SKIP TO MAIN CONTENT

ਆਸਟ੍ਰੇਲੀਆ ਜਲਦੀ ਸ਼ੁਰੂ ਕਰ ਸਕਦਾ ਹੈ ਖੇਤੀਬਾੜੀ ਵੀਜ਼ਾ

ਆਸਟ੍ਰੇਲੀਆ ਦੇ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਕਿਸਾਨਾਂ ਨੂੰ ਲੇਬਰ ਮਿਲਣੀ ਮੁਸ਼ਕਿਲ ਹੋ ਰਹੀ ਹੈ ਅਤੇ ਇਸ ਵੀਜ਼ੇ ਨੂੰ ਸ਼ੁਰੂ ਕਰਵਾਉਣਾ ਉਹਨਾਂ ਲਈ ਸਭ ਤੋਂ ਅਹਿਮ ਹੈ।

farmer
Source: SBS Punjabi

3 min read

Published

Updated

By ਸ਼ਮਸ਼ੇਰ ਕੈਂਥ


Skip to article content

ਆਸਟ੍ਰੇਲੀਆ ਦੇ ਵੱਖ ਵੱਖ ਖੇਤਰਾਂ ਵਿੱਚ ਖੇਤੀ ਬੜੀ ਕਰ ਰਹੇ ਕਿਸਾਨਾਂ ਨੂੰ ਸਹੀ ਸਮੇਂ ਤੇ ਲੇਬਰ ਹਾਸਿਲ ਕਰਨ ਵਿੱਚ ਆਉਂਦੀ ਮੁਸ਼ਕਿਲ ਦੇ ਚਲਦਿਆਂ ਸਰਕਾਰ ਖੇਤੀ ਪੇਸ਼ੇ ਲਈ ਇੱਕ ਖਾਸ ਵੀਜ਼ਾ ਸ਼ੁਰੂ ਕਰ ਸਕਦੀ ਹੈ।

ਨਿਊ ਸਾਊਥ ਵੇਲਜ਼ ਦੇ ਗਿਰੀਫ਼ਿਥ ਵਿੱਚ ਸੰਤਰੇ ਦੀ ਖੇਤੀ ਕਰਨ ਵਾਲੇ ਜਸਵਿੰਦਰ ਸਿੰਘ ਮਾਵੀ ਦੱਸਦੇ ਹਨ ਕਿ ਕਈ ਵਾਰ ਸਮੇਂ ਸਰ ਲੇਬਰ ਨਾ ਮਿਲਣ ਤੇ ਉਹਨਾਂ ਦੀ ਫਸਲ ਬੂਟਿਆਂ ਨੂੰ ਲੱਗੀ ਹੀ ਖਰਾਬ ਹੋ ਜਾਂਦੀ ਹੈ।

"ਮਈ ਤੋਂ ਅਗਸਤ ਤੱਕ ਦਾ ਸਮਾਂ ਸਾਡੇ ਲਈ ਬੜਾ ਖਾਸ ਹੁੰਦਾ ਹੈ। ਤੇ ਜੇਕਰ ਇਸ ਸਮੇ ਲੇਬਰ ਨਾ ਮਿਲੇ ਤਾਂ ਬੜੀ ਮੁਸ਼ਕਿਲ ਹੋ ਜਾਂਦੀ ਹੈ।"

ਉਹ ਦੱਸਦੇ ਹਨ ਕਿ ਉਹਨਾਂ ਦੇ ਪਰਿਵਾਰ ਕੋਲ ਕੁੱਲ 300 ਏਕੜ ਦੇ ਛੇ ਫਾਰਮ ਹਨ। ਤੇ ਆਸਕਰ ਉਹ ਇੱਕ ਦੂਜੇ ਤੋਂ ਲੇਬਰ ਲੈ ਕੇ ਤੇ ਹੋਰ ਪਰਿਵਾਰਿਕ ਦੋਸਤਾਂ ਰਿਸ਼ਤੇਦਾਰਾਂ ਦੀ ਮਦਦ ਵੀ ਲੈਂਦੇ ਹਨ।

