ਸੁਪਰਿਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਵਲੋਂ ਸਾਲਾਨਾ ਸਿੱਖ ਨਸਲਕੁਸੀ ਯਾਦਗਾਰੀ ਮਾਰਚ ਵਿੱਚ ਸੈਂਕੜੇ ਸੰਗਤਾਂ ਨੇ ਹਿੱਸਾ ਲਿਆ ਅਤੇ ਸ਼ਹੀਦਾਂ ਪ੍ਰਤੀ ਸ਼ਰਧਾਂਝਲੀ ਭੇਟ ਕੀਤੀ।
ਮੈਲਬੌਰਨ ਸ਼ਹਿਰ ਦੇ ਸਿਟੀ ਸਕੁਏਰ ਤੋਂ ਸ਼ੁਰੂ ਹੋਈ ਮਾਰਚ ਸ਼ਹਿਰ ਦੇ ਪ੍ਰਮੁੱਖ ਇਲਾਕੇ ਚੋਂ ਹੁੰਦੀ ਹੋਈ ਫਲੈਗਸਟਾਫ ਗਾਰਡਨਜ਼ ਤੇ ਜਾ ਕੇ ਸਮਾਪਤ ਹੋਈ ਜਿੱਥੇ ਬੁਲਾਰਿਆਂ ਨੇ ਸੰਗਤਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਰਪਿੰਦਰ ਸਿੰਘ ਖੁਸ਼ਦਿਲ ਅਤੇ ਸ਼ੁਭਕਰਮਨਜੀਤ ਸਿੰਘ ਵਲੋਂ ਕਵਿਤਾਵਾਂ ਅਤੇ ਗੁਰਪ੍ਰਭਜੋਤ ਸਿੰਘ ਦਾਖਾ ਵਲੋਂ ਗੀਤ ਦਾ ਗਾਇਨ ਕੀਤਾ ਗਿਆ।

ਪਹਿਲੀ ਵਾਰ ਸਿੱਖ ਨਸਲਕੁਸ਼ੀ ਨਾਲ ਸੰਬੰਧਿਤ ਦੋ ਨਾਟਕ ਵੀ ਖੇਡੇ ਗਏ। ਪਹਿਲੇ ਨਾਟਕ ‘ਸਿਦਕ’ ਦਾ ਨਿਰਦੇਸ਼ਣ ‘ਆਸਟ੍ਰੇਲੀਅਨ ਮਲਟੀਕਲਚਰਲ ਥਿਏਟਰ’ ਦੇ ਐਲੇਸਕ ਸਿੰਘ ਦੁਆਰਾ ਕੀਤਾ ਗਿਆ ਅਤੇ ਇਹ ਨਾਟਕ 1984 ਦੀ ਸਿੱਖ ਨਸਲਕੁਸ਼ੀ ਤੇ ਕੇਂਦਰਿਤ ਸੀ ਅਤੇ ਦੂਸਰਾ ਨਾਟਕ ‘ਰਾਮਗੜੀਆ ਪ੍ਰੋਡਕਸ਼ਨਜ਼’ ਦੇ ਹੈਪੀ ਰਾਮਗੜ੍ਹੀਆ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਸੀ ਜੋ ਕਿ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ ਕੇਂਦਰਿਤ ਸੀ।

ਇਸ ਮੌਕੇ ਪੰਜਾਬ ਤੋਂ ਉਚੇਚੇ ਤੌਰ ਤੇ ਸ਼ਹੀਦ ਸ: ਜਸਵੰਤ ਸਿੰਘ ਖਾਲੜਾ ਦੀ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ ਨੇ ਸੰਗਤਾਂ ਨੁੰ ਸੰਬੋਧਨ ਕੀਤਾ ਅਤੇ ਸ: ਜਸਵੰਤ ਸਿੰਘ ਖਾਲੜਾ ਦੀ ਜੀਵਨੀ, ਉਨ੍ਹਾਂ ਦੇ ਮਿਸ਼ਨ ਅਤੇ ਹੁਣ ਦੀਆਂ ਗਤਿਵਧੀਆ ਤੇ ਚਾਨਣਾ ਪਾਇਆ। ਉਨਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਪੰਜਾਬ ਦੀ ਵਿਧਾਨ ਸਭਾ ਚੋਣਾਂ ਵਿੱਚ ਸਿੱਖ ਨਸਲਕੁਸ਼ੀ, ਪਾਣੀਆਂ ਅਤੇ ਲਾਵਾਰਿਸ ਲਾਸ਼ਾ ਦੇ ਮੁੱਦਿਆਂ ਨੂੰ ਪ੍ਰਮੁੱਖ ਮੁੱਦੇ ਬਣਾਉਣ ਲਈ ਆਪਣੇ ਇਲਾਕੇ ਦੇ ਪ੍ਰਤੀਯੋਗੀਆਂ ਅਤੇ ਨੇਤਾਵਾਂ ਤੇ ਜ਼ੋਰ ਪਾਇਆ ਜਾਵੇ।

ਇਸ ਮੌਕੇ ਇੰਗਲੈਂਡ ਤੋਂ ਆਸਟ੍ਰਲੀਆ ਆਈ ਇਕ ਗੋਰੀ ‘ਲੁਈਸ ਰੈਂਡਲ’ ਨੇ 1984 ਸਿੱਖ ਨਸਲਕੁਸੀ ਬਾਰੇ ਅੰਗਰੇਜ਼ੀ ‘ਚ ਵੀਚਾਰ ਸਾਂਝੇ ਕੀਤੇ।
ਫੈਡਰਲ ਪਾਰਲੀਮੈਂਟ ਦਾ ਇਜਲਾਸ ਚੱਲਦਾ ਹੋਣ ਕਰਕੇ ਆਸਟਰੇਲੀਆਈ ਐਮਪੀ ਇਸ ਸਮਾਗਮ ਵਿੱਚ ਹਾਜ਼ਿਰ ਨਹੀਂ ਹੋ ਸਕੇ ਪਰ ਉਨ੍ਹਾਂ ਦੇ ਭੇਜੇ ਸੰਦੇਸ਼ ਸਮਾਗਮ ‘ਚ ਪੜ੍ਹ ਕੇ ਸੁਣਾਏ ਗਏ।
ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆਂ ਦੇ ਸੱਕਤਰ ਹਰਕੀਰਤ ਸਿੰਘ ਅਜਨੋਹਾ ਨੇ ਮੰਚ ਦਾ ਸੰਚਾਲਨ ਕੀਤਾ ਅਤੇ ਨਸਲਕੁਸ਼ੀ ਦੀ ਮਾਨਤਾ ਸੰਬੰਧੀ ਚੱਲ ਰਹੇ ਉਪਰਾਲਿਆਂ ਪ੍ਰਤੀ ਸੰਗਤਾਂ ਨੂੰ ਜਾਣੂੰ ਕਰਵਾਇਆ ਅਤੇ ਸਮੂਹ ਜੱਥੇਬੰਦੀਆਂ, ਗੁਰੂਦਵਾਰਾ ਸਾਹਿਬਾਨਾਂ ਅਤੇ ਮੀਡੀਆ ਦਾ ਧੰਨਵਾਦ ਕੀਤਾ।
Press Release by Supreme Sikh Council, Australia
