ਮੁੱਖ ਨੁਕਤੇ:
- ਨਿਰਮਾਣ ਸੈਕਟਰ ਦੀ ਬੇਹਤਰੀ ਲਈ ਕੋਸ਼ਿਸ਼ਾਂ
- ਆਸਟ੍ਰੇਲੀਅਨ ਲੋਕਾਂ ਦੀ ਕੰਮ ਵਾਪਸੀ
- ਔਰਤਾਂ ਅਤੇ ਮਰਦਾਂ ਲਈ ਬਰਾਬਰ ਕੋਸ਼ਿਸ਼ਾਂ
- ਵਿਅਕਤੀਗਤ ਆਮਦਨ ਟੈਕਸ ਵਿੱਚ ਸੰਭਾਵੀ ਕਟੌਤੀ
- ਜੌਬਕੀਪਰ, ਹੁਣ ਲਈ ਜਾਰੀ ਰੱਖਣਾ
- ਮਾਈਗ੍ਰੇਸ਼ਨ ਪ੍ਰੋਗਰਾਮ ਦਾ ਭਵਿੱਖ
- ਵੱਡੀ ਗੈਸ ਯੋਜਨਾ
- ਘਰੇਲੂ ਹਿੰਸਾ ਦੇਖਭਾਲ
ਬਹੁਤ ਸਾਰੇ ਆਸਟ੍ਰੇਲੀਅਨ ਲੋਕ ਹਾਲੇ ਵੀ ਕੋਵਿਡ -19 ਮਹਾਂਮਾਰੀ ਪਿੱਛੋਂ ਆਰਥਿਕ ਮੰਦਹਾਲੀ ਨਾਲ ਜੂਝ ਰਹੇ ਹਨ, ਅਤੇ ਫ਼ੇਡਰਲ ਬਜਟ ਇਸਦੇ ਚਲਦਿਆਂ 'ਰਿਕਵਰੀ' ਲਈ ਯੋਜਨਾ ਤਿਆਰ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਸਕਾਟ ਮੌਰਿਸਨ ਅਤੇ ਖਜ਼ਾਨਚੀ ਜੋਸ਼ ਫ੍ਰਾਈਡਨਬਰਗ ਨੇ ਅੱਜ ਸ਼ਾਮ ਨੂੰ ਕੀਤੇ ਜਾਣ ਵਾਲੇ ਐਲਾਨਾਂ ਨੂੰ ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਮਹੱਤਵਪੂਰਨ ਦੱਸਿਆ ਹੈ।
ਅਰਥਸ਼ਾਸਤਰੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਦੇਸ਼ ਦਾ ਬਜਟ ਘਾਟਾ ਲਗਭਗ 210 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ ਕਿਉਂਕਿ ਬਜਟ ਵਿੱਚ ਤਾਲਾਬੰਦੀ ਕਾਰਨ ਹੋਏ ਨੁਕਸਾਨ ਦੇ ਖਿਲਾਫ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਖੜ੍ਹਾ ਕਰਨਾ ਹੈ। ਇਸ ਨਾਲ ਆਸਟ੍ਰੇਲੀਆ ਦੇ ਰਾਸ਼ਟਰੀ ਕਰਜ਼ੇ 1.1 ਟ੍ਰਿਲੀਅਨ ਡਾਲਰ ਤੱਕ ਪਹੁੰਚਣ ਦਾ ਅੰਦੇਸ਼ਾ ਹੈ।
