1800 ਦੇ ਦਹਾਕੇ ਤੋਂ ਬਾਅਦ ਆਸਟ੍ਰੇਲੀਆ ਦੇ ਰਿਕਾਰਡਾਂ ਵਿੱਚ ਅਜਿਹਾ ਨਹੀਂ ਦੇਖਿਆ ਗਿਆ ਕਿ ਵਿਦੇਸ਼ਾਂ ਵਿੱਚ ਜਨਮੇ ਲੋਕਾਂ ਦਾ ਅਨੁਪਾਤ ਇੰਨਾ ਵੱਧ ਹੋਇਆ ਹੋਵੇ।
‘ਆਸਟ੍ਰੇਲੀਅਨ ਬਿਓਰੋ ਆਫ ਸਟੈਟਿਸਟਿਕਸ’ ਦੀ ਤਾਜ਼ਾ ਰਿਪੋਰਟ ਮੁਤਾਬਕ ਆਸਟ੍ਰੇਲੀਆ ਦੀ ਆਬਾਦੀ ਵਿੱਚ ਵਿਦੇਸ਼ਾਂ ‘ਚ ਪੈਦਾ ਹੋਏ ਲੋਕਾਂ ਦਾ ਅਨੁਪਾਤ 2022 ਵਿੱਚ 29.5 ਪ੍ਰਤੀਸ਼ਤ ਤੋਂ ਵੱਧ ਕੇ 2023 ਵਿੱਚ 30.7 ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ।

ਵਿਦੇਸ਼ੀ ਮੂਲ ਦੀ ਆਸਟ੍ਰੇਲੀਅਨ ਆਬਾਦੀ ਦਾ ਇੰਨਾ ਉੱਚਾ ਅਨੁਪਾਤ 1891 ਤੋਂ ਬਾਅਦ ਪਹਿਲੀ ਵਾਰ ਦਰਜ ਕੀਤਾ ਗਿਆ ਹੈ।
ਆਸਟ੍ਰੇਲੀਆ ਦੀ ਆਬਾਦੀ ਦਾ ਕਿੰਨਾਂ ਵੱਡਾ ਹਿੱਸਾ ਹਨ ਭਾਰਤੀ?
ਜੂਨ 2023 ਵਿੱਚ ਦਰਜ ਕੀਤੇ ਗਏ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ ਆਸਟ੍ਰੇਲੀਆ ਦੀ ਕੁੱਲ ਜਨਸੰਖਿਆ 26.6 ਮਿਲੀਅਨ ਹੈ ਜਿਸ ਵਿੱਚੋਂ 18.5 ਮਿਲੀਅਨ ਉਹ ਹਨ ਜਿਹਨਾਂ ਦਾ ਜਨਮ ਆਸਟ੍ਰੇਲੀਆ ਵਿੱਚ ਹੋਇਆ, ਅਤੇ 8.2 ਮਿਲੀਅਨ ਅਜਿਹੇ ਹਨ ਜਿੰਨ੍ਹਾਂ ਦਾ ਜਨਮ ਆਸਟ੍ਰੇਲੀਆ ਤੋਂ ਬਾਹਰ ਹੋਰ ਦੇਸ਼ਾਂ ਵਿੱਚ ਹੋਇਆ ਸੀ।
ਆਸਟ੍ਰੇਲੀਆ ਦੀ ਵਿਦੇਸ਼ਾਂ ਵਿੱਚ ਪੈਦਾ ਹੋਈ ਆਬਾਦੀ ਦਾ ਇੱਕ ਤਿਹਾਈ ਤੋਂ ਵੱਧ ਹਿੱਸਾ ਤਿੰਨ ਦੇਸ਼ ਹੀ ਹਨ ਜਿਸ ਵਿੱਚ ਭਾਰਤ ਦੂਜੇ ਸਥਾਨ ਉੱਤੇ ਹੈ। 92,000 ਦੇ ਵਾਧੇ ਨਾਲ ਭਾਰਤ ਵਿੱਚ ਪੈਦਾ ਹੋਣ ਵਾਲੇ ਆਸਟ੍ਰੇਲੀਅਨ ਲੋਕਾਂ ਦੀ ਗਿਣਤੀ 2022 ‘ਚ 754,000 ਤੋਂ ਵੱਧ ਕੇ 846,000 ਹੋ ਗਈ ਹੈ।
