ਪ੍ਰਧਾਨ ਮੰਤਰੀ ਸਕਾਟ ਮੌਰੀਸਨ ਅਤੇ ਨਰਿੰਦਰ ਮੋਦੀ ਵਿਚਾਲ਼ੇ ਦੂਜੇ ਭਾਰਤ-ਆਸਟ੍ਰੇਲੀਆ ਵਰਚੁਅਲ ਸੰਮੇਲਨ ਦੌਰਾਨ ਪ੍ਰਵਾਸ, ਗਤੀਸ਼ੀਲਤਾ ਅਤੇ ਸਿੱਖਿਆ ਸਮੇਤ ਪ੍ਰਮੁੱਖ ਖੇਤਰਾਂ ਵਿੱਚ ਵਪਾਰਕ ਸਬੰਧਾਂ ਵਿੱਚ ਸਹਿਯੋਗ ਨੂੰ ਵਧਾਉਣ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ।
ਸ੍ਰੀ ਮੌਰੀਸਨ ਨੇ ਕਿਹਾ ਕਿ, “ਦੋਹਾਂ ਮੁਲਕਾਂ ਨੇ ਰੱਖਿਆ, ਸਮੁੰਦਰੀ ਸਹਿਯੋਗ, ਵਿਗਿਆਨ, ਤਕਨਾਲੋਜੀ ਅਤੇ ਸਾਫ਼ -ਸੁਥਰੀ ਊਰਜਾ ਖ਼ੇਤਰਾਂ ਵਿੱਚ ਬਹੁਤ ਸਹਿਯੋਗ ਕੀਤਾ ਹੈ ਅਤੇ ਮਹਾਂਮਾਰੀ ਤੋਂ ਬਾਅਦ ਦੀ ਰਿਕਵਰੀ ਵਿੱਚ ਵੀ ਅਸੀਂ ਇਕੱਠੇ ਕੰਮ ਕਰਾਂਗੇ।"
ਇੱਕ ਵਰਚੁਅਲ ਮੀਟਿੰਗ ਤੋਂ ਬਾਅਦ ਆਸਟ੍ਰੇਲੀਆ ਵਲੋਂ ਭਾਰਤ ਨਾਲ਼ ਭਾਈਚਾਰਕ ਸਬੰਧਾਂ ਨੂੰ ਹੋਰ ਵਧਾਉਣ, ਜਨਤਕ ਵਿਚਾਰ-ਵਟਾਂਦਰੇ ਅਤੇ ਨੀਤੀਗਤ ਸੰਵਾਦ ਨੂੰ ਉਤਸ਼ਾਹਿਤ ਕਰਨ ਲਈ ਅਤੇ ਆਸਟ੍ਰੇਲੀਆ-ਭਾਰਤ ਸਬੰਧਾਂ ਵਿੱਚ ਸੁਧਾਰ ਲਿਆਉਣ ਲਈ 28.1 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਕੀਤਾ ਗਿਆ।
ਆਸਟ੍ਰੇਲੀਆ ਨੇ ਆਸਟ੍ਰੇਲੀਆ-ਭਾਰਤ ਰਣਨੀਤਕ ਖੋਜ ਫੰਡ ਨੂੰ ਵਧਾਉਣ ਲਈ 17.2 ਮਿਲੀਅਨ ਡਾਲਰ, ਸਵੱਛ ਉਦਯੋਗ ਵਿਗਿਆਨ, ਨਾਜ਼ੁਕ ਅਤੇ ਦੁਰਲਭ ਖਣਿਜਾਂ, ਊਰਜਾ ਖੋਜ, ਉਤਪਾਦਨ ਅਤੇ ਵਪਾਰੀਕਰਨ ਉੱਤੇ ਸਹਿਯੋਗ ਲਈ 35.7 ਮਿਲੀਅਨ ਡਾਲਰ ਅਤੇ ਭਾਰਤ ਨਾਲ ਪੁਲਾੜ ਖੋਜ ਸਹਿਯੋਗ ਲਈ 25.2 ਮਿਲੀਅਨ ਡਾਲਰ ਨਿਵੇਸ਼ ਕਰਨ ਲਈ ਵੀ ਵਚਨਬੱਧਤਾ ਪ੍ਰਗਟਾਈ ਹੈ।