ਜਾਣੋ ਤੁਹਾਡੇ ਲਈ ਇਸ ਸਾਲ ਦੇ ਬਜਟ ਵਿਚਲੇ ਫ਼ੈਸਲੇ ਕੀ ਮਾਇਨੇ ਰੱਖਦੇ ਹਨ:
ਨਿਰਮਾਣ ਖੇਤਰ ਲਈ ਹੁਲਾਰਾ
ਸ੍ਰੀ ਮੌਰਿਸਨ ਨੇ ਕਿਹਾ ਹੈ ਕਿ ਅੱਜ ਦਾ ਬਜਟ ਮੰਦੀ ਤੋਂ ਉਭਰਨ ਅਤੇ ਮਹਾਂਮਾਰੀ ਪਿੱਛੋਂ ਆਰਥਿਕ ਪੁਨਰ-ਨਿਰਮਾਣ ਵਿੱਚ ਸਹਾਇਤਾ ਲਈ ਇੱਕ “ਸਖ਼ਤ ਯੋਜਨਾ” ਨੂੰ ਦਿਸ਼ਾ ਦੇਵੇਗਾ।
ਬੁਨਿਆਦੀ ਢਾਂਚੇ, ਊਰਜਾ ਦੀ ਸਮਰੱਥਾ, ਸਿਖਲਾਈ ਤੇ ਹੁਨਰ ਵਿਕਾਸ, ਅਤੇ ਨਿਰਮਾਣ ਖੇਤਰ ਵਿੱਚ ਅਰਬਾਂ ਰੁਪਏ ਦੇ ਵਾਧੂ ਨਿਵੇਸ਼ਾਂ ਨਾਲ ਅਰਥਚਾਰੇ ਨੂੰ ਮੁੜ ਲੀਹ ਉੱਤੇ ਲਿਜਾਣ ਲਈ ਮੁੱਖ ਅਧਾਰ ਵਜੋਂ ਰੱਖਿਆ ਗਿਆ ਹੈ।

ਲੋਕਾਂ ਨੂੰ ਵਾਪਸ ਕੰਮ ਵਿਚ ਲਿਆਉਣਾ
ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਸਦੀ ਰਿਕਵਰੀ ਯੋਜਨਾ ਦਾ ਧਿਆਨ ਨੌਕਰੀਆਂ ਪੈਦਾ ਕਰਨ ਅਤੇ ਲੋਕਾਂ ਨੂੰ ਵਾਪਸ ਕੰਮ ਵਿਚ ਲਿਆਉਣ ‘ਤੇ ਹੈ। ਇਸ ਦੇ ਸ਼ੁਰੂਆਤੀ ਦੌਰ ਵਿੱਚ ਬੇਰੁਜ਼ਗਾਰੀ ਦਰ ਨੂੰ ਛੇ ਫੀਸਦ ਤੋਂ ਹੇਠਾਂ ਲਿਆਉਣ ਦਾ ਟੀਚਾ ਹੈ।
ਜੁਲਾਈ ਵਿਚ ਬੇਰੁਜ਼ਗਾਰੀ ਦੀ ਦਰ 7.5% ਤੋਂ ਘਟਕੇ ਅਗਸਤ ਵਿਚ 6.8% ਰਹਿ ਗਈ ਹੈ ਜਦੋਂ ਕਿ ਆਸਟ੍ਰੇਲੀਆ ਦੀ ਆਰਥਿਕਤਾ ਕਰੋਨਾਵਾਇਰਸ ਤਾਲਾਬੰਦੀ ਹੋਣ ਪਿੱਛੋਂ ਮੁੜ ਗਤੀ ਪ੍ਰਾਪਤ ਕਰਨ ਲੱਗੀ ਹੈ। ਪਰੰਤੂ 'ਅਸਰਦਾਰ' ਬੇਰੁਜ਼ਗਾਰੀ ਦੀ ਦਰ 9.3% 'ਤੇ ਹੈ, ਕਿਓਂਕਿ ਮੈਲਬੌਰਨ ਅਜੇ ਵੀ ਪ੍ਰਭਾਵਿਤ ਹੈ ਅਤੇ ਉਥੇ ਸਹਿਜੇ-ਸਹਿਜੇ ਫੈਸਲੇ ਲਏ ਜਾ ਰਹੇ ਹਨ ਜਿਸਦੇ ਚਲਦੀਆਂ 'ਰਿਕਵਰੀ' ਵੀ ਹੌਲ਼ੀ-ਹੌਲ਼ੀ ਦਰਜ ਕੀਤੀ ਜਾਏਗੀ।
