ਪਿਛਲੇ ਹਫਤੇ ਨਿਊਜ਼ੀਲੈਂਡ ਕ੍ਵਾਲੀਫਿਕੇਸ਼ਨਸ ਐਸੋਸਿਏਸ਼ਨ ਵੱਲੋਂ ਨਿਊਜ਼ੀਲੈਂਡ ਇੰਸਟੀਟਿਊਟ ਆਫ ਐਜੂਕੇਸ਼ਨ ਦੁਆਰਾ ਪੜ੍ਹਾਏ ਜਾਂਦੇ ਡਿਪਲੋਮਾ ਇਨ ਅਪ੍ਲਾਈਡ ਬਿਜ਼ਨੇਸ ਮੈਨਜਮੈਂਟ (ਲੈਵਲ ੫) ਨੂੰ 'ਮਿਆਰੀ' ਨਾ ਹੋਣ ਦੀ ਚੇਤਾਵਨੀ ਦੇਕੇ ਬੰਦ ਕਰ ਦਿੱਤਾ ਗਿਆ ਹੈ।
ਭਾਰਤੀ ਮੂਲ ਦੀ ਅੰਤਰਰਾਸ਼ਟਰੀ ਵਿਦਿਆਰਥੀ ਅਰਸ਼ਦੀਪ ਥਿੰਦ ਨੂੰ ਇਸ ਬਾਰੇ ਪਹਿਲਾਂ ਕੁਝ ਵੀ ਪਤਾ ਨਾ ਲੱਗਿਆ।
ਜਿਸ ਦਿਨ ਕੋਰਸ ਬੰਦ ਕੀਤਾ ਗਿਆ ਉਹ ਅਰਸ਼ਦੀਪ ਦਾ ਇਸ ਕਾਲੇਜ ਵਿੱਚ ਆਖਰੀ ਦਿਨ ਸੀ।
ਅਰਸ਼ਦੀਪ ਨੇ ਸਟੱਫ ਡਾਟ ਕੋ ਨੂੰ ਦੱਸਿਆ ਕਿ ਇਸ ਸਿਲਸਿਲੇ ਚ' ਵਿਦਿਆਰਥੀਆਂ ਨੂੰ ਭੁਲੇਖੇ ਵਿੱਚ ਰੱਖਿਆ ਗਿਆ, ਕਾਲੇਜ ਨੇ ਕਦੇ ਵੀ ਇਹ ਨਾ ਦੱਸਿਆ ਕਿ ਮਿਆਰ ਨੂੰ ਲੈਕੇ ਓਹਨਾ ਨੂੰ ਡਿਪਾਰਟਮੈਂਟ ਵੱਲੋਂ ਪਹਿਲਾਂ ਵੀ ਚੇਤਾਵਨੀਆਂ ਨਸ਼ਰ ਹੋ ਚੁੱਕੀਆਂ ਸਨ।
ਕੋਰਸ ਦੇ ਬੰਦ ਹੋਣ ਦੇ ਖਮਿਆਜ਼ਾ ਵਿਦਿਆਰਥੀਆਂ ਨੂੰ ਤਾਰਨਾ ਪਵੇਗਾ, ਭਾਵੇਂ ਉਹਨਾਂ ਦੀ ਫੀਸ ਵਾਪਿਸ ਕਰਨ ਦੇ ਵਾਅਦੇ ਕੀਤੇ ਗਏ ਹਨ ਪਰ ਇਸਦੇ ਚਲਦਿਆਂ ਉਹਨਾਂ ਨੇ ਨਸ਼ਟ ਹੋਏ ਸਮੇ ਦੀ ਭਰਪਾਈ ਹੁੰਦੀ ਨਹੀਂ ਜਾਪਦੀ। ਇਸ ਲਈ ਉਹਨਾਂ ਨੂੰ ਮੁੜ ਵੀਜ਼ਾ ਅਪਲਾਈ ਕਰਨ ਦੀ ਨੌਬਤ ਵੀ ਝੱਲਣੀ ਪੈ ਸਕਦੀ ਹੈ।
ਕਾਲੇਜ ਦੇ ਮੈਨੇਜਿੰਗ ਡਾਇਰੈਕਟਰ ਰੌਬ ਮਾਰਕਸ ਨੇ ਵਿਦਿਆਰਥੀਆਂ ਨੂੰ ਇਸ ਕੋਰਸ ਲਈ ਹੋਰ ਅਦਾਰਿਆਂ ਵਿੱਚ ਭੇਜਣ ਦੀ ਵਿਵਸਥਾ ਦੀ ਗੱਲ ਆਖੀ ਹੈ।