ਦੁਵੱਲੀ ਗਤੀਸ਼ੀਲਤਾ ਵਧਾਉਣ ਲਈ ਦੋਵਾਂ ਦੇਸ਼ਾਂ ਵਿਚਾਲ਼ੇ ਵਿਦਿਅਕ, ਵਪਾਰ ਅਤੇ ਪੇਸ਼ੇਵਰ ਯੋਗਤਾਵਾਂ ਦੀ ਸਾਂਝੀ ਮਾਨਤਾ ਲਈ ਇੱਕ ਟਾਸਕ ਫੋਰਸ ਸਥਾਪਤ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ।
ਸਿੱਖਿਆ ਅਤੇ ਨੌਜਵਾਨ ਮਸਲਿਆਂ ਦੇ ਕਾਰਜਕਾਰੀ ਮੰਤਰੀ ਸਟੂਅਰਟ ਰੌਬਰਟ ਨੇ ਕਿਹਾ, "ਇਹ ਟਾਸਕ ਫ਼ੋਰਸ ਭਾਰਤ ਅਤੇ ਆਸਟ੍ਰੇਲੀਆ ਦੇ ਗ੍ਰੈਜੂਏਟਾਂ ਲਈ ਆਪਣੀਆਂ ਯੋਗਤਾਵਾਂ ਦੀ ਵਰਤੋਂ ਕਰਨ ਲਈ ਨਵੇਂ ਰਾਹ ਪੱਧਰਾ ਕਰੇਗੀ। ਸਿੱਖਿਆ ਦੇ ਖ਼ੇਤਰ ਵਿੱਚ ਇਸ ਸਹਿਯੋਗ ਨੂੰ ਵਧਾਕੇ ਦੋਵਾਂ ਦੇਸ਼ਾਂ ਨੂੰ ਇਸ ਦਾ ਫ਼ਾਇਦਾ ਹੋਵੇਗਾ।
280 ਮਿਲੀਅਨ ਡਾਲਰ ਨਿਵੇਸ਼ ਪੈਕੇਜ ਦੇ ਵੇਰਵਿਆਂ ਬਾਰੇ ਦੱਸਦੇ ਹੋਏ ਆਸਟ੍ਰੇਲੀਆ ਦੇ ਵਪਾਰ ਮੰਤਰੀ ਡੈਨ ਟੇਹਾਨ ਨੇ ਕਿਹਾ ਕਿ, "ਆਸਟ੍ਰੇਲੀਆ ਰਹਿੰਦਾ ਬਹੁਤਾ ਭਾਰਤੀ ਭਾਈਚਾਰਾ ਨੌਜਵਾਨ ਉਮਰ ਵਰਗ ਦਾ ਹੈ, ਜਿਨਾ ਵਿੱਚੋਂ ਬਹੁਤਿਆਂ ਨੇ ਉੱਚ-ਸਿੱਖਿਆ ਪ੍ਰਾਪਤ ਕੀਤੀ ਹੈ ਅਤੇ ਉਹ ਬਹੁਤ ਅਹਿਮ ਖ਼ੇਤਰਾਂ ਵਿੱਚ ਆਪਣਾ ਕੀਮਤੀ ਯੋਗਦਾਨ ਦੇ ਰਿਹਾ ਹੈ।"
"ਮੇਰਾ ਮਨਣਾ ਹੈ ਕਿ ਭਾਰਤੀ ਮੂਲ ਦੇ ਲੋਕ ਸਾਡੇ ਵਪਾਰ ਅਤੇ ਨਿਵੇਸ਼ ਸਬੰਧਾਂ ਵਿੱਚ ਮਹੱਤਵਪੂਰਨ ਯੋਗਦਾਨ ਪਾ ਸਕਦੇ ਹਨ ਅਤੇ ਆਸਟ੍ਰੇਲੀਆ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਵੀ ਹੋਰ ਯੋਗ ਬਣਾ ਸਕਦੇ ਹਨ,"- ਇਹ ਗੱਲ ਸ਼੍ਰੀ ਟੇਹਾਨ ਨੇ ਭਾਰਤੀ ਆਰਥਿਕ ਰਣਨੀਤੀ 2035 ਲਈ ਅਪਡੇਟ ਲਾਂਚ ਕਰਦੇ ਹੋਏ ਕਹੀ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
Share