ਇੱਕ ਨੌਕਰੀ ਮਗਰ ਅਜੇ ਵੀ 13 ਦੇ ਲਗਭਗ ਲੋਕ ਅਰਜ਼ੀ ਦੇ ਰਹੇ ਹਨ ਅਤੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਬਹੁਤ ਸਾਰੇ ਬੇਰੁਜ਼ਗਾਰ ਰਹਿਣ ਲਈ ਮਜਬੂਰ ਹਨ।
ਰੁਜ਼ਗਾਰ ਨੂੰ ਵਧਾਉਣ ਲਈ ਸਰਕਾਰ ਨੇ ਆਪਣੀ ਜੌਬਮੇਕਰ ਯੋਜਨਾ ਨੂੰ ਕੋਵਿਡ-19 ਰਿਕਵਰੀ ਦੇ ਮੁੱਖ ਹਿੱਸੇ ਵਜੋਂ ਘੋਸ਼ਿਤ ਕੀਤਾ ਹੈ ਜਿਸ ਵਿੱਚ ਨਿਰਮਾਣ ਖੇਤਰ ਨੂੰ ਉਤਸ਼ਾਹਤ ਕਰਨ ਲਈ ਘੱਟੋ-ਘੱਟ $1.5 ਬਿਲੀਅਨ ਦਾ ਨਿਵੇਸ਼ ਕਰਨਾ ਤਹਿ ਹੈ। ਸਰਕਾਰ ਨੇ 100,000 ਨਵੇਂ ਅਪ੍ਰੈਂਟਿਸਾਂ ਜਾਂ ਸਿਖਿਆਰਥੀਆਂ ਨੂੰ ਰੁਜ਼ਗਾਰ ਦੇਣ ਲਈ ਕਾਰੋਬਾਰਾਂ ਨੂੰ ਸਹਾਇਤਾ ਦੇਣ ਲਈ $1.2 ਬਿਲੀਅਨ ਦੀ ਨਿਵੇਸ਼ ਦਾ ਵਾਅਦਾ ਕੀਤਾ ਹੈ।
ਕੁਝ ਖਾਸ ਖੇਤਰਾਂ ਵਿਚ ਨੌਕਰੀ ਲੱਭਣ ਵਾਲਿਆਂ ਨੂੰ ਸਿਖਲਾਈ ਦੇਣ ਲਈ ਦੇਸ਼ ਭਰ ਦੀਆਂ ਸਿਖਲਾਈ ਸੰਸਥਾਵਾਂ ਲਈ ਇਕ ਜੌਬਟ੍ਰੇਨਰ ਪ੍ਰੋਗਰਾਮ ਤਹਿਤ 1 ਬਿਲੀਅਨ ਡਾਲਰ ਨਿਵੇਸ਼ ਦੇ ਗੱਲ ਆਖੀ ਗਈ ਹੈ।
ਡਿਜੀਟਲ ਆਰਥਿਕਤਾ ਵਿੱਚ ਕਾਮਿਆਂ ਅਤੇ ਕਾਰੋਬਾਰਾਂ ਲਈ ਕੰਮ ਨੂੰ ਸੌਖਾ ਬਣਾਉਣ ਲਈ 800 ਮਿਲੀਅਨ ਡਾਲਰ ਦੀ ਵਚਨਬੱਧਤਾ ਕੀਤੀ ਗਈ ਹੈ।

ਔਰਤਾਂ ਅਤੇ ਮਰਦਾਂ ਲਈ ਬਰਾਬਰ ਹਿੱਸਦਾਰੀ
ਸਰਕਾਰ ਨੇ ਐਲਾਨ ਕੀਤਾ ਹੈ ਕਿ ਬੁਨਿਆਦੀ ਢਾਂਚੇ ਅਤੇ ਨਿਰਮਾਣ ਖੇਤਰ ਵਿੱਚ ਨਿਵੇਸ਼ ਸ਼ਹਿਰਾਂ, ਕਸਬਿਆਂ ਅਤੇ ਖੇਤਰੀ ਭਾਈਚਾਰਿਆਂ ਵਿਚ ਦੇਸ਼ ਦੀ ਆਰਥਿਕ ਸਥਿਤੀ ਬੇਹਤਰ ਕਰਨ ਵਿੱਚ ਅਹਿਮ ਭੂਮਿਕਾ ਅਦਾ ਕਰੇਗਾ।
