ਮੈਲਬੋਰਨ ਯੂਨੀਵਰਸਿਟੀ ਅਤੇ 'ਓਰੀਜਨ ਇੰਸਟੀਚਿਊਟ' ਵਲੋਂ ਹਾਲ ਹੀ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ ਆਸਟ੍ਰੇਲੀਆ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਖੁਦਕੁਸ਼ੀ ਰੋਕਥਾਮ ਪ੍ਰੋਗਰਾਮਾਂ ਦੀ ਵੱਡੀ ਘਾਟ ਹੈ।
'ਵਿਕਟੋਰੀਅਨ ਕੋਰੋਨਰ' ਦੀ 2021 ਦੀ ਇਕ ਰਿਪੋਰਟ ਵਿਚ ਵੀ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਸੀ ਕਿ 2009-2019 ਦੌਰਾਨ ਕੇਵਲ ਵਿਕਟੋਰੀਆ ਵਸਦੇ 47 ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਖੁਦਕੁਸ਼ੀ ਕੀਤੀ ਜਿਨ੍ਹਾਂ ਵਿੱਚੋਂ 37 ਏਸ਼ੀਆਈ ਪਿਛੋਕੜ ਦੇ ਸਨ।
ਇਸ ਅਧਿਐਨ ਤੋਂ ਪਤਾ ਲਗਦਾ ਹੈ ਕਿ ਵਿਦਿਆਰਥੀਆਂ ਨੂੰ ਝੱਲਣੀਆਂ ਪੈਂਦੀਆਂ ਭਾਸ਼ਾ ਸਬੰਧੀ ਮੁਸ਼ਕਲਾਂ, ਵਿਤਕਰੇ ਅਤੇ ਨਸਲਵਾਦ ਦੇ ਅਨੁਭਵ, ਸਮਾਜਿਕ ਇਕੱਲਤਾ, ਵਿੱਤੀ ਮੁੱਦੇ ਅਤੇ ਆਪਣੀ ਪੜ੍ਹਾਈ ਮੁਕੰਮਲ ਕਰਨ ਦਾ ਦਬਾਅ ਇਸ ਦਾ ਮੁੱਖ ਕਾਰਨ ਬਣਦੀਆਂ ਹਨ।
'ਸੁਅਸਾਈਡ ਪ੍ਰੀਵੈਂਨਸ਼ਨ ਫਾਰ ਇੰਟਰਨੈਸ਼ਨਲ ਸਟੂਡੈਂਟਸ: ਏ ਸਕੋਪਿੰਗ ਰਿਵਿਊ' ਦੇ ਪ੍ਰਮੁੱਖ ਲੇਖਕ ਸੈਮੂਅਲ ਮੈਕਕੇ ਦਾ ਵੀ ਮਨਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਾਨਸਿਕ ਸਿਹਤ ਸਬੰਧੀ ਸੇਵਾਵਾਂ ਪ੍ਰਾਪਤ ਕਰਨ ਲਈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇਹ ਪੁੱਛੇ ਜਾਣ 'ਤੇ ਕਿ ਆਸਟ੍ਰੇਲੀਆ ਵਿਚ ਇਸ ਮਸਲੇ ਦਾ ਢੁੱਕਵਾਂ ਹੱਲ ਕਢਣ ਲਈ ਕੀ ਕਰਨ ਦੀ ਲੋੜ ਹੈ, ਸ਼੍ਰੀ ਮੈਕਕੇ ਨੇ ਕਿਹਾ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਮਿਲਣ ਵਾਲਿਆਂ ਸੇਵਾਵਾਂ ਦਾ ਵਿਸਤਾਰ ਅਤੇ ਇਨ੍ਹਾਂ ਨੂੰ ਵਧੇਰੇ ਸੁਚਾਰੂ ਬਣਾਉਣਾ ਸਮੇਂ ਦੀ ਲੋੜ ਹੈ।
"ਮੌਜੂਦਾ ਹਲਾਤਾਂ ਵਿਚ ਭਾਵੇਂ ਵਿਦਿਆਰਥੀਆਂ ਨੂੰ ਯੂਨੀਵਰਸਿਟੀਆਂ ਵਲੋਂ ਕੁੱਝ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ ਪਰ ਖੁਦਕੁਸ਼ੀਆਂ ਉਤੇ ਰੋਕਥਾਮ ਲਾਉਣ ਲਈ ਵਿਦਿਆਰਥੀਆਂ ਲਈ ਉੱਚ ਪੱਧਰੀ ਪੇਸ਼ੇਵਰ ਸੇਵਾਵਾਂ ਦੀ ਉਪਲੱਬਧਤਾ ਇਕ ਬੁਨਿਆਦੀ ਲੋੜ ਹੈ" ਸ਼੍ਰੀ ਮੈਕਕੇ ਨੇ ਕਿਹਾ।
[Readers seeking support and information about suicide prevention can contact Lifeline on 13 11 14, Suicide Call Back Service
on 1300 659 467 and Kids Helpline on 1800 55 1800 (up to age 25). More information about mental health is available at Beyond Blue.]