ਫੇਅਰ ਵਰਕ ਕਮਿਸ਼ਨ ਦੇ ਫੈਸਲੇ ਨਾਲ ਆਸਟ੍ਰੇਲੀਆ ਦੇ ਘੱਟੋ-ਘੱਟ ਤਨਖਾਹ ਲੈਣ ਵਾਲੇ ਕਾਮਿਆਂ ਨੂੰ ਅਗਲੇ ਮਹੀਨੇ ਜੂਲਾਈ ਤੋਂ ਪ੍ਰਤੀ ਹਫਤਾ 24 ਡਾਲਰ ਵੱਧ ਦਿੱਤੇ ਜਾਣਗੇ।
ਇਸ ਫੈਸਲੇ ਦਾ ਯੂਨਿਅਨਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ ਹੈ ਅਤੇ ਮੰਨਦੇ ਹਨ ਕਿ ਇਸ ਨਾਲ ਹੇਠਲੇ ਦਰਜੇ ਦੇ ਕਾਮਿਆਂ ਦੀ ਜਿੰਦਗੀ ਵਿੱਚ ਚੰਗਾ ਸੁਧਾਰ ਹੋਵੇਗਾ।
ਫੇਅਰ ਵਰਕ ਕਮਿਸ਼ਨ ਨੇ ਤਨਖਾਹਾਂ ਦੀ ਨਵੀਂ ਦਰ ਨੀਅਰ ਕਰ ਦਿੱਤੀ ਹੈ, ਜੋ ਕਿ $719.20 ਪ੍ਰਤੀ ਹਫਤਾ ਜਾਂ ਲਗਭਗ $19 ਪ੍ਰਤੀ ਘੰਟਾ ਬਣਦੀ ਹੈ। ਬੇਸ਼ਕ ਇਹ ਵਾਲੀ 3.5% ਵਾਲੀ ਦਰ ਯੂਨਿਅਨਾਂ ਵਲੋਂ ਮੰਗੀ ਜਾ ਰਹੀ 7.2% ਤੋਂ ਕਾਫੀ ਘੱਟ ਹੈ ਪਰ ਫੇਰ ਵੀ ਇਹ ਇਨਫਲੇਸ਼ਨ ਯਾਨਿ ਮਹਿੰਗਾਈ ਵਧਣ ਦੀ ਦਰ ਨਾਲੋਂ ਕਿਤੇ ਵੱਧ ਹੈ।
ਇਸ ਫੈਸਲੇ ਨਾਲ ਆਸਟ੍ਰੇਲੀਆ ਦੇ ਉਹਨਾਂ 2.3 ਮਿਲੀਅਨ ਕਾਮਿਆਂ ਨੂੰ ਲਾਭ ਹੋਵੇਗਾ ਜੋ ਕਿ ਘੱਟ-ਘੱਟ ਮਿਲਣ ਵਾਲੀ ਤਨਖਾਹ ਉੱਤੇ ਕੰਮ ਕਰ ਰਹੇ ਹਨ। ਫੇਅਰ ਵਰਕ ਕਮਿਸ਼ਨ ਦੇ ਪ੍ਰਧਾਨ ਜਸਟਿਸ ਈਅਨ ਰੋਸ ਕਹਿੰਦੇ ਹਨ ਕਿ ਪਿਛਲੇ ਸਾਲ ਦੀ ਤੁਲਨਾਂ ਵਿੱਚ ਇਸ ਸਾਲ ਚੰਗੇ ਸਿਹਤਮੰਦ ਵਿੱਤੀ ਬਜ਼ਾਰ ਅਤੇ ਲੇਬਰ ਮਾਰਕਿਟ ਹੋਣ ਦੇ ਸੰਕੇਤ ਮਿਲ ਰਹੇ ਹਨ।
ਆਸਟ੍ਰੇਲੀਅਨ ਕਾਂਉਂਸਲ ਆਫ ਟਰੇਡ ਯੂਨਿਅਨਸ (ਏ ਸੀ ਟੀ ਯੂ) ਨੇ $50 ਡਾਲਰ ਪ੍ਰਤੀ ਹਫਤਾ ਦੇ ਵਾਧੇ ਦੀ ਸਿਫਾਰਸ਼ ਕੀਤੀ ਸੀ, ਜਿਸ ਨੂੰ ਕਮਿਸ਼ਨ ਨੇ ਖਤਰੇ ਵਾਲਾ ਅਤੇ ਰੁਜ਼ਗਾਰ ਨੂੰ ਨੁਕਸਾਨਣ ਵਾਲਾ ਮੰਨ ਕੇ ਨਕਾਰ ਦਿੱਤਾ ਸੀ। ਪਰ ਏ ਸੀ ਟੀ ਯੂ ਦੀ ਸਕੱਤਰ ਸੈਲੀ ਮੈਕਮਾਨੂਸ ਨੇ ਕਮਿਸ਼ਨ ਦੇ ਇਸ ਕੀਤੇ ਵਾਧੇ ਵਾਲੇ ਫੈਸਲੇ ਦਾ ਸਵਾਗਤ ਹੀ ਕੀਤਾ ਹੈ ਤੇ ਕਿਹਾ ਹੈ ਕਿ ਇਹ ਵਾਲਾ ਵਾਧਾ ਕਮਿਸ਼ਨ ਵਲੋਂ ਹੁਣ ਤੱਕ ਕੀਤੇ ਗਏ ਵਾਧਿਆਂ ਵਿੱਚੋਂ ਸਭ ਤੋਂ ਵੱਧ ਹੈ। ਪਰ ਨਾਲ ਹੀ ਕਹਿੰਦੀ ਹੈ ਕਿ ਅਜੇ ਹੋਰ ਵੀ ਬਹੁਤ ਕੁੱਝ ਕਰਨ ਵਾਲਾ ਬਾਕੀ ਹੈ।
ਫਰ ਮਿਸ ਮੈਕ-ਮਾਨੂਸ ਦੇ ਨਾਲ ਕੰਮ ਕਰਨ ਵਾਲੇ ਕਾਮੇ, ਜੋ ਕਿ ਪ੍ਰੈਸ ਕਾਂਨਫਰੰਸ ਵਿੱਚ ਵੀ ਉਹਨਾਂ ਦੇ ਨਾਲ ਸਨ, ਇਸ ਵਾਧੇ ਨਾਲ ਖੁਸ਼ ਨਹੀਂ ਜਾਪਦੇ। ਇੱਕ ਸ਼ਾਪਿੰਗ ਸੈਂਟਰ ਵਿੱਚ ਕੰਮ ਕਰਨ ਵਾਲੀ ਸਫਾਈ ਕਰਮਚਾਰੀ ਕਹਿੰਦੀ ਹੈ ਕਿ ਇਸ ਵਾਧੇ ਨਾਲ ਉਸ ਦਾ ਘਰ ਤਾਂ ਨਹੀਂ ਖਰੀਦਿਆ ਜਾ ਸਕਦਾ।
ਇਸ ਦੇ ਨਾਲ ਹੀ, ਬਾਕੀ ਦੀਆਂ ਤਨਖਾਹਾਂ ਦੇ ਦਰਾਂ ਵਿੱਚ ਵੀ 3.5% ਦਾ ਵਾਧਾ ਕੀਤਾ ਜਾਵੇਗਾ।