ਨਾਮੀਂ ਉਤਪਾਦਕ ਪਹਿਲ ਵਿੱਚ ਵਿੱਚ ਸਰੋਤ ਤਕਨਾਲੋਜੀ ਤੇ ਖਣਿਜ ਪ੍ਰੋਸੈਸਿੰਗ, ਭੋਜਨ ਅਤੇ ਪੀਣ ਵਾਲੇ ਉਤਪਾਦਨ, ਮੈਡੀਕਲ ਉਤਪਾਦ, ਸਾਫ ਊਰਜਾ ਤੇ ਰੀਸਾਈਕਲਿੰਗ, ਰੱਖਿਆ ਉਦਯੋਗ ਅਤੇ ਪੁਲਾੜ ਉਦਯੋਗ ਸ਼ਾਮਲ ਹਨ।
ਇਸ ਦੌਰਾਨ, ਬੁਨਿਆਦੀ ਢਾਂਚੇ ਦੇ ਖਰਚੇ - ਆਵਾਜਾਈ, ਪਾਣੀ ਅਤੇ ਊਰਜਾ ਪ੍ਰਾਜੈਕਟਾਂ 'ਤੇ ਕੇਂਦ੍ਰਤ ਕੀਤੇ ਗਏ ਹਨ।
ਇਸ ਵਿੱਚ ਇੱਕ ਬਿਲੀਅਨ ਡਾਲਰ ਤੋਂ ਵੀ ਵੱਧ, ਤੇਜ਼ੀ ਨਾਲ ਜਾਣ ਵਾਲ਼ੇ ਸੜਕ ਅਤੇ ਰੇਲ ਪ੍ਰੋਜੈਕਟ ਸ਼ਾਮਲ ਹਨ ਤਾਂ ਜੋ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਫਿਰ ਤੋਂ ਸਥਿੱਰ ਕੀਤਾ ਜਾ ਸਕੇ।
ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਰਕਾਰ ਨੇ ਬੁਢਾਪੇ ਦੀ ਦੇਖਭਾਲ ਲਈ 1.6 ਬਿਲੀਅਨ ਡਾਲਰ ਤੋਂ ਵੀ ਵੱਧ ਦਾ ਨਿਵੇਸ਼ ਕੀਤਾ ਹੈ, ਅਤੇ ਬਜਟ ਵਿੱਚ ਇਸ ਖੇਤਰ ਵਿਚ ਚੱਲ ਰਹੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਹੋਰ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਹਨ।
ਪਰ ਸਿਡਨੀ ਯੂਨੀਵਰਸਿਟੀ ਦੀ ਐਸੋਸੀਏਟ ਪ੍ਰੋਫੈਸਰ ਐਲਿਜ਼ਾਬੈਥ ਹਿੱਲ ਨੇ ਕਿਹਾ ਹੈ ਕਿ ਨਿਰਮਾਣ ਅਤੇ ਉਸਾਰੀ ਪ੍ਰਾਜੈਕਟਾਂ ਵਿੱਚ ਨਿਵੇਸ਼ ਨੂੰ ਸਿਹਤ, ਸਿੱਖਿਆ, ਬੱਚੇ ਅਤੇ ਬਜ਼ੁਰਗ ਦੇਖਭਾਲ ਜਿਹੇ “ਸਮਾਜਕ ਬੁਨਿਆਦੀ "ਢਾਂਚੇ” ਲਈ ਫੰਡਾਂ ਨਾਲ ਸੰਤੁਲਿਤ ਹੋਣਾ ਚਾਹੀਦਾ ਹੈ।
