ਹਰ ਸਾਲ 25 ਅਪ੍ਰੈਲ ਨੂੰ ਆਸਟ੍ਰੇਲੀਆ ਵਿੱਚ ਐਨਜ਼ੈਕ ਡੇ ਮਨਾਇਆ ਜਾਂਦਾ ਹੈ। ਸ਼ੁਰੂ ਵਿੱਚ ਇਹ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੀ ਆਰਮੀ ਕੋਰ ਨੂੰ ਸਨਮਾਨਿਤ ਕਰਨ ਲਈ ਨਿਰਧਾਰਿਤ ਕੀਤਾ ਗਿਆ ਸੀ ਜੋ ਪਹਿਲੇ ਵਿਸ਼ਵ ਯੁੱਧ ਦੌਰਾਨ 1915 ਵਿੱਚ ਗੈਲੀਪੋਲੀ ਵਿੱਚ ਲੜੇ ਸਨ।
ਪਰ ਹੁਣ ਇਹ ਯਾਦਗਾਰ ਉਹਨਾਂ ਸਾਰੇ ਆਸਟ੍ਰੇਲੀਆ ਦੇ ਲੋਕਾਂ ਲਈ ਹੈ ਜਿੰਨ੍ਹਾਂ ਨੇ ਯੁੱਧ ਦੌਰਾਨ ਸੇਵਾ ਨਿਭਾਈ ਅਤੇ ਮਾਰੇ ਗਏ।

ਤੁਸੀਂ ਆਪਣੀ ਸਥਾਨਕ ਡੌਨ ਸੇਵਾ ਵਿੱਚ ਸ਼ਾਮਲ ਹੋ ਸਕਦੇ ਹੋ
ਐਨਜ਼ੈਕ ਡੇ ਵਾਲੇ ਦਿਨ ਦੇਸ਼ ਭਰ ਵਿੱਚ ਡੌਨ ਸੇਵਾਵਾਂ ਆਯੋਜਿਤ ਕੀਤੀਆਂ ਜਾਂਦੀਆਂ ਹਨ। ਇਹਨਾਂ ਦੀ ਸ਼ੁਰੂਆਤ ਸਵੇਰੇ 4:30 ਵਜੇ ਹੋ ਜਾਂਦੀ ਹੈ, ਜੋ ਕਿ ਗੈਲੀਪੋਲੀ ਵਿੱਚ ਉਤਰਨ ਦਾ ਸਮ੍ਹਾਂ ਸੀ। ਹਾਲਾਂਕਿ ਆਸਟ੍ਰੇਲੀਆ ਦੇ ਕੁੱਝ ਰਾਜਧਾਨੀ ਸ਼ਹਿਰਾਂ ਵਿੱਚ ਇਹ ਸਮ੍ਹਾਂ ਵੱਖਰਾ ਹੋ ਸਕਦਾ ਹੈ।
ਇਹ ਉਹਨਾਂ ਸਾਰੇ ਲੋਕਾਂ ਨੂੰ ਯਾਦ ਕਰਨ ਦੀ ਰਸਮ ਹੈ ਜੋ ਆਸਟ੍ਰੇਲੀਆ ਨਾਲ ਜੁੜੇ ਯੁੱਧਾਂ ਅਤੇ ਹਥਿਆਰਬੰਦ ਸੰਘਰਸ਼ਾਂ ਵਿੱਚ ਮਾਰੇ ਗਏ ਜਾਂ ਪ੍ਰਭਾਵਿਤ ਹੋਏ।
ਇਸਦੇ ਬਾਅਦ ਅਕਸਰ ‘ਰਿਟਰਨਡ ਐਂਡ ਸਰਵਿਸਿਜ਼ ਲੀਗ ਕਲੱਬਾਂ’ ਵਿੱਚ ‘ਗਨਫਾਇਰ ਬ੍ਰੇਕਫਾਸਟ’ ਹੁੰਦਾ ਹੈ, ਜਿਸ ਵਿੱਚ ਸੌਸੇਜ, ਬਰੈੱਡ ਰੋਲ, ਅੰਡੇ ਅਤੇ ਕਈ ਵਾਰ ਕੌਫੀ ਅਤੇ ਰਮ ਦੇ ਨਾਲ ਇੱਕ ਸਧਾਰਨ 'ਬਾਰਬੀਕਿਉ' ਹੁੰਦਾ ਹੈ।
‘ਗਨਫਾਇਰ ਬ੍ਰੇਕਫਾਸਟ’ ਨਾਮ ਲੜਾਈ ਤੋਂ ਪਹਿਲਾਂ ਸਵੇਰੇ ਸੈਨਿਕਾਂ ਦੁਆਰਾ ਖਾਧੇ ਗਏ ਨਾਸ਼ਤੇ ਨੂੰ ਦਰਸਾਉਂਦਾ ਹੈ।

