ਆਸਟ੍ਰੇਲੀਆ ਵਿੱਚ ਸਾਲ ੨੦੧੮ ਲਈ ਪੜ੍ਹਨ ਆਏ ਵਿਦਿਆਰਥੀਆਂ ਦੀ ਗਿਣਤੀ ਵਿੱਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ।
ਫੈਡਰਲ ਸਿਖਿਆ ਮੰਤਰੀ ਸਾਈਮਨ ਬ੍ਰਮਿੰਘਮ ਨੇ ਸਰਕਾਰੀ ਆਂਕੜੇ ਜਾਰੀ ਕਰਦਿਆਂ ਦੱਸਿਆ ਕਿ ਇਸ ਸਾਲ ਦੇ ਆਂਕੜੇ ਅੱਧਾ ਮਿਲੀਅਨ (੫ ਲੱਖ) ਤੋਂ ਵੀ ਉਪਰ ਪਹੁੰਚ ਗਏ ਹਨ।
ਚੀਨ ੩੧ ਫੀਸਦੀ ਵਿਦਿਆਰਥੀ ਗਿਣਤੀ ਨਾਲ ਸਬ ਤੋਂ ਉਪਰ ਹੈ, ਭਾਰਤ ਤੋਂ ਆਓਂਦੇ ਵਿਦਿਆਰਥੀਆਂ ਦੀ ਗਿਣਤੀ ੧੨ ਫ਼ੀਸਦੀ ਹੈ।
ਇਹਨਾਂ ਰਿਕਾਰਡ ਤੋੜ ਅੰਕੜਿਆਂ ਦੇ ਚਲਦਿਆਂ ਆਸਟ੍ਰੇਲੀਆ ਵਿੱਚ ਇਹ ਸਨਅਤ ਹੁਣ ੩੨ ਬਿਲੀਅਨ ਡਾਲਰ ਤੇ ਪਹੁੰਚ ਗਈ ਜੋ ਸਾਲ ੨੦੧੬ ਨਾਲੋਂ ੨੨ ਫ਼ੀਸਦੀ ਵੱਧ ਹੈ।
ਪਰ ਵੱਡਾ ਸੁਆਲ ਇਹ ਹੈ ਕਿ ਅੰਤਰਾਸ਼ਟਰੀ ਵਿਦਿਆਰਥੀ ਜੋ ਆਸਟ੍ਰੇਲੀਆ ਨੂੰ ਬਿਲੀਅਨਜ਼ ਡਾਲਰ ਦੇ ਰਹੇ ਹਨ ਕੀ ਓਹਨਾ ਦੀ ਦੇਖਭਾਲ ਲਈ ਯੋਗ ਤੇ ਸੁਹਿਰਦ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਅਰਜੁਨ ਮਦਾਥਿਲ ਜੋ ਕਾਉਂਸਿਲ ਓਫ ਇੰਟਰਨੈਸ਼ਨਲ ਸਟੂਡੈਂਟਸ ਦੇ ਨੁਮਾਇੰਦੇ ਹਨ, ਨੇ ਐੱਸ ਬੀ ਐੱਸ ਹਿੰਦੀ ਨੂੰ ਦੱਸਿਆ ਕਿ ਆਸਟ੍ਰੇਲੀਆ ਨੇ ਕੰਮ ਦੇ ਹੱਕ ਦੇਕੇ ਤੇ ਪੀ ਆਰ ਲਈ ਰਸਤੇ ਖੁੱਲੇ ਰੱਖਕੇ ਚੰਗਾ ਕੰਮ ਕੀਤਾ ਹੈ ਪਰ ਸਨਅਤ ਨੂੰ ਮਜਬੂਤ ਕਰਨ ਲਈ ਅਜੇ ਹੋਰ ਵੀ ਕਦਮ ਚੁੱਕਣ ਦੀ ਲੋੜ ਹੈ।
ਅੰਤਰਾਸ਼ਟਰੀ ਵਿਦਿਆਰਥੀਆਂ ਨੂੰ ਵੱਡੀਆਂ ਚੁਣੌਤੀਆਂ ਕੰਮ ਦੌਰਾਨ ਸ਼ੋਸ਼ਣ ਤੇ ਰਿਹਾਇਸ਼ ਨੂੰ ਲੈਕੇ ਆਉਂਦੀਆਂ ਹਨ ਅਤੇ ਇਸ ਦਾ ਤੋੜ ਲੱਭਣਾ ਅਤੀ ਜਰੂਰੀ ਹੈ।