ਉਸਨੇ ਕਿਹਾ ਕਿ ਨਹੀਂ ਤਾਂ ਇਸ ਗੱਲ ਦਾ ਖ਼ਤਰਾ ਹੈ ਕਿ ਬਜਟ ਲਿੰਗ ਅਸਮਾਨਤਾਵਾਂ ਨੂੰ ਹੋਰ ਵਧਾ ਸਕਦਾ ਹੈ, ਕਿਉਂਕਿ ਔਰਤਾਂ ਨੂੰ ਮਰਦ ਪ੍ਰਧਾਨ ਖੇਤਰਾਂ ਵਿੱਚ ਨਿਵੇਸ਼ ਤੋਂ ਹੋਣ ਵਾਲੇ ਲਾਭਾਂ ਤੋਂ ਘੱਟ ਲਾਭ ਮਿਲੇਗਾ।
ਨਿੱਜੀ ਆਮਦਨੀ ਟੈਕਸ
ਬਜਟ ਵਿੱਚ ਪਹਿਲਾਂ ਤੋਂ ਹੀ ਬਣੇ ਨਿੱਜੀ ਆਮਦਨੀ ਟੈਕਸ ਪ੍ਰਬੰਧਾਂ ਵਿੱਚ ਕਟੌਤੀ ਕਰਦਿਆਂ 20 ਬਿਲੀਅਨ ਡਾਲਰ ਲਿਆਉਣ ਦੀ ਸੰਭਾਵਨਾ ਹੈ।
ਪਰ ਅਰਥਸ਼ਾਸਤਰੀ ਮੈਟ ਗਰੂਡਨੋਫ ਨੇ ਦਲੀਲ ਦਿੱਤੀ ਹੈ ਕਿ ਸਿਹਤ ਖੇਤਰ, ਬਜ਼ੁਰਗਾਂ ਦੀ ਦੇਖਭਾਲ ਅਤੇ ਯੂਨੀਵਰਸਟੀਆਂ ਵਿੱਚ ਪੈਸੇ ਦਾ ਨਿਵੇਸ਼ ਦਾ ਇੱਕ ਵਧੇਰੇ ਪ੍ਰਭਾਵਸ਼ਾਲੀ ਢੰਗ ਹੋਵੇਗਾ।

ਜੌਬਕਿੱਪਰ, ਹੁਣ ਲਈ ਜਾਰੀ ਰੱਖਣਾ
ਫੈਡਰਲ ਸਰਕਾਰ ਪਹਿਲਾਂ ਹੀ ਜੌਬਕਿੱਪਰ ਅਤੇ ਜੌਬਸੀਕਰ ਪ੍ਰੋਗਰਾਮਾਂ ਨੂੰ ਆਪਣੇ ਕਰੋਨਵਾਇਰਸ ਪ੍ਰਤੀਕਿਰਿਆ ਦੇ ਹਿੱਸੇ ਵਜੋਂ ਵਧਾਉਣ ਲਈ ਵਚਨਬੱਧ ਹੈ।
ਪਰ ਪੂਰੇ ਸਮੇਂ ਦੇ ਕਰਮਚਾਰੀਆਂ ਲਈ, ਪੰਦਰਵਾੜੇ ਦੀ ਅਦਾਇਗੀ ਨੂੰ 1,500 ਤੋਂ ਘਟਾ ਕੇ 1,200 ਡਾਲਰ ਕਰ ਦਿੱਤਾ ਗਿਆ ਹੈ, ਜਦੋਂ ਕਿ ਪਾਰਟ-ਟਾਈਮ ਕਰਮਚਾਰੀਆਂ ਲਈ ਇਸ ਨੂੰ ਘਟਾ ਕੇ $750 ਕਰ ਦਿੱਤਾ ਗਿਆ ਹੈ।
ਬੇਰੁਜ਼ਗਾਰ ਹੋ ਚੁੱਕੇ ਆਸਟ੍ਰੇਲੀਅਨ ਲੋਕਾਂ ਲਈ ਜੋਬਸਿੱਕਰ ਦੀ ਅਦਾਇਗੀ ਵਿੱਚ ਇਕ ਪੰਦਰਵਾੜੇ ਦੌਰਾਨ $300 ਦੀ ਕਟੌਤੀ ਕਰ ਦਿੱਤੀ ਗਈ ਹੈ, ਜੋ ਅਗਲੇ ਸਾਲ 1 ਜਨਵਰੀ ਤਕ ਜਾਰੀ ਰਹੇਗੀ।
