ਆਸਟ੍ਰੇਲੀਆ ਦੇ ਉਪਭੋਗਤਾਵਾਂ ਨੇ ਵੀਰਵਾਰ ਦੀ ਸਵੇਰ ਜਦੋਂ ਫੇਸਬੁੱਕ ਵਰਤੀ ਤਾਂ ਕਿਸੇ ਵੀ ਖਬਰਾਂ ਦੇ ਪੇਜਾਂ ਨੂੰ ਨਾ ਖੋਲ਼ ਸਕਣ 'ਤੇ ਕਾਫੀ ਹੈਰਾਨ-ਪ੍ਰੇਸ਼ਾਨ ਹੋਏ।
ਇਸ ਬਾਰੇ ਪੜਤਾਲ ਕਰਨ 'ਤੇ ਜਦੋਂ ਉਨ੍ਹਾਂ ਨੇ ਸੱਚ ਜਾਣਿਆ ਤਾਂ ਫੇਸਬੁੱਕ ਦੀ ਇਸ ਪ੍ਰਤੀਕ੍ਰਿਆ 'ਤੇ ਉਨ੍ਹਾਂ ਵਲੋਂ ਬਹੁਤ ਨਿਰਾਸ਼ਾ ਜਤਾਈ ਗਈ।
ਫ਼ੈਡਰਲ ਸਰਕਾਰ ਦਾ ਪ੍ਰਸਤਾਵਿਤ ਮੀਡੀਆ ਕਾਨੂੰਨ ਜੋ ਪ੍ਰਕਾਸ਼ਕਾਂ ਨੂੰ ਇੰਟਰਨੈਟ ਉੱਤੇ ਖ਼ਬਰਾਂ ਸਾਂਝਾ ਕਰਨ 'ਤੇ ਮੀਡਿਆ ਅਦਾਰਿਆਂ ਨੂੰ ਭੁਗਤਾਨ ਕਰਨ ਲਈ ਮਜਬੂਰ ਕਰੇਗਾ, ਦੀ ਪ੍ਰਤੀਕ੍ਰਿਆ ਵਜੋਂ ਫੇਸਬੁੱਕ ਨੇ ਖ਼ਬਰਾਂ ਦੇ ਪੰਨਿਆਂ ਨੂੰ ਬਿਨਾਂ ਕਿਸੇ ਚੇਤਾਵਨੀ ਹਟਾ ਦਿੱਤਾ ਹੈ।
ਫੇਸਬੁੱਕ ਵਲੋਂ ਲਈ ਇਹ ਬੇਲੋੜੀ ਰੋਕ ਨੇ ਨਾ ਸਿਰਫ਼ ਆਸਟ੍ਰੇਲੀਅਨ ਪ੍ਰਕਾਸ਼ਕਾਂ ਨੂੰ ਨਿਸ਼ਾਨਾ ਬਣਾਇਆ ਬਲਕਿ ਅੰਤਰਰਾਸ਼ਟਰੀ ਖ਼ਬਰਾਂ ਦੇ ਪਸਾਰ ਅਤੇ ਸਾਂਝ 'ਤੇ ਵੀ ਪਾਬੰਦੀ ਲਾ ਦਿੱਤੀ ਹੈ।
ਖ਼ਬਰਾਂ ਨੂੰ ਪੋਸਟ ਕਰਨ ਤੋਂ ਕੰਪਨੀਆਂ ਨੂੰ ਰੋਕਣ ਦੇ ਨਾਲ਼-ਨਾਲ਼ ਵਿਅਕਤੀਗਤ ਉਪਭੋਗਤਾਵਾਂ ਨੂੰ ਉਨ੍ਹਾਂ ਦੀਆਂ ਖਬਰਾਂ ਨੂੰ ਸਾਂਝਾ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ।
ਫੇਸਬੁੱਕ ਤੋਂ ਖ਼ਬਰਾਂ 'ਤੇ ਪਾਬੰਦੀ ਲਗਾਉਣ ਦੇ ਫ਼ੈਸਲੇ ਦਾ ਆਸਟ੍ਰੇਲੀਆ ਵਿੱਚ ਭਰੋਸੇਯੋਗ ਖ਼ਬਰਾਂ ਦੀ ਜਾਣਕਾਰੀ ਨੂੰ ਸਾਂਝਾ ਕਰਨ ਤੇ ਡੂੰਘਾ ਅਸਰ ਪਏਗਾ ਅਤੇ ਅਜਿਹੀਆਂ ਚਿੰਤਾਵਾਂ ਹਨ ਕਿ ਤੋੜ-ਮਰੋੜ ਕੇ ਸੂਚਨਾਵਾਂ ਨੂੰ ਪੇਸ਼ ਕਰਣ ਵਾਲੀਆਂ ਵੈਬਸਾਈਟਾਂ ਨੂੰ ਪ੍ਰਫੁੱਲਤ ਹੋਣ ਦਾ ਮੌਕਾ ਮਿਲ਼ੇਗਾ।
ਸਿਹਤ ਜਾਣਕਾਰੀ ਦੇ ਅਹਿਮ ਸਰੋਤ, ਮੌਸਮ ਵਿਭਾਗ ਅਤੇ ਘਰੇਲੂ ਹਿੰਸਾ ਵਰਗਿਆਂ ਸੇਵਾਵਾਂ ਦੇ ਫੇਸਬੁੱਕ ਪੰਨਿਆਂ ਉੱਤੇ ਵੀ ਰੋਕ ਲਾ ਦਿੱਤੀ ਗਈ ਹੈ।
ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਆਸਟ੍ਰੇਲੀਅਨ ਉਪਭੋਗਤਾਵਾਂ ਨੂੰ ਖਬਰਾਂ ਨੂੰ ਸਾਂਝਾ ਕਰਨ ਜਾਂ ਵੇਖਣ 'ਤੇ ਪਾਬੰਦੀ ਲਗਾਉਣ ਦੇ ਫੇਸਬੁੱਕ ਦੇ "ਹੰਕਾਰੀ" ਕਦਮ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਸਰਕਾਰ ਨੂੰ "ਬਿਗਟੈਕ ਕੰਪਨੀਆਂ ਵਲੋਂ ਡਰਾਇਆ ਨਹੀਂ ਜਾ ਸਕਦਾ।"
ਉਨ੍ਹਾਂ ਨੇ ਵੀਰਵਾਰ ਦੁਪਹਿਰ ਨੂੰ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ, “ਸਿਹਤ ਅਤੇ ਐਮਰਜੈਂਸੀ ਸੇਵਾਵਾਂ ਬਾਰੇ ਜ਼ਰੂਰੀ ਜਾਣਕਾਰੀ ਪ੍ਰਦਾਨ ਕਰ ਰਹੀਆਂ ਸੇਵਾਵਾਂ ਨੂੰ ਬੰਦ ਕਰਕੇ ਫੇਸਬੁੱਕ ਨੇ ਆਪਣੇ ਹੰਕਾਰੀ ਢੰਗ ਨਾਲ਼ ਆਸਟ੍ਰੇਲੀਆ ਨਾਲ਼ ਆਪਣੀ ਦੋਸਤੀ ਦੇ ਰਿਸ਼ਤੇ ਉੱਤੇ ਵੱਡੀ ਘਾਤ ਲਾਈ ਹੈ।"
ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ
