ਇਕ ਨਵੇਂ ਪ੍ਰਸਤਾਵਿਤ ਕਾਨੂੰਨ ਹੇਠ ਅਜਿਹੇ ਕਾਰੋਬਾਰ ਜੋ ਕਿ ਸਕਿਲਡ ਵੀਜ਼ਾ ਤੇ ਸਪੌਂਸਰ ਕੀਤੇ ਕਾਮਿਆਂ ਵੱਲ ਆਪਣੀ ਬਣਦੀ ਦੇਣਦਾਰੀ ਪੂਰੀ ਨਹੀਂ ਕਰਦੇ ਓਹਨਾ ਦੇ ਨਾਂ ਜਨਤਕ ਕੀਤੇ ਜਾ ਸਕਣਗੇ।
ਮੌਜੂਦਾ ਸਮੇ ਵਿਚ ਇਮੀਗ੍ਰੇਸ਼ਨ ਵਿਭਾਗ ਕੇਵਲ ਕੁਝ ਕਾਨੂੰਨਾਂ ਦੀ ਉਲੰਘਣਾ ਹੋਣ ਤੇ ਹੀ ਇਹ ਜਾਣਕਾਰੀ ਪਬਲਿਸ਼ ਕਰਦਾ ਹੈ।
ਪਿਛਲੇ ਹਫਤੇ ਆਸਟ੍ਰੇਲੀਆ ਦੀ ਸੰਸਦ ਵਿਚ ਪੇਸ਼ ਕਾਨੂੰਨ ਹੇਠ ਕੰਪਨੀਆਂ ਨੂੰ ਕੀਤੇ ਗਏ ਜ਼ੁਰਮਾਨੇ ਦੀ ਪੂਰੀ ਜਾਣਕਾਰੀ ਜਨਤਕ ਤੌਰ ਤੇ ਜਾਰੀ ਕੀਤੀ ਜਾਵੇਗੀ।
"ਜਨਤਕ ਤੌਰ ਤੇ ਜਾਣਕਾਰੀ ਪਬਲਿਸ਼ ਕੀਤੇ ਜਾਣਾ ਕਾਰੋਬਾਰਾਂ ਨੂੰ ਕਾਨੂੰਨ ਦੀ ਉਲੰਘਣਾ ਤੋਂ ਰੋਕਣ ਵਿਚ ਪ੍ਰਭਾਵਕ ਹੋਵੇਗਾ ਅਤੇ ਆਸਟ੍ਰੇਲੀਆਈ ਅਤੇ ਵਿਦੇਸ਼ੀ ਕਾਮੇ ਆਪ ਹੀ ਕਾਨੂੰਨੀ ਉਲੰਘਣਾ ਦੀ ਰਿਪੋਰਟ ਦੇ ਸਕਣਗੇ," ਸਹਾਇਕ ਮੰਤਰੀ ਏਲੇਕ੍ਸ ਹਾਕ ਨੇ ਸੰਸਦ ਨੂੰ ਦੱਸਿਆ।
ਇਹ ਨਵਾਂ ਕਾਨੂੰਨ ਇਮੀਗ੍ਰੇਸ਼ਨ ਵਿਭਾਗ ਨੂੰ ਰਿਕਾਰਡ ਇੱਕਠਾ ਕਰਣ, ਅਤੇ ਪੱਕੇ ਤੇ ਆਰਜ਼ੀ ਸਕਿਲਡ ਵੀਜ਼ਾ ਕਾਮਿਆਂ ਦੇ ਟੈਕਸ ਫਾਈਲ ਨੰਬਰ ਹਾਸਿਲ ਕਰਨ ਦਾ ਅਧਿਕਾਰ ਵੀ ਦਿੰਦਾ ਹੈ।
ਵਿਭਾਗ ਦਾ ਕਹਿਣਾ ਹੈ ਕਿ ਇਸ ਕਦਮ ਦੇ ਨਾਲ ਉਹ ਕਾਮਿਆਂ ਅਤੇ ਓਹਨਾ ਨੂੰ ਸਪੌਂਸਰ ਕਰਣ ਵਾਲੇ ਕਾਰੋਬਾਰਾਂ ਵੱਲੋਂ ਕਾਨੂੰਨ ਦੀ ਪਾਲਣਾ ਨਿਸ਼ਚਿਤ ਬਣਾ ਸਕੇਗਾ, ਕਿਉਂਕਿ ਇਸ ਦੇ ਹੇਠ ਵਿਭਾਗ ਜ਼ਰੂਰੀ ਰਿਕਾਰਡ ਤੱਕ ਪਹੁੰਚ ਕਰ ਸਕੇਗਾ, ਜਿਸ ਵਿਚ ਕਾਮਿਆਂ ਦੀ ਤਨਖਾਹ ਅਤੇ ਟੈਕਸ ਆਫ਼ਿਸ ਵਿਚ ਓਹਨਾ ਦੀ ਜਾਣਕਾਰੀ ਸ਼ਾਮਿਲ ਹੈ।
ਸਹਾਇਕ ਮੰਤਰੀ ਏਲੇਕ੍ਸ ਹਾਕ ਨੇ ਦੱਸਿਆ ਕਿ ਇਸ ਨਾਲ ਕਾਮਿਆਂ ਨੂੰ ਸਰਕਾਰ ਵੱਲੋਂ ਮਿੱਥੀ ਤਨਖਾਹ ਤੋਂ ਘੱਟ ਤੇ ਕੰਮ ਕਰਵਾਉਣ ਵਾਲੇ ਅਤੇ ਇਕ ਤੋਂ ਵੱਧ ਥਾਂ ਤੇ ਨੌਕਰੀ ਕਰਣ ਵਾਲੇ ਵੀਸਾਧਾਰਕ ਕਾਮਿਆਂ ਦੀ ਜਾਣਕਾਰੀ ਆਸਾਨੀ ਨਾਲ ਮਿਲਦੀ ਰਹੇਗੀ। ਓਹਨਾ ਕਿਹਾ ਕਿ ਇਹ ਜਾਣਕਾਰੀ ਪੜਚੋਲ ਕਰਣ ਦੇ ਕੰਮ ਵੀ ਆਵੇਗੀ।
ਇਹ ਕਦਮ ਸਰਕਾਰ ਵੱਲੋਂ 457 ਵੀਜ਼ਾ ਨੂੰ ਖ਼ਤਮ ਕਰਣ ਅਤੇ ਇਸਦੀ ਥਾਂ ਇਕ ਨਵਾਂ ਆਰਜ਼ੀ ਸਕਿਲਡ ਸ਼ੋਰਟੇਜ ਵੀਜ਼ਾ ਉਪਲਬਧ ਕਰਾਉਣ ਦਾ ਇਕ ਹਿੱਸਾ ਹੈ।