ਜਸਵਿੰਦਰ ਸਿੰਘ ਮਾਵੀ ਦੱਸਦੇ ਹਨ ਕਿ ਉਹਨਾਂ ਨੂੰ ਫਸਲ ਚੁਗਣ ਦੇ ਸਮੇਂ ਲੇਬਰ ਹਾਸਿਲ ਕਰਨ ਵਿੱਚ ਖਾਸੀ ਮੁਸ਼ਕਿਲ ਪੇਸ਼ ਆਉਂਦੀ ਹੈ।
ਜਸਵਿੰਦਰ ਸਿੰਘ ਮਾਵੀ ਦੱਸਦੇ ਹਨ ਕਿ ਉਹਨਾਂ ਨੂੰ ਫਸਲ ਚੁਗਣ ਦੇ ਸਮੇਂ ਲੇਬਰ ਹਾਸਿਲ ਕਰਨ ਵਿੱਚ ਖਾਸੀ ਮੁਸ਼ਕਿਲ ਪੇਸ਼ ਆਉਂਦੀ ਹੈ। Source: Supplied

ਹਾਲਾਂਕਿ ਮੌਜੂਦਾ ਸਮੇਂ ਵਿੱਚ ਕਈ ਸਾਰੇ ਵੀਜ਼ੇ ਹਨ ਜਿਹਨਾਂ ਜ਼ਰੀਏ ਖੇਤ ਕਾਮੇ ਆਸਟ੍ਰੇਲੀਆ ਵਿੱਚ ਆ ਕੇ ਕੰਮ ਕਰਦੇ ਹਨ। ਇਹਨਾਂ ਵਿੱਚ ਸੀਜ਼ਨਲ ਵਰਕਰ ਪ੍ਰੋਗਰਾਮ, ਵਰਕਿੰਗ ਹੌਲੀਡੇ ਮੇਕਰ ਵੀਜ਼ਾ, ਆਦਿ ਸ਼ਾਮਿਲ ਹਨ।

ਕੁਈਨਸਲੈਂਡ ਵਿੱਚ ਹੌਰਟੀਕਲਚਰ ਕਿਸਾਨਾਂ ਦੀ ਨੁਮਾਇੰਦਾ ਜੱਥੇਬੰਦੀ ਗਰੋਕਾਮ ਦੇ ਮੁਖੀ ਡੇਵਿਡ ਥੋਮਪਸੋਨ ਦੇ ਮੁਤਾਬਿਕ, ਮੌਜੂਦਾ ਵੀਜ਼ਾ ਨੀਤੀ ਢੁੱਕਵੀ ਨਹੀਂ ਹੈ ਅਤੇ ਕਈ ਕਾਮੇ ਆਸਟ੍ਰੇਲੀਆ ਆਉਣ ਮਗਰੋਂ ਗੈਰਕਾਨੂੰਨੀ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਨ।

ਉਹਨਾਂ ਨੇ ਮੰਗ ਕੀਤੀ ਹੈ ਕਿ ਆਸਟ੍ਰੇਲੀਆ ਸਰਕਾਰ 6-9 ਮਹੀਨੇ ਦੀ ਮਿਆਦ ਦਾ ਮਲਟੀਪਲ ਐਂਟਰੀ ਵੀਜ਼ਾ ਖਾਸ ਖੇਤ ਕਾਮਿਆਂ ਲਈ ਸ਼ੁਰੂ ਕਰੇ ਜਿਸ ਵਿੱਚ ਸਪੌਂਸਰਸ਼ਿਪ ਜਾਂ ਲੇਬਰ ਮਾਰਕੀਟ ਟੈਸਟਿੰਗ ਦੀ ਲੋੜ ਨਾ ਹੋਵੇ।

Agriculture Minister David Littleproud at a press conferenc
ਖੇਤੀਬਾੜੀ ਮੰਤਰੀ ਡੇਵਿਡ ਲਿੱਟਲਪ੍ਰਾਊਡ Source: AAP

