕਾਰੀ ਦੇਣ ਲਈ ਵਚਨਬੱਧ ਹੈ। ਜ਼ਿਆਦਾ ਜਾਣਕਾਰੀ ਲਈ sbs.com.au/coronavirus 'ਤੇ ਜਾਓ।
ਸਬੰਧਿਤ ਪੇਸ਼ਕਾਰੀਆਂ / ਇਹ ਵੀ ਜਾਣੋ

ਕੋਵਿਡ-19 ਤਾਲਾਬੰਦੀ ਦੌਰਾਨ ਭਾਰਤ 'ਚ ਫਸੇ ਸੈਂਕੜੇ ਆਸਟ੍ਰੇਲੀਅਨ ਨਾਗਰਿਕ, ਕੀਤੀ ਸਰਕਾਰ ਤੋਂ ਮੱਦਦ ਲਈ ਅਪੀਲ