ਸਰਕਾਰ ਦਾ 86 ਬਿਲੀਅਨ ਡਾਲਰ ਦਾ ਜੌਬਕੀਪਰ ਪ੍ਰੋਗਰਾਮ ਫਿਲਹਾਲ ਯੋਗ ਕਰਮਚਾਰੀਆਂ ਨੂੰ ਸਹਾਇਤਾ ਦੇਣਾ ਜਾਰੀ ਰੱਖ ਰਿਹਾ ਹੈ।
ਇਸ ਦੌਰਾਨ, ਵਿਰੋਧੀ ਧਿਰ ਦੇ ਨੇਤਾ ਐਂਥਨੀ ਅਲਬੀਨੀਜ਼ੀ ਨੇ ਸਰਕਾਰ ’ਤੇ ਅਦਾਇਗੀ ਦੀ ਰਕਮ ਨੂੰ ਘਟਾ ਕੇ "ਲੋਕਾਂ ਨੂੰ ਪਿੱਛੇ ਛੱਡਣ” ਦਾ ਦੋਸ਼ ਲਗਾਇਆ ਹੈ।
ਮਾਈਗ੍ਰੇਸ਼ਨ ਪ੍ਰੋਗਰਾਮ ਦਾ ਭਵਿੱਖ
ਆਸਟ੍ਰੇਲੀਆ ਦੇ 2020-21 ਦੇ ਪਰਵਾਸ ਅਤੇ ਮਾਨਵਤਾਵਾਦੀ ਪ੍ਰੋਗਰਾਮਾਂ ਦੇ ਆਕਾਰ ਅਤੇ ਰਚਨਾ ਦੀ ਭਵਿੱਖਬਾਣੀ ਵੀ ਅਕਤੂਬਰ ਦੀ ਬਜਟ ਪ੍ਰਕਿਰਿਆ ਦੇ ਹਿੱਸੇ ਵਜੋਂ ਪੇਸ਼ ਕੀਤੀ ਜਾਣੀ ਹੈ।
ਪਰਵਾਸ ਪ੍ਰਣਾਲੀ ਕੌਮਾਂਤਰੀ ਸਰਹੱਦ ਦੇ ਬੰਦ ਹੋਣ ਨਾਲ ਪ੍ਰਭਾਵਿਤ ਹੋਈ ਹੈ ਅਤੇ ਫੈਡਰਲ ਸਰਕਾਰ ਨੇ 2020-21 ਤੱਕ 85% ਦੀ ਗਿਰਾਵਟ ਦੀ ਭਵਿੱਖਬਾਣੀ ਕਰਦਿਆਂ ਇਸਦੀ ਤੁਲਨਾ 2018-19 ਦੇ 240,000 ਲੋਕਾਂ ਦੇ ਪੱਧਰ ਨਾਲ ਕੀਤੀ ਹੈ।
ਘਟਦੇ ਪਰਵਾਸ ਕਾਰਨ ਅਰਥਚਾਰੇ 'ਤੇ ਇਸ ਦਾ ਪ੍ਰਭਾਵ ਪੈਣਾ ਲੱਗਭੱਗ ਤੈਅ ਹੈ।
ਡਿਲੋਇਟ ਐਕਸੈਸ ਅਰਥਸ਼ਾਸਤਰ ਦਾ ਅਨੁਮਾਨ ਹੈ ਕਿ 2022 ਦੇ ਅੱਧ ਤੱਕ ਆਸਟ੍ਰੇਲੀਆ ਵਿੱਚ ਪੂਰਵ ਅਨੁਮਾਨਤ ਅੰਕੜਿਆਂ ਨਾਲੋਂ 600,000 ਘੱਟ ਲੋਕ ਹੋ ਸਕਦੇ ਹਨ।
ਇਹ ਸਮਝਿਆ ਜਾ ਰਿਹਾ ਹੈ ਕਿ ਕੋਵਿਡ -19 ਟੀਕੇ ਦੀ ਉਪਲਬਧਤਾ ਨੂੰ ਅਧਾਰ ਮੰਨਦਿਆਂ ਸਰਹੱਦਾਂ ਖੋਲਣ ਪਿੱਛੋਂ ਅਗਲੇ ਸਾਲ ਦੇ ਸ਼ੁਰੂ ਵਿੱਚ ਪਰਵਾਸ ਨੂੰ ਫਿਰ ਤੋਂ ਹੁਲਾਰਾ ਮਿਲਣ ਦੇ ਆਸਾਰ ਬਣ ਜਾਣਗੇ।