ਤੁਹਾਡਾ ਸਥਾਨਕ ਐਨਜ਼ੈਕ ਡੇ ਮਾਰਚ
ਸਵੇਰ ਦੇ ਸਮੇਂ ਹੀ ਬਾਅਦ ਵਿੱਚ ਸਾਰੇ ਦੇਸ਼ ਵਿੱਚ ‘ਵੈਟਰਨਜ਼ ਮਾਰਚ’ ਵੀ ਕੀਤੇ ਜਾਂਦੇ ਹਨ।
‘ਆਸਟ੍ਰੇਲੀਅਨ ਵਾਰ ਮੈਮੋਰੀਅਲ’ ਵਿਖੇ ਨੈਸ਼ਨਲ ਕਲੈਕਸ਼ਨ ਦੇ ਅਸਿਸਟੈਂਟ ਡਾਇਰੈਕਟਰ ਦੱਸਦੇ ਹਨ ਕਿ ਅੱਜ ਦੇ ਸਮੇਂ ਵਿੱਚ ਦੂਸਰੇ ਵਿਸ਼ਵ ਯੁੱਧ ਦੇ ਬਹੁਤ ਘੱਟ ਸਾਬਕਾ ਸੈਨਿਕ ਹਨ ਅਤੇ ਜੋ ਹਨ ਉਹ 90ਵੇਂ ਦੇ ਉਮਰ ਦੌਰ ਵਿੱਚ ਹਨ।
ਪਰ ਸਪੱਸ਼ਟ ਤੌਰ ਉੱਤੇ ਕੋਰੀਆ ਅਤੇ ਵੀਅਤਨਾਮ ਵਰਗੇ ਬਾਅਦ ਦੇ ਸੰਘਰਸ਼ਾਂ ਅਤੇ ਸੋਮਾਲੀਆ, ਅਫ਼ਗਾਨਿਸਤਾਨ ਅਤੇ ਇਰਾਕ ਵਰਗੇ ਹੋਰ ਆਧੁਨਿਕ ਸੰਘਰਸ਼ਾਂ ਦੇ ਸਾਬਕਾ ਸੈਨਿਕ ਮੌਜੂਦ ਹਨ ਜਿੱਥੇ ਆਸਟ੍ਰੇਲੀਆ ਦੇ ਸੈਨਿਕਾਂ, ਮਲਾਹਾਂ ਅਤੇ ਹਵਾਈ ਫੌਜੀਆਂ ਨੇ ਸੇਵਾ ਕੀਤੀ ਹੈ।
ਉਹਨਾਂ ਦੱਸਿਆ ਕਿ ਅਜਿਹੇ ਵਿਦੇਸ਼ੀ ਦਲ ਵੀ ਮੌਜੂਦ ਹਨ ਜੋ ਹੋਰ ਯੁੱਧਾਂ ਵਿੱਚ ਲੜੇ ਅਤੇ ਆਸਟ੍ਰੇਲੀਆ ਆ ਗਏ ਸਨ।

