ਆਸਟ੍ਰੇਲੀਆ ਦੀ ਬਹੁਸੱਭਿਆਚਾਰਿਕ ਕਾਉਂਸਿਲ ਨੇ ਸੈਨੇਟ ਅੱਗੇ ਆਪਣੇ ਵਿਚਾਰ ਰੱਖ ਕੇ ਦੱਸਿਆ ਹੈ ਕਿ ਨਾਗਰਿਕਤਾ ਲਈ ਅੰਗ੍ਰੇਜ਼ੀ ਭਾਸ਼ਾ ਦਾ ਇਮਤਿਹਾਨ ਸ਼ੁਰੂ ਕਰਣ ਦਾ ਮਤਲਬ ਅਜਿਹੇ ਮਿਆਰ ਨੂੰ ਅਪਣਾਉਣਾ ਹੈ ਜੋਕਿ ਏਕੀਕਰਣ ਦੇ ਟੀਚੇ ਨੂੰ ਹਾਸਿਲ ਕਰਣ ਲਈ ਲੋੜੀਂਦੇ ਮਿਆਰ ਤੋਂ ਬਹੁਤ ਉਚਾ ਹੈ।
ਆਸਟ੍ਰੇਲੀਆ ਵਿਚ ਅੰਗ੍ਰੇਜ਼ੀ ਬੋਲ ਸਕਣ ਦੀ ਯੋਗਤਾ ਦੀ ਅਹਿਮੀਅਤ ਬਾਰੇ ਹਾਮੀ ਭਰਦਿਆਂ ਕਾਉਂਸਿਲ ਨੇ ਕਿਹਾ ਕਿ ਇਸਦੇ ਇਮਤਿਹਾਨ ਦੇ ਮਿਆਰ ਨੂੰ ਉੱਚਾ ਚੁੱਕਣਾ ਓਹਨਾ ਪ੍ਰਵਾਸੀ ਅਤੇ ਸ਼ਰਨਾਰਥੀਆਂ ਦੇ ਲਈ ਬੇਹੱਦ ਸਮੱਸਿਆ ਭਰਿਆ ਹੋ ਸਕਦਾ ਹੈ ਜਿਹਨਾਂ ਦੀ ਸਿੱਖਿਆ ਟੁੱਟਵੀ ਰਹੀ ਹੋਵੇ।
ਜੇਕਰ ਪ੍ਰਸਤਾਵਿਤ ਕਾਨੂੰਨ ਸੰਸਦ ਵਿਚ ਪਾਸ ਹੋ ਕੇ ਲਾਗੂ ਹੋ ਜਾਂਦਾ ਹੈ ਤਾਂ, ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ ਕਰਣ ਲਈ ਬਿਨੈਕਾਰਾਂ ਦਾ ਪੱਕੇ ਪਰਵਾਸੀ ਦੇ ਰੂਪ ਵਿਚ ਘੱਟੋ ਘੱਟ ਚਾਰ ਸਾਲਾਂ ਹੋਣਾ, ਅਤੇ ਅੰਗਰੇਜ਼ੀ ਭਾਸ਼ਾ ਵਿਚ ਓਹਨਾ ਦੀ ਕੁਸ਼ਲ ਮਹਰਿਤ ਹੋਣੀ ਚਾਹੀਦੀ ਹੈ। ਅੰਗ੍ਰੇਜ਼ੀ ਦੀ ਪਰਖ IELTS ਟੈਸਟ ਦੇ ਦੁਆਰਾ ਕੀਤੀ ਜਾਵੇਗੀ ਜਿਸ ਵਿਚ ਘੱਟੋ ਘੱਟ 6 ਬੈਂਡ ਹਾਸਿਲ ਕਰਨੇ ਜ਼ਰੂਰੀ ਹਨ।
ਇਮੀਗ੍ਰੇਸ਼ਨ ਮੰਤਰੀ ਪੀਟਰ ਡਟਣ ਨੇ ਕਿਹਾ ਕਿ ਕਾਨੂੰਨ ਵਿਚ ਇਹ ਬਦਲਾਅ ਟਰਨਬੁੱਲ ਸਰਕਾਰ ਵੱਲੋਂ ਆਸਟ੍ਰੇਲੀਆ ਦੇ ਨਾਗਰਿਕਤਾ ਕਾਨੂੰਨ ਨੂੰ ਮਜਬੂਤ ਬਣਾਉਣ ਦੀ ਵਚਨਬੱਧਤਾ ਦਾ ਸਬੂਤ ਹੈ।
ਸਾਲ 2005 ਦੀ ਇਕ OECD ਰਿਪੋਰਟ ਮੁਤਾਬਿਕ ਆਸਟ੍ਰੇਲੀਆ ਵਿਚ ਨਾਗਰਿਕਤਾ ਲਈ ਯੋਗ 80 ਫੀਸਦੀ ਪਰਵਾਸੀ ਕਾਨੂੰਨੀ ਰੂਪ ਵਿਚ ਦੇਸ਼ ਦੇ ਸ਼ਹਿਰੀ ਬਣਦੇ ਹਨ। ਸਾਲ 1949 ਵਿਚ ਪ੍ਰਵਾਸੀਆਂ ਨੂੰ ਇਥੋਂ ਦੀ ਨਾਗਰਿਕਤਾ ਦੇਣ ਦਾ ਸਿਲਸਿਲਾ ਸ਼ੁਰੂ ਹੋਣ ਮਗਰੋਂ ਹੁਣ ਤੱਕ ਪੰਜਾਹ ਲੱਖ ਲੋਕ ਆਸਟ੍ਰੇਲੀਆ ਦੀ ਨਾਗਰਿਕਤਾ ਹਾਸਿਲ ਕਰ ਚੁੱਕੇ ਹਨ।
ਮੌਜੂਦਾ ਨਾਗਰਿਕਤਾ ਟੈਸਟ ਪਾਸ ਕਰਣ ਲਈ ਬੁਨਿਆਦੀ ਅੰਗ੍ਰੇਜ਼ੀ ਦੀ ਲੋੜ ਹੈ। ਅੰਗ੍ਰੇਜ਼ੀ ਦਾ ਬਹੁਤ ਘੱਟ ਗਿਆਨ ਹੋਣ ਤੇ, ਇਮੀਗ੍ਰੇਸ਼ਨ ਵਿਭਾਗ ਵਿਕਲਪਿਕ ਭਾਸ਼ਾ ਵਿਚ ਇਮਤਿਹਾਨ ਦੇਣ ਲਈ ਕਹਿ ਸਕਦਾ ਹੈ।
ਕਾਉਂਸਿਲ ਨੇ ਕਿਹਾ ਕਿ ਕਿਸੇ ਵੀ ਵਿਅਕਤੀ ਦੀ ਕਦਰਾਂ ਕੀਮਤਾਂ ਦੀ ਸੱਚੀ ਪਰਖ ਉਸਦੇ ਕੰਮ ਨਾਲ ਹੁੰਦੀ ਹੈ ਨਾ ਕਿ ਕਿਸੇ ਬਹੁ-ਚੋਣ ਪ੍ਰਸ਼ਨਾਂ ਵਾਲੇ ਇਮਤਿਹਾਨ ਦੇ ਨਾਲ ਜਿਸ ਵਿਚ ਕਿ ਅੰਗ੍ਰੇਜ਼ੀ ਦੇ ਲੋੜੀਂਦੇ ਗਿਆਨ ਦੀ ਕਮੀ ਕਾਰਣ ਉਹ ਅਸਫਲ ਵੀ ਹੋ ਸਕਦਾ ਹੈ।