ਪਰ ਇਮੀਗ੍ਰੇਸ਼ਨ ਵਿਭਾਗ ਦੇ ਸਾਬਕਾ ਡਿਪਟੀ ਸੈਕਟਰੀ ਅਬੁਲ ਰਿਜ਼ਵੀ ਨੇ ਕਿਹਾ ਹੈ ਕਿ ਪਰਵਾਸ ਪ੍ਰੋਗਰਾਮ ਦਾ ਧਿਆਨ ਬਦਲਣ ਦੀ ਸੰਭਾਵਨਾ ਹੈ ਕਿਉਂਕਿ ਦੇਸ਼ ਬੇਰੁਜ਼ਗਾਰੀ ਅਤੇ ਯਾਤਰਾ ਦੀਆਂ ਪਾਬੰਦੀਆਂ ਨਾਲ ਜੂਝ ਰਿਹਾ ਹੈ - “ਜੇ ਬੇਰੁਜ਼ਗਾਰੀ ਦਰ ਛੇ ਫੀਸਦ ਤੋਂ ਉਪਰ ਰਹਿੰਦੀ ਹੈ ਤਾਂ ਇਹ ਕੁਦਰਤੀ ਤੌਰ 'ਤੇ ਨੈਟ ਪਰਵਾਸ ਨੂੰ ਹੇਠਾਂ ਲੈ ਜਾਏਗੀ।"

ਵੱਡੀ ਗੈਸ ਯੋਜਨਾ
ਗੈਸ ਦੇ ਬੁਨਿਆਦੀ ਢਾਂਚੇ ਲਈ ਫੰਡ ਦੇਣ ਲਈ ਬਜਟ ਵਿਚ 53 ਮਿਲੀਅਨ ਡਾਲਰ ਰਾਖਵੇਂ ਰੱਖੇ ਜਾਣਗੇ।
ਘਰੇਲੂ ਹਿੰਸਾ ਦੇਖਭਾਲ ਅਤੇ ਹੋਰ ਵੀ ਬਹੁਤ ਕੁਝ
ਫੈਡਰਲ ਸਰਕਾਰ ਦੁਆਰਾ ਪਹਿਲਾਂ ਤੋਂ ਕੀਤੇ ਹੋਰ ਐਲਾਨਾਂ ਵਿੱਚ ਸ਼ਾਮਲ ਹਨ:
- 60 ਮਿਲੀਅਨ ਡਾਲਰ ਦੀ ਸਹਾਇਤਾ ਤਹਿਤ ਘਰੇਲੂ ਹਿੰਸਾ ਤੋਂ ਬਚਣ ਵਾਲੀਆਂ ਔਰਤਾਂ ਅਤੇ ਬੱਚਿਆਂ ਲਈ 700 ਨਵੇਂ ਸਥਾਨ।
- ਬਜੁਰਗ ਦੇਖਭਾਲ ਕੇਂਦਰਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਦੀ ਗਿਣਤੀ ਘਟਾਉਣ ਅਤੇ ਉਨ੍ਹਾਂ ਨੂੰ ਉਮਰ-ਯੋਗ ਰਿਹਾਇਸ਼ ਵਿਚ ਤਬਦੀਲ ਕਰਨ ਲਈ 10 ਮਿਲੀਅਨ ਦੀ ਨਵੀਂ ਰਕਮ।
- ਸਭਿਆਚਾਰਕ ਵਿਰਾਸਤ ਸਾਈਟਾਂ ਦੀ ਸੰਭਾਲ ਲਈ ਫੰਡਿੰਗ ਵਿੱਚ 61.7 ਮਿਲੀਅਨ ਡਾਲਰ ਦਾ ਨਿਵੇਸ਼, ਜੰਗਲ ਦੀ ਅੱਗ ਨਾਲ ਪ੍ਰਭਾਵਿਤ ਸਮੁੰਦਰੀ ਵਾਤਾਵਰਣ ਪ੍ਰਣਾਲੀ ਅਤੇ ਸਮੁੰਦਰੀ ਗ੍ਰੇਟ ਬੈਰੀਅਰ ਰੀਫ ਪ੍ਰੋਜੈਕਟ ਇਸ ਵਿੱਚ ਸ਼ਾਮਿਲ।
- ਉਨ੍ਹਾਂ ਖੇਤਰਾਂ ਵਿੱਚ ਕਾਰੋਬਾਰਾਂ ਦੀ ਸਹਾਇਤਾ ਲਈ 50 ਮਿਲੀਅਨ ਦੀ ਖੇਤਰੀ ਟੂਰਿਜ਼ਮ ਰਿਕਵਰੀ ਪਹਿਲ ਜੋ ਅੰਤਰਰਾਸ਼ਟਰੀ ਸੈਰ-ਸਪਾਟਾ 'ਤੇ ਭਾਰੀ ਨਿਰਭਰ ਹਨ।
- ਸੋਕੇ ਅਤੇ ਕਰੋਨਵਾਇਰਸ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਨਵੀਂ ਰਿਕਵਰੀ ਭਾਈਵਾਲੀ ਜਾਂ ਪ੍ਰਾਜੈਕਟਾਂ ਲਈ 100 ਮਿਲੀਅਨ।
- 7.6 ਮਿਲੀਅਨ ਡਾਲਰ ਉਨ੍ਹਾਂ ਮਾਪਿਆਂ ਲਈ ਸੋਗ ਅਦਾਇਗੀਆਂ ਲਈ ਜੋ ਜਨਮ ਤੋਂ ਹੀ ਜਾਂ 12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਨੂੰ ਗੁਆ ਦਿੰਦੇ ਹਨ।
- ਡਿਜੀਟਲ ਆਰਥਿਕਤਾ ਵਿੱਚ ਆਨਲਾਈਨ ਕੰਮ ਕਰ ਰਹੇ ਵਿਅਕਤੀਆਂ ਅਤੇ ਕਾਰੋਬਾਰਾਂ ਦੀ ਸਹਾਇਤਾ ਕਰਨ ਲਈ 800 ਮਿਲੀਅਨ।
- ਯੂਨੀਵਰਸਟੀਆਂ ਨੂੰ ਘਰੇਲੂ ਵਿਦਿਆਰਥੀਆਂ ਲਈ 12,000 ਹੋਰ ਸਥਾਨ ਪ੍ਰਦਾਨ ਕਰਨ ਲਈ ਵਾਧੂ 326 ਮਿਲੀਅਨ ਡਾਲਰ ਦਾ ਵਾਅਦਾ ਵੀ ਕੀਤਾ ਗਿਆ ਹੈ।
- 3.5 ਬਿਲੀਅਨ ਡਾਲਰ - ਆਨ-ਡਿਮਾਂਡ ਫਾਈਬਰ-ਟੂ-ਹੋਮ ਕੁਨੈਕਸ਼ਨਾਂ ਦੁਆਰਾ ਨੈਸ਼ਨਲ ਬ੍ਰੌਡਬੈਂਡ ਨੈਟਵਰਕ ਨੂੰ ਅਪਗ੍ਰੇਡ ਕਰਨ ਲਈ।
- ਪਹਿਲੀ ਹੋਮ ਲੋਨ ਡਿਪਾਜ਼ਿਟ ਸਕੀਮ ਵਿੱਚ 10,000 ਹੋਰ ਸਥਾਨਾਂ ਦੀ ਪੇਸ਼ਕਸ਼।
ਐਸ ਬੀ ਐਸ ਆਸਟ੍ਰੇਲੀਆ ਵਿਚਲੇ ਵਿਆਪਕ ਭਾਈਚਾਰੇ ਨੂੰ ਕੋਵਿਡ-19 ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕਰਨ ਲਈ ਵਚਨਬੱਧ ਹੈ। 63 ਭਾਸ਼ਾਵਾਂ ਵਿੱਚ ਤਾਜ਼ੀਆਂ ਖਬਰਾਂ ਅਤੇ ਜਾਣਕਾਰੀਆਂ sbs.com.au/coronavirus ਉੱਤੇ ਉਪਲਬਧ ਹਨ।
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।