ਕਿਸਾਨਾਂ ਦੀ ਇਸ ਮੰਗ ਦਾ ਆਸਟ੍ਰੇਲੀਆ ਦੇ ਖੇਤੀਬਾੜੀ ਮੰਤਰੀ ਡੇਵਿਡ ਲਿੱਟਲਪ੍ਰਾਊਡ ਨੇ ਸਮਰਥਨ ਕੀਤਾ ਹੈ। ਉਹਨਾਂ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਖੇਤੀਬਾੜੀ ਮੰਤਰੀ ਬਣਨ ਮਾਗੋਂ ਇਸ ਵੀਜ਼ੇ ਨੂੰ ਸ਼ੁਰੂ ਕਰਵਾਉਣਾ ਉਹਨਾਂ ਨੇ ਆਪਣੀ ਸਭ ਤੋਂ ਜ਼ਰੂਰੀ ਪਹਿਲ ਬਣਾਇਆ ਸੀ।

"ਖੇਤੀਬਾੜੀ ਵਿੱਚ ਲੇਬਰ ਦੀ ਬੜੀ ਭਾਰੀ ਲੋੜ ਹੈ, ਖਾਸ ਕਰ ਫਸਲ ਚੁਗਣ ਵੇਲੇ ਅਤੇ ਇੱਕ ਖਾਸ ਕਿਰਸਾਨੀ ਵੀਜ਼ਾ ਇਸ ਮੁਸ਼ਕਿਲ ਨੂੰ ਹੱਲ ਕਰ ਸਕਦਾ ਹੈ," ਸ਼੍ਰੀ ਲਿੱਟਲਪ੍ਰਾਊਡ ਨੇ ਕਿਹਾ।

ਉਹਨਾਂ ਇਹ ਵੀ ਕਿਹਾ ਕਿ ਇਸ ਵੀਜ਼ੇ ਨਾਲ ਕਿਸਾਨਾਂ ਨੂੰ ਕਈ ਸਾਰੇ ਵੱਖਰੇ ਵੀਜ਼ਿਆਂ ਨਾਲ ਮੱਥਾ ਲਾਉਣ ਦੀ ਲੋੜ ਨਹੀਂ ਹੋਵੇਗੀ।

ਆਸਟ੍ਰੇਲੀਆ ਦੇ ਇਮੀਗ੍ਰੇਸ਼ਨ ਮੰਤਰੀ ਡੇਵਿਡ ਕੋਲਮੈਨ ਵੀ ਮੰਨਦੇ ਹਨ ਕਿ ਆਸਟ੍ਰੇਲੀਆ ਦੇ ਹਰੇਕ ਖੇਤਰ ਦੀਆਂ ਇਮੀਗ੍ਰੇਸ਼ਨ ਸਬੰਧੀ ਲੋੜਾਂ ਇੱਕ ਸਾਰ ਨਹੀਂ ਹਨ ਅਤੇ ਉਹਨਾਂ ਲਈ ਨਵੇਂ ਜ਼ਰੀਏ ਭਾਲਣ ਦੀ ਲੋੜ ਹੈ।

"ਖਾਸਕਰ, ਸਾਨੂ ਆਸਟ੍ਰੇਲੀਆ ਦੇ ਪੇਂਡੂ ਇਲਾਕਿਆਂ ਵਿੱਚ ਲੇਬਰ ਦੀ ਕਮੀ ਨੂੰ ਪੂਰਾ ਕਰਨ ਲਈ ਢੰਗ ਤਰੀਕਿਆਂ ਬਾਰੇ ਬਾਰੀਕੀ ਨਾਲ ਵਿਚਾਰ ਕਰਨ ਦੀ ਲੋੜ ਹੈ," ਸ਼੍ਰੀ ਕੋਲਮੈਂਨ ਨੇ ਕਿਹਾ।

ਬੀਤੇ ਹਫਤੇ , ਸ਼੍ਰੀ ਲਿੱਟਲਪ੍ਰਾਊਡ ਨੇ ਇਸ਼ਾਰਾ ਦਿੱਤਾ ਕਿ ਇਹ ਵੀਜ਼ਾ ਜਲਦੀ ਹੀ ਉਪ੍ਲੱਬਧ ਹੋ ਜਾਵੇਗਾ।

Follow SBS Punjabi on Facebook and Twitter.


Follow SBS Punjabi

Download our apps

Watch on SBS

Punjabi News

Stream now