ਸਿਡਨੀ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਤੇ ਆਪਣੀ ਪਤਨੀ ਅਤੇ ਧੀ ਨੂੰ ਧੋਖੇ ਅਤੇ ਜ਼ਬਰਦਸਤੀ ਨਾਲ ਭਾਰਤ ਲਿਜਾਣ ਦਾ ਦੋਸ਼ ਹੈ ਤਾਂ ਕਿ ਉਹ ਆਸਟ੍ਰੇਲੀਆ ਵਾਪਿਸ ਨਾ ਆ ਸਕਣ .
੨੭ ਸਾਲ ਦੇ ਇਸ ਵਿਅਕਤੀ ਜੋ ਕਿ ਸਿਡਨੀ ਦੇ ਲੀਡਕੰਬ ਇਲਾਕੇ ਦਾ ਰਹਿਣ ਵਾਲਾ ਹੈ, ਨੂੰ ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਨਵੰਬਰ ਵਿਚ ਗਿਰਫ਼ਤਾਰ ਕੀਤਾ ਸੀ ਅਤੇ ਉਸ ਉੱਪਰ ਆਪਣੀ ਪਤਨੀ ਅਤੇ ਧੀ ਦੀ ਮਾਨਵ ਤਸਕਰੀ ਦੇ ਦੋਸ਼ ਆਇਦ ਕੀਤੇ ਗਏ.
ਦੋਸ਼ ਹੈ ਕਿ ਉਸ ਨੇ ਧੋਖੇ ਅਤੇ ਜ਼ੋਰ ਜ਼ਬਰਦਸਤੀ ਨਾਲ ਆਪਣੀ ਪਤਨੀ ਜੋ ਕਿ ਭਾਰਤੀ ਨਾਗਰਿਕ ਹੈ ਅਤੇ ਆਸਟ੍ਰੇਲੀਆ ਵਿਚ ਅਰਜ਼ੀ ਵੀਜ਼ੇ ਤੇ ਹੈ, ਦੇ ਨਾਲ ਭਾਰਤ ਵਿਚ ਜੰਮੀ ਆਪਣੀ ਧੀ ਨੂੰ ਮਾਰਚ ਮਹੀਨੇ ਵਿਚ ਭਾਰਤ ਭੇਜ ਦਿੱਤਾ ਅਤੇ ਆਪਣੀ ਪਤਨੀ ਦੀ ਆਸਟ੍ਰੇਲੀਆ ਵਿਚ ਵੀਜ਼ਾ ਅਰਜ਼ੀ ਵੀ ਇਮੀਗ੍ਰੇਸ਼ਨ ਵਿਭਾਗ ਤੋਂ ਵਾਪਿਸ ਲੈਣ ਦੀ ਕੋਸ਼ਿਸ਼ ਕੀਤੀ .
ਉਸ ਦੀ ਪਤਨੀ ਮਈ ਮਹੀਨੇ ਵਿਚ ਆਸਟ੍ਰੇਲੀਆ ਵਾਪਿਸ ਆਉਣ ਵਿਚ ਕਾਮਯਾਬ ਰਹੀ ਅਤੇ ਉਸਨੇ ਅਧਿਕਾਰੀਆਂ ਨੂੰ ਇਸ ਸੰਬੰਧੀ ਸੂਚਿਤ ਕੀਤਾ .
"ਇਸ ਔਰਤ ਦੇ ਵਿਦੇਸ਼ ਚਲੇ ਜਾਨ ਉਪਰੰਤ ਇਮੀਗ੍ਰੇਸ਼ਨ ਵਿਭਾਗ ਨਾਲ ਸੰਪਰਕ ਕੀਤਾ ਗਿਆ ਅਤੇ ਇਸ ਔਰਤ ਦਾ ਵੀਜ਼ਾ ਰੱਦ ਕਰਾਉਣ ਦੀ ਕੋਸ਼ਿਸ਼ ਕੀਤੀ ਗਈ . ਸਾਡੇ ਵੱਲੋ ਇਹ ਦੋਸ਼ ਵੀ ਹੈ ਕਿ ਇਸਨੇ ਆਪਣੀ ਬੱਚੀ ਦਾ ਪਾਸਪੋਰਟ ਵੀ ਲੁਕੋ ਦਿੱਤਾ ਤਾਂਕਿ ਉਹ ਆਸਟ੍ਰੇਲੀਆ ਨਾ ਆ ਸਕੇ, " ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਇਕ ਬੁਲਾਰੇ ਨੇ ਮੰਗਲਵਾਰ ਨੂੰ ਸਿਡਨੀ ਵਿੱਚ ਕਿਹਾ .
ਆਸਟ੍ਰੇਲੀਅਨ ਫੈਡਰਲ ਪੁਲਿਸ ਨੇ ਕਿਹਾ ਕਿ ਓਹਨਾ ਨੂੰ ਇਸ ਮਾਮਲੇ ਬਾਰੇ ਜਾਣਕਾਰੀ ਇਕ ਐਂਟੀ-ਸਲੇਵਰੀ ਗਰੁੱਪ ਤੋਂ ਹਾਸਿਲ ਹੋਈ ਸੀ ਜਿਸ ਮਗਰੋਂ ਮਾਮਲੇ ਦੀ ਪੜਤਾਲ ਸ਼ੁਰੂ ਹੋਈ .
ਉਸ ਖਿਲਾਫ ਮਾਨਵ ਤਸਕਰੀ ਦੇ ਅਲਾਵਾ ਦਸਤਾਵੇਜ਼ਾਂ ਦੇ ਜ਼ਰੀਏ ਧੋਖਾਧੜੀ ਦਾ ਦੋਸ਼ ਵੀ ਹੈ .
ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਔਰਤ ਅਤੇ ਉਸਦੀ ਧੀ ਦੋਵੇ ਆਸਟ੍ਰੇਲੀਆ ਵਾਪਿਸ ਆ ਚੁੱਕੇ ਹਨ .
ਮੰਗਲਵਾਰ ਨੂੰ ਉਹ ਸਿਡਨੀ ਦੀ ਡਾਊਨਿੰਗ ਸੈਂਟਰ ਲੋਕਲ ਕੋਰਟ ਵਿਚ ਪੇਸ਼ ਹੋਇਆ . ਉਸਦੇ ਖਿਲਾਫ ਲੱਗੇ ਦੋਸ਼ਾਂ ਵਿਚ ਉਸਨੂੰ ੧੨ ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ .