ਟਰਾਂਸਪੋਰਟ ਵਰਕਰਜ਼ ਯੂਨੀਅਨ ਨੇ ਕੁਆਨਟਸ ਏਯਰਲਾਇਨ ਦੀ ਮਾੜੀ ਸੇਵਾ ਦੀ ਆਲੋਚਨਾ ਕਰਦੇ ਕਿਹਾ ਕੇ 50 ਡਾਲਰ ਦਾ ਡਿਸਕਾਊਂਟ 'ਵਾਊਚਰ' ਇੱਕ ਦਿਖਾਵੇ ਤੋਂ ਇਲਾਵਾ ਕੁਛ ਨਹੀਂ ਹੈ।
ਆਸਟ੍ਰੇਲੀਆ ਦੀ ਇਸ ਸਭ ਤੋਂ ਵੱਡੀ ਏਅਰਲਾਈਨ ਨੂੰ ਉਡਾਣਾਂ ਰੱਦ ਹੋਣ ਜਾਂ ਦੇਰੀ ਲਈ ਅਤੇ ਸਮਾਨ ਦੀ ਦੇਖਭਾਲ ਵਿੱਚ ਅਣਗਹਿਲੀ ਨੂੰ ਲੈ ਕੇ ਯਾਤਰੀਆਂ ਦੇ ਵੱਡੇ ਵਰਗ ਤੋਂ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਰਕੇ ਏਅਰਲਾਈਨ ਨੇ ਡਿਸਕਾਊਂਟ 'ਵਾਊਚਰ' ਦੇਣ ਦਾ ਫ਼ੈਸਲਾ ਕੀਤਾ ਸੀ।
ਟਰਾਂਸਪੋਰਟ ਵਰਕਰਜ਼ ਯੂਨੀਅਨ ਦੇ ਰਾਸ਼ਟਰੀ ਸਕੱਤਰ ਮਾਈਕਲ ਕੈਨ ਨੇ 1600 'ਬੈਗੇਜ ਹੈਂਡਲਰਾਂ' ਨੂੰ ਗੈਰ-ਕਾਨੂੰਨੀ ਤੌਰ 'ਤੇ ਬਰਖਾਸਤ ਕਰਨ ਲਈ ਏਅਰਲਾਈਨ ਦੀ ਆਲੋਚਨਾ ਕੀਤੀ ਅਤੇ ਕਿਹਾ ਕੇ ਇਸ ਮਾੜੀ ਕਾਰਗੁਜ਼ਾਰੀ ਪਿੱਛੇ ਇਹ ਇੱਕ ਵੱਡਾ ਕਾਰਣ ਹੈ।
ਕੁਆਨਟਸ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਲਨ ਜੋਇਸ ਨੇ ਇਸ ਮਸਲੇ ਤੇ ਏਅਰਲਾਈਨਜ਼ ਵਲੋਂ ਮੁਆਫੀ ਮੰਗੀ ਅਤੇ ਕਿਹਾ ਕਿ ਏਅਰਲਾਈਨ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਸਖਤ ਮਿਹਨਤ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਕੁਆਂਨਟਾਸ ਨੇ ਯਾਤਰਾ ਦੇ ਤਜ਼ਰਬੇ ਨੂੰ ਸੁਚਾਰੂ ਬਣਾਉਣ ਲਈ ਵਾਧੂ 1,500 ਸਟਾਫ ਨਿਯੁਕਤ ਵੀ ਕੀਤਾ ਹੈ ਅਤੇ ਉਡਾਣਾਂ ਦੀ ਸਮਾਂ-ਸਾਰਣੀ ਵਿੱਚ ਅਹਿਮ ਤਬਦੀਲੀਆਂ ਕੀਤੀਆਂ ਹਨ।