SKIP TO MAIN CONTENT

ਵਿਦੇਸ਼ਾਂ ਵਿਚ ਫ਼ਸੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਦਿੱਤਾ ਜਾਵੇਗਾ ਵਿਆਜ-ਮੁਕਤ ਕਰਜ਼ਾ; ਸਥਾਈ ਵਸਨੀਕ ਨਹੀਂ ਹੋਣਗੇ ਯੋਗ

ਯਾਤਰਾ ਪਾਬੰਦੀਆਂ, ਉਡਾਣਾਂ ਦੀ ਘਾਟ, ਅਤੇ ਆਉਣ ਵਾਲ਼ੇ ਮੁਸਾਫਿਰਾਂ ਤੇ ਲੱਗੀ ਹੱਦਬੰਦੀ ਵਜੋਂ ਵਿਦੇਸ਼ਾਂ ਤੋਂ ਆਸਟ੍ਰੇਲੀਆ ਵਾਪਸ ਮੁੜਣ ਵਿੱਚ ਅਸਮਰੱਥ ਆਸਟ੍ਰੇਲੀਆਈ ਨਾਗਰਿਕਾਂ ਦੀ ਸਹਾਇਤਾ ਲਈ ਸਰਕਾਰ ਨੇ 2000 ਤੋਂ 5000 ਡਾਲਰ ਦਾ ਵਿਆਜ-ਮੁਕਤ ਕਰਜਾ ਦੇਣ ਦੀ ਘੋਸ਼ਣਾ ਕੀਤੀ ਹੈ। ਵਿਦੇਸ਼ਾਂ ਵਿੱਚ ਫ਼ਸੇ ਸੈਂਕੜੇ ਸਥਾਈ ਵਸਨੀਕ ਇਸ ਵਿੱਤੀ ਪ੍ਰੋਗ੍ਰਾਮ ਲਈ ਯੋਗ ਨਹੀਂ ਹੋਣਗੇ।

Australians travelling home
Chetna Gill with her two sons. Source: Supplied

2 min read

Published

Updated

By Avneet Arora, Ravdeep Singh



Skip to article content

ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਮੰਤਰਾਲੇ ਨੇ ਵਿਦੇਸ਼ਾਂ ਵਿੱਚ ਔਖੇ ਹਲਾਂਤਾਂ ਨਾਲ਼ ਜੂਝ ਰਹੇ ਆਸਟ੍ਰੇਲੀਆਈ ਨਾਗਰਿਕਾਂ ਨੂੰ ਰਹਿਣ-ਸਹਿਣ ਦੇ ਖਰਚਿਆਂ ਅਤੇ ਆਸਟ੍ਰੇਲੀਆ ਵਾਪਸੀ ਦੀ ਹਵਾਈ ਟਿਕਟ ਲਈ ਇਹ ਵਿੱਤੀ ਸਹਾਇਤਾ ਦੇਣ ਦਾ ਫ਼ੈਸਲਾ ਕੀਤਾ ਹੈ। ਆਸਟ੍ਰੇਲੀਆ ਮੁੜ ਪਰਤਣ ਤੋਂ ਬਾਅਦ ਹੀ ਨਾਗਰਿਕਾਂ ਨੂੰ ਇਸ ਵਿਆਜ ਮੁਕਤ ਕਰਜ਼ੇ ਦਾ ਭੁਗਤਾਨ ਕਰਣਾ ਸ਼ੁਰੂ ਕਰਣਾ ਪਵੇਗਾ।

ਵਿਭਾਗ ਵਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ ਇਸ ਵੇਲੇ 23,000 ਦੇ ਕਰੀਬ ਆਸਟ੍ਰੇਲੀਆਈ ਨਾਗਰਿਕ ਵਿਦੇਸ਼ਾਂ ਵਿੱਚ ਫ਼ਸੇ ਹੋਏ ਹਨ ਜਿਸ ਵਿੱਚੋਂ ਬਹੁਗਿਣਤੀ ਭਾਰਤ ਵਿੱਚ ਅਟਕੇ ਹੋਏ ਹਨ।

ਯੋਗਤਾ ਦੇ ਮਾਪਦੰਡਾ ਅਨੁਸਾਰ ਸਿਰਫ ਆਸਟ੍ਰੇਲੀਆਈ ਨਾਗਰਿਕ ਹੀ ਇਨ੍ਹਾਂ ਐਮਰਜੈਂਸੀ ਕਰਜ਼ਿਆਂ ਨੂੰ ਪ੍ਰਾਪਤ ਕਰਨ ਦੇ ਯੋਗ ਹੋਣਗੇ। ਸਥਾਈ ਵਸਨੀਕ ਸਿਰਫ ਹੇਠਲੀਆਂ ਸਥਿਤੀਆਂ ਵਿੱਚ ਇਨ੍ਹਾਂ ਕਰਜ਼ਿਆਂ ਲਈ ਯੋਗ ਹੋਣਗੇ:

- ਜੇ ਕੋਈ ਸਥਾਈ ਵਸਨੀਕ ਆਪਣੇ ਕਿਸੇ ਪ੍ਰਾਇਮਰੀ ਪਰਿਵਾਰਕ ਮੈਂਬਰ ਨਾਲ ਯਾਤਰਾ ਕਰ ਰਹੇ ਹਨ ਜੋ ਆਸਟ੍ਰੇਲੀਆਈ ਨਾਗਰਿਕ ਹੈ, ਜਾਂ

- ਜੇ ਕਿਸੇ ਸਥਾਈ ਵਸਨੀਕ ਨਾਲ ਯਾਤਰਾ ਕਰਨ ਵਾਲੇ ਪਰਿਵਾਰ ਵਿਚ ਇਕਲੌਤਾ ਆਸਟ੍ਰੇਲੀਆਈ ਨਾਗਰਿਕ ਇਕ ਬੱਚਾ ਹੈ, ਤਾਂ ਮਨਜ਼ੂਰੀ ਉਸ ਨਿਵਾਸੀ ਦੇ ਆਸਟ੍ਰੇਲੀਆ ਨਾਲ਼ ਉਸਦੇ ਸਮਾਜਿਕ ਅਤੇ ਆਰਥਿਕ ਰਿਸ਼ਤਾ ਦੀ ਡੁੰਘਾਈ ਉੱਤੇ ਨਿਰਭਰ ਕਰੇਗਾ।

ਇਨ੍ਹਾਂ ਮਾਪਦੰਡਾਂ ਵਿੱਚ ਪ੍ਰਤੱਖ ਵਿੱਤਕਰੇ ਨੂੰ ਲੈ ਕੇ ਸਥਾਈ ਵਸਨੀਕਾਂ ਵਿੱਚ ਕਾਫ਼ੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕੀ ਇਨ੍ਹਾਂ ਕਸੂਤੇ ਹਲਾਤਾਂ ਵਿੱਚ ਇਸ ਪੱਖਪਾਤ ਨੂੰ ਕਬੂਲਣਾ ਬਹੁਤ ਮੁਸ਼ਕਲ ਹੈ।   

ਆਸਟ੍ਰੇਲੀਆ ਵਿੱਚ ਲੋਕਾਂ ਨੂੰ ਇੱਕ-ਦੂਸਰੇ ਤੋਂ ਘੱਟੋ-ਘੱਟ 1.5 ਮੀਟਰ ਦੀ ਦੂਰੀ ‘ਤੇ ਰਹਿਣਾ ਚਾਹੀਦਾ ਹੈ। ਇਕੱਠਾਂ ਉੱਤੇ ਲੱਗੀਆਂ ਪਾਬੰਦੀਆਂ ਬਾਰੇ ਜਾਣਕਾਰੀ ਤੁਸੀਂ ਆਪਣੇ ਰਾਜ ਜਾਂ ਪ੍ਰਦੇਸ਼ ਦੀ ਵੈਬਸਾਈਟ ਤੋਂ ਲੈ ਸਕਦੇ ਹੋ।

ਜੇ ਤੁਹਾਨੂੰ ਠੰਡ ਜਾਂ ਫਲੂ ਵਰਗੇ ਲੱਛਣ ਮਹਿਸੂਸ ਹੋ ਰਹੇ ਹਨ ਤਾਂ ਤੁਸੀਂ ਆਪਣੇ ਡਾਕਟਰ ਜਾਂ ਕਰੋਨਾਵਾਇਰਸ ਹੈਲਥ ਇਨਫੋਰਮੇਸ਼ਨ ਹੋਟਲਾਈਨ ਨੂੰ 1800 020 080 ‘ਤੇ ਫੋਨ ਕਰਦੇ ਹੋਏ ਟੈਸਟ ਕਰਵਾ ਸਕਦੇ ਹੋ।

ਐਸ ਬੀ ਐਸ ਆਸਟ੍ਰੇਲੀਆ ਭਰ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀ sbs.com.au/coronavirus ਉੱਤੇ ਉਪਲਬਧ ਹੈ। 


Follow SBS Punjabi

Download our apps

Watch on SBS

Punjabi News

Stream now