ਭਾਗ ਲੈਣ ਲਈ ਕਿੱਥੇ ਜਾ ਸਕਦੇ ਹੋ?
ਹਰੇਕ ਰਾਜਧਾਨੀ ਸ਼ਹਿਰ ਵਿੱਚ ਇੱਕ ਪ੍ਰਮੁੱਖ ‘ਡੌਨ ਸਰਵਿਸ’ ਅਤੇ ‘ਐਨਜ਼ੈਕ ਡੇ ਮਾਰਚ’ ਹੁੰਦਾ ਹੈ। ਕੈਨਬਰਾ ਵਿੱਚ ਯਾਦਗਾਰੀ ਸਮਾਰੋਹ ‘ਆਸਟ੍ਰੇਲੀਅਨ ਵਾਰ ਮੈਮੋਰੀਅਲ’ ਵਿਖੇ ਆਯੋਜਿਤ ਕੀਤਾ ਜਾਂਦਾ ਹੈ। ਸਿਡਨੀ ਵਿੱਚ ਇਹ ‘ਦਾ ਸੇਨੋਟੈਫ਼ ਇਨ ਮਾਰਟਿਨਸ ਪਲੇਸ’ ਵਿਖੇ ਅਤੇ ਮੈਲਬੌਰਨ ਵਿੱਚ ‘ਸ਼ਰਾਈਨ ਆਫ਼ ਰੀਮੇਮਬਰੈਂਸ’ ਵਿਖੇ ਆਯੋਜਿਤ ਕੀਤਾ ਜਾਂਦਾ ਹੈ।
ਡੌਨ ਸਰਵਿਸਿਜ਼, ਗਨਫਾਇਰ ਬ੍ਰੇਕਫਾਸਟ ਅਤੇ ਮਾਰਚ, ‘ਰਿਟਰਨਡ ਐਂਡ ਸਰਵਿਸਿਜ਼ ਲੀਗ ਆਸਟ੍ਰੇਲੀਆ’ ਦੁਆਰਾ ਆਯੋਜਿਤ ਕੀਤੇ ਜਾਂਦੇ ਹਨ। ਇਸ ਲਈ ਤੁਹਾਡੇ ਖੇਤਰ ਵਿੱਚ ਕਿੱਥੇ ਕੀ ਹੋ ਰਿਹਾ ਹੈ ਇਹ ਜਾਣਨ ਦਾ ਸਭ ਤੋਂ ਵਧੀਆ ਤਰੀਕਾ ਹੈ ਆਪਣੇ ਸਥਾਨਕ ਆਰ.ਐਸ.ਐਲ ਕਲੱਬ ਨਾਲ ਸੰਪਰਕ ਕਰਨਾ।
ਵੈਟਰਨਜ਼ ਅਤੇ ਉਹਨਾਂ ਦੇ ਪਰਿਵਾਰ ਅਕਸਰ ਆਪਣੇ ਸਥਾਨਕ ਆਰ.ਐਸ.ਐਲ ਵਿਖੇ ਦਿਨ ਬਿਤਾਉਂਦੇ ਹਨ। ਇਹ ਇੱਕ ‘ਜੂਏ ਦੀ ਖੇਡ ਟੂ-ਅੱਪ’ ਖੇਡਣ ਲਈ ਵਧੀਆ ਜਗ੍ਹਾ ਹੈ। ਇਸ ਨੂੰ ਸਿਰਫ ਐਨਜ਼ੈਕ ਡੇ ਵਾਲੇ ਦਿਨ ਹੀ ਕਾਨੂੰਨੀ ਤੌਰ ਉੱਤੇ ਖੇਡਿਆ ਜਾ ਸਕਦਾ ਹੈ।
ਇਹ ਇੱਕ ਸਧਾਰਨ ਖੇਡ ਹੈ ਜਿੱਥੇ ਸਿੱਕੇ ਸੁੱਟੇ ਜਾਂਦੇ ਹਨ ਅਤੇ ਸੱਟੇਬਾਜ਼ੀ ਕੀਤੀ ਜਾਂਦੀ ਹੈ ਕਿ ਕੀ ਹੈੱਡ ਆਵੇਗਾ ਜਾਂ ਟੇਲ। ਇਨਾਮ ਦੀ ਪੂਲ ਕੀਮਤ ਉਹ ਸਾਰਾ ਪੈਸਾ ਹੁੰਦੀ ਹੈ ਜੋ ਖਿਡਾਰੀਆਂ ਦੁਆਰਾ ਨਿਵੇਸ਼ ਕੀਤੀ ਜਾਂਦਾ ਹੈ।

ਐਨਜ਼ੈਕ ਡੇ ਦੇ ਪ੍ਰਤੀਕ
ਐਨਜ਼ੈਕ ਡੇ ਨਾਲ ਕੁੱਝ ਚਿੰਨ੍ਹ ਵੀ ਜੁੜੇ ਹੋਏ ਹਨ। ਇਸ ਦਿਨ ਲੋਕ ਰੋਜ਼ਮੇਰੀ ਦੀ ਇੱਕ ਟਹਿਣੀ ਨੂੰ ਦਿਨ ਉੱਤੇ ਪਹਿਨਦੇ ਹਨ ਜੋ ਕਿ ਇੱਕ ਜੜੀ ਬੂਟੀ ਹੈ ਜਿਹੜੀ ਗੈਲੀਪੋਲੀ ਪ੍ਰਾਇਦੀਪ ਉੱਤੇ ਉਗਦੀ ਸੀ। ਕੁੱਝ ਲੋਕਾਂ ਵਲੋਂ ਲੋਨ ਪਾਈਨ ਅਤੇ ਗੈਲੀਪੋਲੀ ਗੁਲਾਬ ਦਾ ਵੀ ਪ੍ਰਚਾਰ ਕੀਤਾ ਗਿਆ ਜਿੰਨ੍ਹਾਂ ਦੇ ਬੀਜ ਸਿਪਾਹੀਆਂ ਦੁਆਰਾ ਗੈਲੀਪੋਲੀ ਖੇਤਰ ਤੋਂ ਲਿਆਂਦੇ ਗਏ ਸਨ।
‘ਰੈੱਡ ਪੋਪੀ’ ਇੱਕ ਯੂਰਪੀਅਨ ਮੂਲ ਫੁੱਲ ਹੈ ਜੋ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਜੰਗ ਦੇ ਮੈਦਾਨਾਂ ਵਿੱਚ ਖਿੜਿਆ ਸੀ। ਇਹ ਯੁੱਧ ਵਿੱਚ ਸ਼ਹੀਦ ਹੋਏ ਆਸਟ੍ਰੇਲੀਅਨ ਸੈਨਿਕਾਂ ਦੀ ਯਾਦ ਦਾ ਪ੍ਰਤੀਕ ਬਣ ਗਿਆ ਹੈ।
‘ਓਡ ਆਫ਼ ਰੀਮੇਮਬਰੈਂਸ’ ਇੱਕ ਕਵਿਤਾ ਹੈ ਜੋ ਆਮ ਤੌਰ ਉੱਤੇ ਜੰਗ ਦੇ ਸਮੇਂ ਦੇ ਬਲੀਦਾਨ ਦੀ ਯਾਦ ਵਿੱਚ ਐਨਜ਼ੈਕ ਡੇ ਸੇਵਾਵਾਂ ਵਿੱਚ ਸੁਣਾਈ ਜਾਂਦੀ ਹੈ। ‘ਆਸਟ੍ਰੇਲੀਅਨ ਵਾਰ ਮੈਮੋਰੀਅਲ’ ਦੇ ਸਹਿਯੋਗ ਨਾਲ ਐਸ ਬੀ ਐਸ ਵੱਲੋਂ 45 ਭਾਸ਼ਾਵਾਂ ਵਿੱਚ ‘ਓਡ ਆਫ਼ ਰੀਮੇਮਬਰੈਂਸ’ ਦੇ ਅਨੁਵਾਦ ਰਿਕਾਰਡ ਕੀਤੇ ਗਏ ਹਨ।
ਐਨਜ਼ੈਕ ਬਿਸਕੁਟ ਯਾਦਗਾਰ ਦਾ ਇੱਕ ਹੋਰ ਪ੍ਰਤੀਕ ਹੈ

