ਬ੍ਰਿਸਬੇਨ ਵਿੱਚ ਇੱਕ 7 ਇਲੈਵਨ ਸਟੋਰ ਤੇ ਕੰਮ ਕਰਨ ਵਾਲੇ ਦੋ ਭਾਰਤੀ ਵਿਦਿਆਰਥੀਆਂ ਨੂੰ ਸਰਕਾਰ ਵੱਲੋਂ ਮਿੱਥੇ ਮਿਹਨਤਾਨੇ ਤੋਂ ਘੱਟ ਅਦਾਇਗੀ ਕਰਨ ਦੇ ਦੋਸ਼ੀ ਵਿਅਕਤੀ ਜੋ ਕਿ ਸਟੋਰ ਵਿੱਚ ਹਿੱਸੇਦਾਰ ਵੀ ਹੈ ਨੂੰ ਅਦਾਲਤ ਵੱਲੋਂ ਕੁੱਲ $200,000 ਦਾ ਜ਼ੁਰਮਾਨਾ ਕੀਤਾ ਗਿਆ ਹੈ।
ਅਵਿਨਾਸ਼ ਪ੍ਰਤਾਪ ਸਿੰਘ ਨੇ ਕਾਮਿਆਂ ਦੇ ਸ਼ੋਸ਼ਣ ਤੇ ਪਰਦਾ ਪਾਉਣ ਲਈ ਝੂਠੇ ਕਾਗਜ਼ਾਤ ਵੀ ਘੜੇ। ਇਸ ਕਰਕੇ ਫੈਡਰਲ ਸਰਕਟ ਕੋਰਟ ਨੇ ਉਸਨੂੰ ਨਿਜੀ ਤੌਰ ਤੇ $32,130 ਅਤੇ ਉਸਦੀ ਕੰਪਨੀ ਜਿਸ ਵਿੱਚ ਉਹ ਇੱਕ ਨਿਰਦੇਸ਼ਕ ਹੈ ਨੂੰ $160,650 ਦਾ ਜ਼ੁਰਮਾਨਾ ਕੀਤਾ ਹੈ।
ਅਦਾਲਤ ਵਿੱਚ ਉਸ ਵਿਰੁੱਧ ਇਹ ਕਾਰਵਾਈ ਫੇਯਰ ਵਰਕ ਓਮਬਡਸਮਨ ਵੱਲੋ ਕੀਤੀ ਪੜਤਾਲ ਮਗਰੋਂ ਕੀਤੀ ਗਈ ਹੈ। ਫੇਯਰ ਵਰਕ ਓਮਬਡਸਮਨ ਦੇ ਇੰਸਪੈਕਟਰਾਂ ਮੁਤਾਬਿਕ ਦੋਵੇ ਭਾਰਤੀ ਵਿਦਿਆਰਥੀਆਂ ਨੂੰ ਸਾਲ 2014 ਵਿੱਚ ਕੁੱਲ $5,593 ਘੱਟ ਦਿੱਤੇ ਗਏ ਸਨ।
ਅਦਾਲਤ ਵਿੱਚ ਸਿੰਘ ਦੀ ਕੰਪਨੀ ਨੇ ਵਿਦਿਆਰਥੀਆਂ ਨੂੰ $14.14 ਪ੍ਰਤੀ ਘੰਟਾ ਅਦਾਇਗੀ ਦੀ ਗੱਲ ਸਵੀਕਾਰ ਕੀਤੀ ਜਿਸ ਕਰਕੇ ਓਹਨਾ ਨੂੰ ਘੱਟੋ ਘੱਟ ਪ੍ਰਤੀ ਘੰਟਾ ਮਿਹਨਤਾਨੇ ਤੋਂ ਘੱਟ ਤਨਖਾਹ ਦੇਣ ਤੋਂ ਅਲਾਵਾ, ਓਵਰਟਾਈਮ, ਵੀਕਐਂਡ ਅਤੇ ਪਬਲਿਕ ਹੌਲੀਡੇ ਦੇ ਭੱਤੇ ਨਹੀਂ ਦਿੱਤੇ ਗਏ।
ਦੋਵੇ ਵਿਦਿਆਰਥੀਆਂ ਦੀ ਬਣਦੀ ਪੂਰੀ ਤਨਖਾਹ ਹੁਣ ਅਦਾਅ ਕੀਤੀ ਜਾ ਚੁੱਕੀ ਹੈ।
ਫੈਸਲਾ ਸੁਣਾਉਣ ਵੇਲੇ ਜੱਜ ਨੇ ਕਿਹਾ ਕਿ ਕਾਮਿਆਂ ਦਾ ਇਹ ਸ਼ੋਸ਼ਣ ਸਿਸਟਮ ਤੇ ਇੱਕ ਦਾਗ ਹੈ ਅਤੇ ਇਸ ਦੇ ਜ਼ਰੀਏ ਕਾਰੋਬਾਰ ਨਾਜਾਇਜ਼ ਫਾਇਦਾ ਕਮਾਉਂਦੇ ਹਨ।
ਅਦਾਲਤ ਨੇ ਸਿੰਘ ਦੀ ਕੰਪਨੀ ਨੂੰ 7 ਇਲੈਵਨ ਦੇ ਰਿਕਾਰਡ ਵਿੱਚ ਹੇਰਾਫੇਰੀ ਕਰਨ ਦਾ ਵੀ ਦੋਸ਼ੀ ਮੰਨਿਆ ਜਿਸਦੇ ਜ਼ਰੀਏ ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਕਾਮਿਆਂ ਨੂੰ ਕਾਨੂੰਨ ਅਨੁਸਾਰ ਬਣਦੀ ਤਨਖਾਹ ਦਿੱਤੀ ਗਈ ਸੀ।
ਜੱਜ ਨੇ ਕਿਹਾ ਕਿ ਰਿਕਾਰਡ ਵਿੱਚ ਹੇਰਾਫੇਰੀ ਇਸ ਦੇਸ਼ ਵਿੱਚ ਕਾਰੋਬਾਰ ਲਈ ਸਥਾਪਿਤ ਮਿਆਰਾਂ ਦੀ ਉਲੰਘਣਾ ਹੈ।
ਇਸ ਤੋਂ ਅਲਾਵਾ ਅਦਾਲਤ ਨੇ ਸਿੰਘ ਅਤੇ ਉਸਦੀ ਕੰਪਨੀ ਨੂੰ ਫੇਯਰ ਵਰਕ ਓਮਬਡਸਮਨ ਨੂੰ ਓਹਨਾ ਦੇ ਕਾਨੂਨੀ ਖਰਚੇ ਲਈ $2,747 ਦੇਣ ਦਾ ਵੀ ਹੁਕਮ ਦਿੱਤਾ।