ਪਰਮਿੰਦਰ 2008 ਵਿੱਚ ਇੱਕ ਅੰਤਰਾਸ਼ਟਰੀ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਏ ਸੀ। ਇਥੇ ਉਨ੍ਹਾਂ ਨੇ 'ਸੋਸ਼ਲ ਵੈਲਫ਼ੇਅਰ' ਵਿਚ ਬੈਚਲਰ ਡਿਗਰੀ ਹਾਸਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਸਥਾਨਕ ਰੈਸਟੋਰੈਂਟ ਵਿੱਚ ਮੈਨੇਜਰ ਵਜੋਂ ਕੰਮ ਕਰਨਾ ਸ਼ੁਰੂ ਕੀਤਾ।
2016 ਵਿੱਚ ਉਨ੍ਹਾਂ ਨੇ ਖੇਤਰੀ ਸਪਾਂਸਰਡ ਵੀਜ਼ਾ (ਸਬਕਲਾਸ 187) ਲਈ ਅਰਜ਼ੀ ਦਿੱਤੀ ਪਰ ਉਨ੍ਹਾਂ ਦੀ ਵੀਜ਼ਾ ਅਰਜ਼ੀ ਰੱਦ ਕਰ ਦਿੱਤੀ ਗਈ। ਪਰਮਿੰਦਰ ਨੇ ਇਸ ਤੋਂ ਬਾਅਦ ਪ੍ਰਵਾਸ ਮੰਤਰੀ ਨੂੰ ਇਸ ਮਾਮਲੇ ਵਿਚ ਦਖ਼ਲ ਦੇਣ ਲਈ ਵੀ ਅਰਜ਼ੀ ਦਿੱਤੀ ਜਿਸ ਵਿਚ ਉਹ ਅਸਫ਼ਲ ਰਹੇ।
ਉਨ੍ਹਾਂ ਕਿਹਾ ਕਿ “ਇਸ ਤੋਂ ਬਾਅਦ ਮੈ 'ਸੋਸ਼ਲ ਵੈਲਫ਼ੇਅਰ' ਖੇਤਰ ਵਿੱਚ ਵਾਪਸ ਜਾਣ ਦਾ ਫੈਸਲਾ ਕੀਤਾ ਅਤੇ ਕੋਵਿਡ ਮਹਾਂਮਾਰੀ ਦੌਰਾਨ ਬਤੌਰ ਇੱਕ 'ਯੂਥ ਵਰਕਰ' ਵਜੋਂ ਵੀ ਨੌਕਰੀ ਕੀਤੀ। ਪਰ ਜਦੋਂ ਮੈਂ ਹੁਨਰ ਦੇ ਮੁਲਾਂਕਣ ਲਈ ਅਰਜ਼ੀ ਦਿੱਤੀ ਤਾਂ ਮੈਨੂੰ ਕਿਹਾ ਗਿਆ ਕਿ ਮੈਨੂੰ ਇਸ ਖੇਤਰ ਵਿੱਚ ਹੋਰ ਦੋ ਸਾਲ ਕੰਮ ਕਰਕੇ ਤਜਰਬਾ ਹਾਸਲ ਕਰਨਾ ਪਵੇਗਾ”।
ਨਵੀਂ ਨੌਕਰੀ ਦੇ ਅਧਾਰ 'ਤੇ ਪਰਮਿੰਦਰ ਨੇ ਦੂਜੀ ਵਾਰੀ ਪ੍ਰਵਾਸ ਮੰਤਰੀ ਨੂੰ ਦਖਲ ਦੇਣ ਲਈ ਅਰਜ਼ੀ ਦਿੱਤੀ ਹੈ ਜਿਸ ਦੇ ਜਵਾਬ ਦੀ ਉਹ ਉਡੀਕ ਕਰ ਰਹੇ ਹਨ।
"ਇਸ ਦੌਰਾਨ ਮੇਰਾ ਵੀਜ਼ਾ 'ਬ੍ਰਿਜਿੰਗ ਵੀਜ਼ਾ ਈ' ਵਿਚ ਤਬਦੀਲ ਕਰ ਦਿਤਾ ਗਿਆ ਜਿਸ ਅਧੀਨ ਮੈਨੂੰ ਸਿਰਫ਼ 31 ਮਈ ਤਕ ਆਸਟ੍ਰੇਲੀਆ ਵਿੱਚ ਕਾਨੂੰਨੀ ਤੌਰ 'ਤੇ ਰਹਿਣ ਦੀ ਇਜਾਜ਼ਤ ਪ੍ਰਦਾਨ ਕੀਤੀ ਗਈ ਹੈ" ਉਨ੍ਹਾਂ ਕਿਹਾ।
ਪਰਿਵਾਰ ਵਲੋਂ ਦੇਸ਼ ਵਿੱਚ ਰਹਿਣ ਦੀ ਇਜਾਜ਼ਤ ਪ੍ਰਾਪਤ ਕਰਨ ਲਈ ਇੱਕ ਪਟੀਸ਼ਨ ਵੀ ਸ਼ੁਰੂ ਕੀਤੀ ਹੈ ਜਿਸ ਨੂੰ ਭਰਵਾਂ ਜਨਤਕ ਸਮਰਥਨ ਮਿਲ਼ ਰਿਹਾ ਹੈ। ਇਸ ਪਟੀਸ਼ਨ 'ਤੇ ਹੁਣ ਤਕ 12,000 ਤੋਂ ਵੱਧ ਦਸਤਖ਼ਤ ਹੋ ਚੁਕੇ ਹਨ।