ਐਨਜ਼ੈਕ ਬਿਸਕੁਟ
ਐਨਜ਼ੈਕ ਬਿਸਕੁਟ ਇੱਕ ਮਿੱਠਾ ਬਿਸਕੁਟ ਹੈ, ਜੋ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਪ੍ਰਸਿੱਧ ਹੈ। ਇਹ ਰੋਲਡ ਓਟਸ, ਆਟਾ, ਖੰਡ, ਮੱਖਣ, ਗੋਲਡਨ ਸਿਰੱਪ, ਬੇਕਿੰਗ ਸੋਡਾ, ਉਬਲਦੇ ਪਾਣੀ ਅਤੇ ਸੁੱਕੇ ਨਾਰੀਅਲ ਦੇ ਮਿਸ਼ਰਣ ਨਾਲ ਬਣਾਇਆ ਜਾਂਦਾ ਹੈ।
ਇਹ ਮੰਨਿਆ ਜਾਂਦਾ ਹੈ ਕਿ ਇਹ ਬਿਸਕੁਟ ਪਤਨੀਆਂ ਅਤੇ ਔਰਤਾਂ ਦੇ ਸਮੂਹਾਂ ਦੁਆਰਾ ਵਿਦੇਸ਼ਾਂ ਵਿੱਚ ਸੈਨਿਕਾਂ ਨੂੰ ਭੇਜੇ ਗਏ ਸਨ ਕਿਉਂਕਿ ਇਸਦੀ ਸਮੱਗਰੀ ਜਲਦੀ ਖ਼ਰਾਬ ਹੋਣ ਵਾਲੀ ਨਹੀਂ ਹੈ ਅਤੇ ਸਮੁੰਦਰੀ ਆਵਾਜਾਈ ਦੌਰਾਨ ਬਿਸਕੁਟ ਪਹੁੰਚਾਉਣੇ ਆਸਾਨ ਸਨ।
READ MORE

How to bake Anzac biscuits at home

ਐਨਜ਼ੈਕ ਡੇ ਬਾਰੇ ਹੋਰ ਜਾਣੋ
‘ਆਸਟ੍ਰੇਲੀਅਨ ਵਾਰ ਮੈਮੋਰੀਅਲ ਦੀ ਵੈਬਸਾਈਟ’ ਉੱਤੇ ਐਨਜ਼ੈਕ ਡੇ ਅਤੇ ਆਸਟ੍ਰੇਲੀਆ ਦੇ ਮਿਲਟਰੀ ਇਤਿਹਾਸ ਬਾਰੇ ਵਧੇਰੇ ਜਾਣਕਾਰੀ ਹੈ। ਤੁਸੀਂ ਵਿਅਕਤੀਗਤ ਤੋਰ ਉੱਤੇ ਵੀ ਕੈਨਬਰਾ ਜਾ ਸਕਦੇ ਹੋ। ਕੁੱਝ ਪ੍ਰਦਰਸ਼ਨੀਆਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।