ਪਹਿਲੇ ਸਥਾਨ ‘ਤੇ ਮੌਜੂਦ ਇੰਗਲੈਂਡ ‘ਚ ਪੈਦਾ ਹੋਣ ਵਾਲੇ ਆਸਟ੍ਰੇਲੀਅਨ ਲੋਕਾਂ ਦੀ ਗਿਣਤੀ 962,000 ਹੈ। ਜਦਕਿ ਤੀਜੇ ਸਥਾਨ ਉੱਤੇ ਦਰਜ ਚੀਨ ‘ਚ ਪੈਦਾ ਹੋਣਾ ਵਾਲੀ ਆਸਟ੍ਰੇਲੀਅਨ ਆਬਾਦੀ ਦੀ ਗਿਣਤੀ 656,000 ਹੈ।
ਨਿਊ-ਜ਼ੀਲੈਂਡ ਤੋਂ ਆਸਟ੍ਰੇਲੀਆ ਵਿੱਚ ਵੱਸਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਵੀ ਲਗਾਤਾਰ ਵਾਧਾ ਹੋਇਆ ਹੈ। ਕੀਵੀਜ਼ ਦੀ ਆਬਾਦੀ 598,000 ਹੈ।
2013 ਤੋਂ 2023 ਦੌਰਾਨ ਭਾਰਤੀ ਭਾਈਚਾਰੇ ਦੀ ਆਬਾਦੀ ਸਭ ਤੋਂ ਤੇਜ਼ ਵਧੀ ਹੈ
2013-2023 ਦੌਰਾਨ ਜਿੰਨ੍ਹਾਂ ਭਾਈਚਾਰਿਆਂ ਦੀ ਆਬਾਦੀ ਸਭ ਤੋਂ ਤੇਜ਼ੀ ਨਾਲ ਵਧੀ ਉਸ ਵਿੱਚ ਭਾਰਤੀ ਭਾਈਚਾਰਾ ਸਭ ਤੋਂ ਅੱਗੇ ਹੈ।
ਚੀਨੀ, ਨੇਪਾਲੀ ਅਤੇ ਫਿਲੀਪਿਨੋ ਭਾਈਚਾਰੇ ਵੀ ਇਸ ਲੜੀ ਵਿੱਚ ਸ਼ਾਮਲ ਹਨ।
ਹਾਲਾਂਕਿ ਵਿਦੇਸ਼ਾਂ ਤੋਂ ਇਥੇ ਵੱਸਣ ਵਾਲੇ ਦੇਸ਼ਾਂ ਵਿੱਚ ਸਭ ਤੋਂ ਵੱਧ ਉਮਰ ਦੇ ਲੋਕ ਲਾਤਵੀਆ ਤੋਂ ਹਨ ਜਿੰਨ੍ਹਾਂ ਦੀ ਔਸਤ ਉਮਰ 80 ਸਾਲ ਹੈ।
ਜਦਕਿ ਸਭ ਤੋਂ ਛੋਟੀ ਉਮਰ ਦੇ ਵਿਦੇਸ਼ਾਂ ‘ਚ ਪੈਦਾ ਹੋਏ ਲੋਕ ਕਤਰ ਤੋਂ ਹਨ, ਜਿਸਦੀ ਆਬਾਦੀ ਦੀ ਔਸਤ ਉਮਰ 15 ਸਾਲ ਹੈ।

ਵਿਸ਼ਵ ਪੱਧਰ ਉੱਤੇ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 2020 ਤੱਕ 280.6 ਮਿਲੀਅਨ ਲੋਕ ਅਜਿਹੇ ਹਨ ਜੋ ਆਪਣੇ ਜਨਮ ਦੇ ਦੇਸ਼ ਤੋਂ ਬਾਹਰ ਰਹਿ ਰਹੇ ਹਨ।
ਆਸਟ੍ਰੇਲੀਆ ਵਿੱਚ ਰਹਿਣ ਵਾਲੇ ਵਿਦੇਸ਼ੀ ਮੂਲ ਦੇ ਲੋਕਾਂ ਦੀ ਸੰਖਿਆ ਮੁਤਾਬਕ ਆਸਟ੍ਰੇਲੀਆ ਵਿਸ਼ਵ ਵਿੱਚ ਨੌਵੇਂ ਸਥਾਨ ‘ਤੇ ਹੈ ਜੋ ਕਿ ਇਸਦੀ ਆਬਾਦੀ ਦਾ ਵੱਡਾ ਅਨੁਪਾਤ 29.9 ਪ੍ਰਤੀਸ਼ਤ ਬਣਦਾ ਹੈ।
ਇਸ ਵੱਡੇ ਅਨੁਪਾਤ ਵਿੱਚ ਭਾਰਤੀ ਭਾਈਚਾਰਾ ਵੀ ਇੱਕ ਵੱਡਾ ਯੋਗਦਾਨ ਪਾਉਂਦਾ ਹੈ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
